ਟਕਸਾਲੀ ਆਗੂਆਂ ਨੇ ਕੈਪਟਨ ਕੋਲ ਪ੍ਰਗਟਾਏ ਰੋਸੇ

ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅੱਜ ਪੰਜਾਬ ਦੇ ਸ਼ਹਿਰੀ ਖੇਤਰ ਦੇ ਟਕਸਾਲੀ ਕਾਂਗਰਸੀ ਨੇਤਾਵਾਂ ਨੇ ਖਰੀਆਂ ਖਰੀਆਂ ਸੁਣਾਈਆਂ ਹਨ। ਮੁੱਖ ਮੰਤਰੀ ਕੋਲ ਦੁਪਹਿਰ ਦੇ ਖਾਣੇ ’ਤੇ ਪੁੱਜੇ ਇਨ੍ਹਾਂ ਆਗੂਆਂ ਨੇ ਆਪੋ ਆਪਣੇ ਢਿੱਡ ਫਰੋਲੇ। ਸ਼ਹਿਰੀ ਨੇਤਾਵਾਂ ਨੇ ਜਿੱਥੇ ਆਪੋ ਆਪਣੇ ਹਲਕੇ ਦੇ ਵਿਧਾਇਕਾਂ ਅਤੇ ਵਜ਼ੀਰਾਂ ’ਤੇ ਤਵੇ ਲਾਏ, ਉਥੇ ਇਹ ਸ਼ਿਕਵਾ ਵੀ ਕੀਤਾ ਕਿ ਸੂਬਾ ਸਰਕਾਰ ਨੇ ਟਕਸਾਲੀ ਆਗੂਆਂ ਨੂੰ ਸਵਾ ਚਾਰ ਸਾਲਾਂ ਤੋਂ ਖੂੰਜੇ ਲਾਈ ਰੱਖਿਆ। ਇਨ੍ਹਾਂ ਆਗੂਆਂ ਨੇ ਅਫ਼ਸਰਸ਼ਾਹੀ ਖ਼ਿਲਾਫ਼ ਵੀ ਭੜਾਸ ਕੱਢੀ।

ਮੁੱਖ ਮੰਤਰੀ ਨੂੰ ਅੱਜ ਇਸ ਪਲੇਠੀ ਮੀਟਿੰਗ ’ਚ ਚਾਨਣ ਹੋਇਆ ਕਿ ਸ਼ਹਿਰਾਂ ਦੇ ਆਗੂ ਕਿੰਨੇ ਭਰੇ ਪੀਤੇ ਬੈਠੇ ਸਨ। ਪੰਜਾਬ ਭਰ ’ਚੋਂ ਦਰਜਨਾਂ ਸ਼ਹਿਰੀ ਆਗੂ, ਜਿਨ੍ਹਾਂ ਵਿਚ ਸਾਬਕਾ ਵਿਧਾਇਕ ਤੇ ਸਾਬਕਾ ਮੰਤਰੀ ਵੀ ਸ਼ਾਮਲ ਸਨ, ਇਸ ਮੀਟਿੰਗ ਵਿਚ ਪੁੱਜੇ ਹੋਏ ਸਨ। ਮੀਟਿੰਗ ਵਿਚ ਵਿੱਤ ਮੰਤਰੀ ਮਨਪ੍ਰੀਤ ਬਾਦਲ, ਮੰਤਰੀ ਬ੍ਰਹਮ ਮਹਿੰਦਰਾ, ਵਜ਼ੀਰ ਭਾਰਤ ਭੂਸ਼ਨ ਆਸ਼ੂ, ਸੁੰਦਰ ਸ਼ਾਮ ਅਰੋੜਾ, ਵਿਜੈਇੰਦਰ ਸਿੰਗਲਾ, ਮੰਤਰੀ ਓ.ਪੀ.ਸੋਨੀ ਅਤੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਸ਼ਾਮਲ ਸਨ।

ਦੁਪਹਿਰ ਦੀ ਦਾਅਵਤ ਦੌਰਾਨ ਏਜੰਡਾ ਇਹ ਰਿਹਾ ਕਿ ਆਉਂਦੇ ਚਾਰ ਮਹੀਨਿਆਂ ਵਿਚ ਸ਼ਹਿਰਾਂ ਦੇ ਵਿਕਾਸ ਲਈ ਕੀ ਕੀ ਕੀਤਾ ਜਾ ਸਕਦਾ ਹੈ। ਲੋਕਾਂ ਦੀਆਂ ਮੁਸ਼ਕਲਾਂ ਕਿਵੇਂ ਦੂਰ ਕਰਨੀਆਂ ਹਨ ਤਾਂ ਜੋ ਕਾਂਗਰਸੀ ਉਮੀਦਵਾਰਾਂ ਨੂੰ ਹਲਕਿਆਂ ਵਿਚ ਜਾਣ ਸਮੇਂ ਕਿਸੇ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਮੀਟਿੰਗ ਸ਼ੁਰੂ ਹੁੰਦੇ ਹੀ ਟਕਸਾਲੀ ਨੇਤਾਵਾਂ ਨੇ ਹੱਥ ਜੋੜ ਮੁੱਖ ਮੰਤਰੀ ਦਾ ਧੰਨਵਾਦ ਕੀਤਾ ਕਿ ਉਨ੍ਹਾਂ ਨੇ ਸਵਾ ਚਾਰ ਸਾਲਾਂ ਮਗਰੋਂ ਮੁਲਾਕਾਤ ਦਾ ਮੌਕਾ ਦਿੱਤਾ।

ਸਾਬਕਾ ਵਿਧਾਇਕ ਅਸ਼ਵਨੀ ਸੇਖੜੀ ਨੇ ਖੁੱਲ੍ਹ ਕੇ ਕਿਹਾ ਕਿ ਹਲਕੇ ਅੰਦਰ ਉਨ੍ਹਾਂ ਦੀ ਕੋਈ ਸੁਣਵਾਈ ਤਾਂ ਕੀ ਹੋਣੀ ਸੀ ਬਲਕਿ ਉਨ੍ਹਾਂ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ। ਉਨ੍ਹਾਂ ਸਾਫ ਆਖਿਆ ਕਿ ਇੱਥੇ ਬੰਦਿਆਂ ਦੀ ਪਰਖ ਨਹੀਂ। ਐੱਸਐੱਸਐੱਸ ਬੋਰਡ ਦੇ ਚੇਅਰਮੈਨ ਰਮਨ ਬਹਿਲ ਨੇ ਕਿਹਾ ਕਿ ਵਿਧਾਇਕਾਂ ਤੇ ਵਜ਼ੀਰਾਂ ਤੋਂ ਬਿਨਾਂ ਕਿਸੇ ਦੀ ਕੋਈ ਕਦਰ ਨਹੀਂ ਹੈ। ਮੋਗਾ ਤੋਂ ਕਾਂਗਰਸੀ ਆਗੂ ਮਾਲਤੀ ਥਾਪਰ ਨੇ ਕਿਹਾ ਕਿ ਸਰਕਾਰ ਅੰਦਰ ਟਕਸਾਲੀ ਆਗੂ ਨਜ਼ਰਅੰਦਾਜ਼ ਹੋਏ ਹਨ ਜਦੋਂ ਕਿ ਪਲੈਨਿੰਗ ਬੋਰਡ ਫਰੀਦਕੋਟ ਦੇ ਚੇਅਰਮੈਨ ਪਵਨ ਗੋਇਲ ਨੇ ਜੈਤੋ ਵਿਚਲੀ ਜਵਾਹਰਲਾਲ ਨਹਿਰੂ ਦੀ ਯਾਦਗਾਰ ਦਾ ਮਸਲਾ ਚੁੱਕਿਆ ਅਤੇ ਹਲਕੇ ਦੀਆਂ ਮੰਗਾਂ ਤੋਂ ਮੁੱਖ ਮੰਤਰੀ ਨੂੰ ਜਾਣੂ ਕਰਵਾਇਆ। ਬਠਿੰਡਾ ਤੋਂ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਕੇ.ਕੇ .ਅਗਰਵਾਲ ਨੇ ਮੁੱਖ ਮੰਤਰੀ ਨੂੰ ਹਲਕੇ ’ਚ ਚੱਲ ਰਹੇ ਵਿਕਾਸ ਕੰਮਾਂ ਤੋਂ ਜਾਣੂ ਕਰਾਇਆ। ਆੜ੍ਹਤੀਆ ਐਸੋੋਸੀਏਸ਼ਨ ਦੇ ਪ੍ਰਧਾਨ ਵਿਜੈ ਕਾਲੜਾ ਨੇ ਸਾਫ ਲਫਜ਼ਾਂ ਵਿਚ ਅਫ਼ਸਰਸ਼ਾਹੀ ਨੂੰ ਨਿਸ਼ਾਨੇ ’ਤੇ ਲਿਆ। ਉਨ੍ਹਾਂ ਕਿਹਾ ਕਿ ਪਾਰਟੀ ਆਗੂਆਂ ਅਤੇ ਵਰਕਰਾਂ ਦੀ ਸਰਕਾਰੀ ਦਫ਼ਤਰਾਂ ਵਿਚ ਕੋਈ ਪੁੱਛ ਨਹੀਂ ਹੈ। ਮੁੱਖ ਮੰਤਰੀ ਨੇ ਠਰ੍ਹੰਮੇ ਨਾਲ ਸਭ ਨੂੰ ਸੁਣਿਆ ਤੇ ਅਖੀਰ ਵਿਚ ਭਰੋਸਾ ਦਿੱਤਾ ਕਿ ਸਭ ਸ਼ਿਕਾਇਤਾਂ ਦੂਰ ਹੋਣਗੀਆਂ।

Leave a Reply

Your email address will not be published. Required fields are marked *