ਜੇ ਮੁੰਡਿਆ ਸਾਡੀ ਤੋਰ ਤੂੰ ਵੇਖਣੀ !-ਮਨਦੀਪ ਕੌਰ ਭੰਡਾਲ ਲੰਡਨ ਤੋਂ

ਵਾਹ ! ਕਿੰਨੇ ਖ਼ੂਬਸੂਰਤ ਬੋਲ ਹਨ ਅਤੇ ਸੱਚਮੁੱਚ ਹੀ ਸੁਣਨ ਵਾਲੇ ਦੇ ਕੰਨਾਂ ਵਿੱਚ ਮਿਸ਼ਰੀ ਘੋਲ ਦਿੰਦੇ ਹਨ । ਪੰਜਾਬੀ ਮਾਂ ਬੋਲੀ ਦੀ ਕੌਣ ਰੀਸ ਕਰ ਸਕਦਾ ਹੈ ? ਜਿਸ ਵਿੱਚ “ਤੋਰ” ਨੂੰ ਵੀ ਬਹੁਤ ਸੁੰਦਰਤਾ ਨਾਲ ਪੇਸ਼ ਕੀਤਾ ਗਿਆ ਹੈ । ਇਹ ਮਹਿਜ਼ ਇੱਕ ਬੋਲੀ ਨਹੀਂ ਹੈ ਬਲਕਿ ਪੰਜਾਬੀ ਮੁਟਿਆਰ ਦੇ ਸੁਭਾਅ ਵਿਚਲੇ ਨਖ਼ਰੇ ਦੀ ਤਰਜਮਾਨੀ ਕਰਦੀ ਹੋਈ ਇੱਕ ਅਜਿਹੀ ਲੋਕ ਕਿਰਤ ਹੈ ਜਿਹੜੀ ਪੰਜਾਬੀ ਮੁਟਿਆਰ ਦੀ ਮਿੱਠੀ ਜਿਹੀ ਆਕੜ ਦਾ ਪ੍ਰਗਟਾਵਾ ਕਰਦੀ ਹੈ । ਹੋਵੇ ਵੀ ਕਿਓ ਨਾ ਜਿੱਥੇ ਨਖ਼ਰੇ ਵਾਲੀ ਮੁਟਿਆਰ ਜਾ ਰਹੀ ਹੋਵੇ ਤਾਂ ਚਾਂਦੀ ਦਾ ਗੜਵਾ ਕੀ ਵੱਡੀ ਗੱਲ ਹੈ ! ਬੋਲੀ ਵਿੱਚ ਤੋਰ ਦੀ ਪ੍ਰਧਾਨਤਾ ਨੇ ਚਾਂਦੀ ਦੇ ਗੜਵੇ ਤੇ ਕਾਟਾ ਜਿਹਾ ਮਾਰ ਦਿੱਤਾ ਲੱਗਦਾ ਹੈ । ਇਹ ਮੜਕ ਪੰਜਾਬੀ ਮੁਟਿਆਰ ਦੀ ਸ਼ਖ਼ਸ਼ੀਅਤ ਦੀ ਖ਼ਾਸੀਅਤ ਹੁੰਦੀ ਹੈ ਜਿਹੜੀ ਕਿ ਉਸਨੂੰ ਆਜ਼ਾਦੀ ਨਾਲ ਤੁਰਨ ਲਈ ਪ੍ਰੇਰਿਤ ਤਾਂ ਕਰਦੀ ਹੀ ਹੈ ਸਗੋਂ ਵੱਖਰੀ ਜਿਹੀ ਅਦਾ ਰੱਖਣ ਲਈ ਵੀ ਹੱਲਾਸ਼ੇਰੀ ਦਿੰਦੀ ਹੈ । ਮਾਣਮੱਤੀ ਪੰਜਾਬਣ ਦੀ ਤੋਰ ਕਿਸੇ “ਕੈਟ ਵਾਕ” ਤੋਂ ਘੱਟ ਨਹੀਂ ਹੁੰਦੀ ਜਿਸ ਦੇ ਉੱਤੇ ਹੇਠ ਲਿਖੀ ਬੋਲੀ ਹੋਰ ਵੀ ਚਾਨਣ ਪਾਉਂਦੀ ਹੈ :-
ਜੁੱਤੀ ਖੱਲ ਦੀ ਮਰੋੜਾ ਨਹੀਂ ਝੱਲ ਦੀ,
ਤੋਰ ਪੰਜਾਬਣ ਦੀ !
ਪੁਰਾਣੇ ਸਮਿਆਂ ਵਿੱਚ ਚੱਕੀ ਪੀਹਣ ਅਤੇ ਦੁੱਧ ਰਿੜਕਣ ਵਾਲੀ ਮੁਟਿਆਰ ਦਾ ਤੂਤ ਦੀ ਲਗਰ ਨਾਲ ਤੁਲਨਾਇਆ ਜਾਣਾ ਕੋਈ ਅਤਿਕਥਨੀ ਨਹੀਂ ਕਹਿ ਸਕਦੇ ਕਿਉਂਕਿ ਹੱਡ-ਭੰਨਵੀਂ ਮਿਹਨਤ ਨੇ ਵਾਕਿਆ ਹੀ ਸਰੀਰਕ ਫਿਟਨੈੱਸ ਦੀ ਤਹਿ ਲਾਈ ਹੋਈ ਸੀ । ਇਹੀ ਕਾਰਨ ਹੈ ਕਿ ਉਸ ਸਮੇਂ ਦਾ ਸਿਰਜਿਆ ਗਿਆ ਸਾਹਿਤ ਓਦੋਂ ਦੇ ਲੋਕਾਂ ਦੇ ਰਹਿਣ-ਸਹਿਣ ਨਾਲ ਪੂਰਾ ਮੇਲ ਵੀ ਖਾਂਦਾ ਸੀ ਤੇ ਸਾਰਥਕ ਵੀ ਸੀ । ਪੁਰਾਣੇ ਸਮਿਆਂ ਵਿੱਚ ਜਿਹੜੇ ਕੰਮ ਅਸਲੀਅਤ ਵਿੱਚ ਨਿਭਦੇ ਸਨ ਅੱਜਕੱਲ੍ਹ ਓਹ ਤਸਵੀਰਾਂ, ਕਿਤਾਬਾਂ, ਅਜਾਇਬ ਘਰਾਂ ਅਤੇ ਡਰਾਇੰਗ ਰੂਮਾਂ ਦਾ ਸ਼ਿੰਗਾਰ ਬਣ ਚੁੱਕੇ ਹਨ । ਅੱਜਕੱਲ੍ਹ ਘਰੇਲੂ ਕੰਮਾਂ ਨਾਲ ਸੰਬੰਧਿਤ ਤੋਰਾ-ਫੇਰਾ ਘਟ ਗਿਆ ਹੋਣ ਕਰਕੇ ਦੁਨੀਆਂ ਦੀ ਅੱਗੇ ਨਿਕਲਣ ਦੀ ਦੌੜ ਨੇ ਪੁਰਾਣੀ ਮੜਕਵੀਂ ਤੋਰ ਦੇ ਭਾਵ ਅਰਥਾਂ ਵਿੱਚ ਫ਼ਰਕ ਪਾ ਦਿੱਤਾ ਹੈ । ਇਹ ਪਾੜਾ ਅੱਜ ਤੇ ਕੱਲ੍ਹ ਵਿੱਚ ਸਾਫ਼ ਦਿਖਾਈ ਵੀ ਦਿੰਦਾ ਹੈ । ਜਿੰਮਾਂ ਵਿੱਚ ਜਾ ਕੇ ਸਰੀਰ ਨੂੰ ਓਹ ਗਰਮੀ ਨਹੀਂ ਆ ਸਕਦੀ ਜਿਹੜੀ ਭੱਤਾ ਲੈ ਕੇ ਜਾਂਦੀ ਮੁਟਿਆਰ ਨੂੰ ਆਉਂਦੀ ਸੀ । ਪਾਣੀ ਦੇ ਦੋ-ਦੋ ਘੜੇ ਚੁੱਕਣ ਵਾਲੀਆਂ ਮੁਟਿਆਰਾਂ ਦੀ ਤੋਰ ਦੀ ਤਾਂ ਗੱਲ ਹੀ ਛੱਡ ਦਿਓ !! ਕਮਾਲ ਦਾ Balance ਬਣਾ ਸਕਦੀਆਂ ਸੀ । ਇੱਕੋ ਹੀ ਸਮੇਂ Balance, weight ਅਤੇ Walk ਦਾ ਤ੍ਰਿਕੋਣ ਕਮਾਲ ਦੀ ਝਾਕੀ ਦਿਖਾਉਂਦਾ ਹੈ । ਇਹ ਦ੍ਰਿਸ਼ ਮੈਂ ਆਪਣੀ ਤਾਈ ਦਾ ਦੇਖਿਆ ਹੈ । ਪੱਕੇ ਰੰਗ ਦੀ ਮੇਰੀ ਤਾਈ ਜਦੋਂ ਸਿਰ ਕੇ ਇੰਨੂ ਰੱਖ ਤੇ ਘੜੇ ਲੈ ਕੇ ਖੇਤਾਂ ਨੂੰ ਤੁਰੀ ਜਾਂਦੀ ਹੁੰਦੀ ਸੀ ਅੰਤਾਂ ਦੀ ਖ਼ੂਬਸੂਰਤ ਲੱਗਦੀ ਸੀ । ਕੁਦਰਤ ਦਾ ਹੱਥ ਫੜ ਕੇ ਭੱਤਾ ਲੈ ਕੇ ਜਾਂਦੀ ਸਵਾਣੀ ਦੀ ਤੋਰ ਕਿਸੇ ਨਵਾਬੀ ਤੋਰ ਤੋਂ ਘੱਟ ਨਹੀਂ ਹੁੰਦੀ ਸੀ । ਅਜਿਹੀ ਤੋਰ ਤੁਰਦੀ ਹੋਈ ਮੁਟਿਆਰ ਬਿਨਾ ਸ਼ੱਕ ਦੇਖਣ ਵਾਲੇ ਦੇ “ਪੈਰ ਚੁੱਕਣ” ਦੀ ਗੁਸਤਾਖ਼ੀ ਕਰ ਹੀ ਜਾਂਦੀ ਸੀ ।ਇਸ ਆਕਰਸ਼ਣ ਦਾ ਮੁਟਿਆਰ ਨੂੰ ਵੀ ਪਤਾ ਹੁੰਦਾ ਸੀ । ਇਸੇ ਕਰਕੇ ਉਸਦੇ ਮਨ ਦੇ ਭਾਵ ਬੋਲੀ ਦੇ ਰੂਪ ਵਿੱਚ ਸੁਭਾਵਿਕ ਹੀ ਪੰਜਾਬੀ ਸੱਭਿਆਚਾਰ ਦੀ ਹਿੱਕ ਤੇ ਉੱਕਰੇ ਗਏ ਹਨ:-
“ਜੇ ਮੁੰਡਿਆ ਤੂੰ ਮੇਰੀ ਤੋਰ ਵੇ ਵੇਖਣੀ,
ਗੜਵਾ ਲੈ ਦੇ ਚਾਂਦੀ ਦਾ,
ਵੇ ਲੱਕ ਹਿੱਲੇ ਮਜਾਜਣ ਜਾਂਦੀ ਦਾ ।”
ਅੱਜਕੱਲ ਦੀ ਮੁਟਿਆਰ ਕਿਤੇ ਨਾ ਕਿਤੇ ਦਫ਼ਤਰਾਂ ਅਤੇ ਘਰਾਂ ਦੇ ਕੰਮਾਂ ਵਿੱਚ ਲੱਗਦਾ ਤੋਰ ਹੀ ਭੁੱਲਦੀ ਹੋਈ ਜਾਪ ਰਹੀ ਹੈ । ਫੇਰ ਵੀ ਕਈ ਮੁਟਿਆਰਾਂ ਅੱਜ ਵੀ ਸੋਹਣੀ ਤੋਰ ਦਾ ਹੁਨਰ ਰੱਖਦੀਆਂ ਹਨ ਓਹਨਾਂ ਵਿੱਚੋਂ ਮੇਰੀ ਭੈਣ ਰਮਨਦੀਪ ਵੀ ਜਦ ਤੁਰਦੀ ਹੈ ਤਾਂ ਗੀਤ ਦੇ ਬੋਲ ਆਪ-ਮੁਹਾਰੇ ਮੂੰਹੋਂ ਨਿਕਲ ਜਾਂਦੇ ਹਨ :-
“ਸਿੱਖ ਲੈ ਕਲੈਹਰੀਆ ਮੋਰਾ ਵੇ ਤੁਰਨਾ ਤੋਰ ਪੰਜਾਬਣ ਦੀ !”

ਕਦੇ-ਕਦੇ ਮੈਂ ਵੀ ਖਿਆਲਾਂ ਵਿੱਚ ਆਪਣੇ ਪਿੰਡ ਮੋਹਨਪੁਰ ਦੀ ਖੇਤਾਂ ਵਾਲੀ ਕੱਚੀ ਸੜਕ ਤੇ ਪਹੁੰਚ ਜਾਂਦੀ ਹਾਂ । ਓਸੇ ਰਵਾਨਗੀ ਵਿੱਚ ਤੁਰਨ ਦਾ ਸੁਪਨਾ ਲੈਂਦੀ ਹੋਈ ਲੰਡਨ ਦੀਆਂ ਸੜਕਾਂ ਦੇ ਉੱਤੇ ਜਾਂਦੀ- ਜਾਂਦੀ ਯਾਦਾਂ ਵਿੱਚ ਖੋ ਜਾਂਦੀ ਹਾਂ । ਕਾਸ਼ ! ਮੈਂ ਵੀ ਓਸ ਪੇਂਡੂ ਰੈਂਪ ਤੇ ਦੇਸੀ ਕੈਟ-ਵਾਕ ਦੀ ਖੁਵਾਹਿਸ਼ ਛੇਤੀ ਪੂਰੀ ਕਰ ਸਕਾਂ ।

Leave a Reply

Your email address will not be published. Required fields are marked *