ਟਿਕਰੀ ਮੋਰਚੇ ’ਤੇ ਕਿਸਾਨਾਂ ਨੂੰ ਕਰੋਨਾ ਦਾ ਟੀਕਾ ਲਾਉਣਾ ਸ਼ੁਰੂ

ਨਵੀਂ ਦਿੱਲੀ: ਦਿੱਲੀ ਦੀਆਂ ਹੱਦਾਂ ’ਤੇ ਚੱਲ ਰਹੇ ਕਿਸਾਨੀ ਮੋਰਚਿਆਂ ’ਤੇ ਕਿਸਾਨਾਂ ਨੂੰ ਕਰੋਨਾ ਤੋਂ ਬਚਾਅ ਦੇ ਟੀਕੇ ਲਾਉਣ ਦਾ ਕੰਮ ਅੱਜ ਟਿਕਰੀ ਹੱਦ ਤੋਂ ਸ਼ੁਰੂ ਹੋ ਗਿਆ। ਇਸ ਤਹਿਤ ਪੰਜਾਬ ਸਰਕਾਰ ਦੀ ਮੁਹਾਲੀ ਦੀ ਟੀਮ ਕਿਸਾਨਾਂ ਦੇ ਕਰੋਨਾ ਰੋਕੂ ਟੀਕੇ ਲਾਉਣ ਲਈ ਟਿਕਰੀ ਪੁੱਜੀ ਜਿੱਥੇ ਡਾ. ਸਵੈਮਾਨ ਸਿੰਘ ਤੇ ਹੋਰਨਾਂ ਦੀ ਅਗਵਾਈ ਹੇਠ ‘ਪਿੰਡ ਕੈਲੀਫੋਰਨੀਆ’ ਵਿੱਚ 5 ਰਿਵਰਸ ਹਾਰਟ ਐਸੋਸੀਏਸ਼ਨ ਦੇ ਸਹਿਯੋਗ ਨਾਲ ਇਹ ਟੀਕਾਕਰਨ ਸ਼ੁਰੂ ਹੋਇਆ।

ਪਹਿਲੇ ਦਿਨ 48 ਲੋਕਾਂ ਦੇ ਟੀਕੇ ਲਾਏ ਗਏ। ਪੰਜਾਬ ਸਰਕਾਰ ਵੱਲੋਂ 1500 ਦੀ ਪਹਿਲੀ ਖੇਪ ਭੇਜੀ ਗਈ ਤੇ ਅੱਗੋਂ ਵੀ 1500-1500 ਗਿਣਤੀ ਵਿੱਚ ਟੀਕੇ ਭੇਜੇ ਜਾਣਗੇ। ਡਾ. ਸਵੈਮਾਨ ਸਿੰਘ ਨੇ ਦੱਸਿਆ ਕਿ ਕੋਵਿਡ-19 ਦੇ ਨੇਮਾਂ ਦੀ ਪਾਲਣਾ ਕਰਦੇ ਹੋਏ ਟੀਕੇ ਲਾਏ ਗਏ ਹਨ। ਉਨ੍ਹਾਂ ਦੱਸਿਆ ਕਿ ਪੰਜਾਬ, ਹਰਿਆਣਾ ਤੇ ਦਿੱਲੀ ਦੀਆਂ ਸਰਕਾਰਾਂ ਨੂੰ ਅਪੀਲ ਕੀਤੀ ਗਈ ਸੀ ਪਰ ਆਖ਼ਰਕਾਰ ਪੰਜਾਬ ਸਰਕਾਰ ਵੱਲੋਂ ਇਸ ਵਿੱਚ ਸਹਿਯੋਗ ਦਿੱਤਾ ਗਿਆ। ਕੋਸ਼ਿਸ਼ ਹੋਵੇਗੀ ਕਿ ਦੋਵੇਂ ਖੁਰਾਕਾਂ ਇੱਥੇ ਹੀ ਦਿੱਤੀਆਂ ਜਾਣ। ਸੰਯੁਕਤ ਮੋਰਚੇ ਦੇ ਟਿਕਰੀ ਤੋਂ ਆਗੂ ਸੁਰਿੰਦਰ ਸਿੰਘ ਨੇ ਕਿਹਾ ਕਿ ਬੀਤੇ ਦਿਨ ਮੋਰਚੇ ਦੀ ਮੀਟਿੰਗ ਕੀਤੀ ਗਈ ਜਿਸ ਵਿੱਚ ਡਾ. ਸਵੈਮਾਨ ਸਿੰਘ ਵੀ ਸ਼ਾਮਲ ਹੋਏ ਸਨ ਤੇ ਉਨ੍ਹਾਂ ਟੀਕਾਕਰਨ ਵਿੱਚ ਮਦਦ ਦੀ ਅਪੀਲ ਕੀਤੀ ਸੀ। ਜਿਸ ਮਗਰੋਂ ਪੰਜਾਬ ਸਰਕਾਰ ਤੋਂ ਟੀਕੇ ਮੰਗਵਾਏ ਗਏ ਤੇ ਅੱਜ ਲਾਉਣੇ ਸ਼ੁਰੂ ਹੋਏ। ਸੁਰਿੰਦਰ ਸਿੰਘ ਨੇ ਕਿਹਾ ਕਿ ਜਿਸ ਕਿਸਾਨ ਨੇ ਟੀਕਾ ਲਾਉਣਾ ਹੋਵੇ ਉਹ ਲਗਵਾ ਸਕਦਾ ਹੈ।

Leave a Reply

Your email address will not be published. Required fields are marked *