ਹਾਈਕਮਾਨ ਦੇ ‘ਫ਼ਾਰਮੂਲੇ’ ਨਾਲ ਕੈਪਟਨ ਸਹਿਮਤ

ਚੰਡੀਗੜ੍ਹ: ਕਾਂਗਰਸ ਹਾਈ ਕਮਾਨ ਦੇ ‘ਪੰਜਾਬ ਫ਼ਾਰਮੂਲਾ’ ਨੂੰ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਹਿਮਤੀ ਦੇ ਦਿੱਤੀ ਹੈ ਜਿਸ ਪਿੱਛੋਂ ਹੁਣ ਪੰਜਾਬ ਕਾਂਗਰਸ ਦੇ ਘਰੇਲੂ ਕਲੇਸ਼ ਨੂੰ ਸਮੇਟਣ ਲਈ ਰਾਹ ਮੋਕਲਾ ਹੋ ਗਿਆ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸ਼ਾਮ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨਾਲ ਕਰੀਬ ਡੇਢ ਘੰਟਾ ਮੁਲਾਕਾਤ ਕੀਤੀ ਜਿਸ ’ਚ ਖੜਗੇ ਕਮੇਟੀ ਦੇ ਚੇਅਰਮੈਨ ਮਲਿਕਾਰਜੁਨ ਖੜਗੇ ਨੇ ਵੀ ਸ਼ਮੂਲੀਅਤ ਕੀਤੀ। ਮੁੱਖ ਮੰਤਰੀ ਨੇ ਹੁਣ ਗੇਂਦ ਹਾਈਕਮਾਨ ਦੇ ਪਾਲੇ ਵਿਚ ਸੁੱਟ ਦਿੱਤੀ ਹੈ ਜਦੋਂ ਕਿ ਨਵਜੋਤ ਸਿੱਧੂ ਦਾ ਰੇੜਕਾ ਹਾਲੇ ਅੱਧ ਵਿਚਾਲੇ ਹੈ।

ਕਾਂਗਰਸ ਹਾਈਕਮਾਨ ਦੀ ਇਸ ਮੀਟਿੰਗ ਨਾਲ ਹੁਣ ਪੰਜਾਬ ਵਜ਼ਾਰਤ ਵਿਚ ਰੱਦੋਬਦਲ ਅਤੇ ਪੰਜਾਬ ਕਾਂਗਰਸ ਦੇ ਪੁਨਰਗਠਨ ਲਈ ਰਾਹ ਪੱਧਰਾ ਹੋ ਗਿਆ ਹੈ। ਸਿਆਸੀ ਹਲਕਿਆਂ ਦੀਆਂ ਨਜ਼ਰਾਂ ਅੱਜ ਦੀ ਮੀਟਿੰਗ ’ਤੇ ਟਿਕੀਆਂ ਹੋਈਆਂ ਸਨ। ਸੂਤਰਾਂ ਮੁਤਾਬਕ ਨਵਜੋਤ ਸਿੱਧੂ ਪਟਿਆਲਾ ਪਰਤ ਆਏ ਹਨ। ਕੈਪਟਨ ਅਮਰਿੰਦਰ ਸਿੰਘ ਅੱਜ 11 ਵਜੇ ਦਿੱਲੀ ਪੁੱਜੇ ਸਨ ਅਤੇ ਲੰਚ ਮੌਕੇ ਉਨ੍ਹਾਂ ਦੇ ਨਾਲ ਕਪੂਰਥਲਾ ਹਾਊਸ ਵਿਚ ਸੰਸਦ ਮੈਂਬਰ ਰਵਨੀਤ ਬਿੱਟੂ, ਰਾਜ ਕੁਮਾਰ ਵੇਰਕਾ ਅਤੇ ਅਸ਼ਵਨੀ ਸੇਖੜੀ ਮੌਜੂਦ ਰਹੇ।ਦਿੱਲੀ ’ਚ ਅੱਜ ਸ਼ਾਮ ਕਰੀਬ 5.30 ਵਜੇ ਸੋਨੀਆ ਗਾਂਧੀ ਦੀ ਰਿਹਾਇਸ਼ ’ਤੇ ਕੈਪਟਨ ਅਮਰਿੰਦਰ ਸਿੰਘ ਨੇ ਮੁਲਾਕਾਤ ਕੀਤੀ। ਅੱਜ ਮੀਟਿੰਗ ਤੋਂ ਪਹਿਲਾਂ ਸਵੇਰ ਵੇਲੇ ਪ੍ਰਿਅੰਕਾ ਗਾਂਧੀ ਵੀ ਸੋਨੀਆ ਗਾਂਧੀ ਨੂੰ ਮਿਲੀ। ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਕਰੀਬ ਸੱਤ ਵਜੇ ਮੀਟਿੰਗ ਖਤਮ ਹੋਣ ਮਗਰੋਂ ਕਿਹਾ ਕਿ ਉਨ੍ਹਾਂ ਨੇ ਆਪਣੀ ਗੱਲ ਪਾਰਟੀ ਪ੍ਰਧਾਨ ਕੋਲ ਰੱਖ ਦਿੱਤੀ ਹੈ ਅਤੇ 18 ਨੁਕਾਤੀ ਏਜੰਡੇ ਦੀ ਪ੍ਰਗਤੀ ਬਾਰੇ ਵੀ ਮੀਟਿੰਗ ਵਿਚ ਦੱਸ ਦਿੱਤਾ ਗਿਆ ਹੈ। ਅਮਰਿੰਦਰ ਨੇ ਕਿਹਾ ਕਿ ਉਨ੍ਹਾਂ ਨੂੰ ਕਾਂਗਰਸ ਹਾਈਕਮਾਨ ਦਾ ਹਰ ਫ਼ੈਸਲਾ ਮਨਜ਼ੂਰ ਹੋਵੇਗਾ। ਜੋ ਵੀ ਕਾਂਗਰਸ ਪ੍ਰਧਾਨ ਚਾਹੁਣਗੇ, ਉਸ ਇੱਛਾ ਨੂੰ ਅਮਲ ਵਿਚ ਲਿਆਂਦਾ ਜਾਵੇਗਾ। ਉਨ੍ਹਾਂ ਕਿਹਾ ਕਿ ਮੀਟਿੰਗ ਵਿਚ ਪਾਰਟੀ ਦੇ ਅੰਦਰੂਨੀ ਮਾਮਲਿਆਂ ਅਤੇ ਸਰਕਾਰ ਦੇ ਕੰਮਾਂ ਬਾਰੇ ਵੀ ਚਰਚਾ ਹੋਈ ਹੈ। ਇੱਕ ਸਵਾਲ ਦੇ ਜਵਾਬ ’ਚ ਅਮਰਿੰਦਰ ਨੇ ਕਿਹਾ ਕਿ ਉਹ ਨਵਜੋਤ ਸਿੱਧੂ ਬਾਰੇ ਕੁਝ ਨਹੀਂ ਜਾਣਦੇ। ਅੱਜ ਅਮਰਿੰਦਰ ਸਿੰਘ ਮੀਟਿੰਗ ਵਿਚ ਹੋਈ ਗੱਲਬਾਤ ਤੋਂ ਤਸੱਲੀ ਵਿਚ ਨਜ਼ਰ ਆਏ। ਕਾਂਗਰਸ ਹਾਈ ਕਮਾਨ ਨੇ ਕਈ ਗੇੜਾਂ ਦੀ ਗੱਲਬਾਤ ਮਗਰੋਂ ਆਖਰੀ ਫੈਸਲਾ ਲੈਣ ਤੋਂ ਪਹਿਲਾਂ ਅਮਰਿੰਦਰ ਸਿੰਘ ਨੂੰ ਭਰੋਸੇ ਵਿਚ ਲੈ ਲਿਆ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਹਾਈ ਕਮਾਨ ਮੁੜ ਨਵਜੋਤ ਸਿੱਧੂ ਨੂੰ ਦਿੱਲੀ ਬੁਲਾਉਂਦੀ ਹੈ ਜਾਂ ਨਹੀਂ। ਕੈਪਟਨ ਦੀ ਪੰਜਾਬ ਕਾਂਗਰਸ ਵਿਚ ਬਗਾਵਤ ਉੱਠਣ ਮਗਰੋਂ ਸੋਨੀਆ ਗਾਂਧੀ ਨਾਲ ਇਹ ਪਲੇਠੀ ਮੀਟਿੰਗ ਸੀ। ਉਂਜ, ਕੈਪਟਨ ਅਮਰਿੰਦਰ ਖੜਗੇ ਕਮੇਟੀ ਨਾਲ ਦੋ ਮੀਟਿੰਗਾਂ ’ਚ ਆਪਣਾ ਪੱਖ ਰੱਖ ਚੁੱਕੇ ਹਨ। ਇਸੇ ਦੌਰਾਨ ਰਾਹੁਲ ਗਾਂਧੀ ਨੇ ਵੀ ਪੰਜਾਬ ਕਾਂਗਰਸ ਦੇ ਮੁੱਖ ਮੰਤਰੀ ਦੇ ਵਿਰੋਧ ਵਿਚ ਉੱਤਰੇ ਚਿਹਰਿਆਂ ਨਾਲ ਮੀਟਿੰਗਾਂ ਕੀਤੀਆਂ ਸਨ। ਰਾਹੁਲ ਗਾਂਧੀ ਨੇ ਨਵਜੋਤ ਸਿੱਧੂ ਨਾਲ ਵੀ ਮੀਟਿੰਗ ਕੀਤੀ ਸੀ। ਹਾਲਾਂਕਿ ਮੀਟਿੰਗ ਦੀ ਗੱਲਬਾਤ ਬਾਰੇ ਭੇਤ ਬਣਿਆ ਹੋਇਆ ਹੈ ਪਰ ਐਨੀ ਕੁ ਗੱਲ ਸਾਹਮਣੇ ਆਈ ਹੈ ਕਿ ਹਾਈਕਮਾਨ ਅਗਲੀਆਂ ਚੋਣਾਂ ਵਿਚ ਪੂਰੀ ਤਾਕਤ ਨਾਲ ਉੱਤਰਨ ਲਈ ਕੋਈ ਕਸਰ ਬਾਕੀ ਨਹੀਂ ਛੱਡਣਾ ਚਾਹੁੰਦੀ ਅਤੇ ਅਜਿਹਾ ਫ਼ਾਰਮੂਲਾ ਤਿਆਰ ਕੀਤਾ ਗਿਆ ਹੈ ਜਿਸ ਨਾਲ ਪੰਜਾਬ ਕਾਂਗਰਸ ਦੀ ਅੰਦਰੂਨੀ ਧੜੇਬੰਦੀ ਦਾ ਖਾਤਮਾ ਹੋਣ ਦੀ ਸੰਭਾਵਨਾ ਹੈ। ਸੂਤਰ ਦੱਸਦੇ ਹਨ ਕਿ ਸੋਨੀਆ ਗਾਂਧੀ ਨੇ 18 ਨੁਕਾਤੀ ਏਜੰਡੇ ਬਾਰੇ ਅਮਰਿੰਦਰ ਸਿੰਘ ਨੂੰ ਸਖ਼ਤ ਸੁਨੇਹਾ ਦਿੱਤਾ ਹੈ ਤਾਂ ਜੋ ਅਗਲੀਆਂ ਚੋਣਾਂ ਵਿਚ ਕੋਈ ਸਿਆਸੀ ਨੁਕਸਾਨ ਨਾ ਝੱਲਣਾ ਪਵੇ। ਹਾਈਕਮਾਨ ਵੱਲੋਂ ‘ਪੰਜਾਬ ਫ਼ਾਰਮੂਲੇ’ ’ਚ ਪੰਜਾਬ ਦੇ ਹਰ ਵਰਗ ਦਾ ਸਹਿਯੋਗ ਅਤੇ ਭਰੋਸਾ ਜਿੱਤਣ ਲਈ ਨਵੀਆਂ ਸਿਆਸੀ ਤਬਦੀਲੀਆਂ ਕੀਤੀਆਂ ਜਾਣੀਆਂ ਹਨ। ਕੈਪਟਨ ਦੇ ਮੁੱਖ ਮੰਤਰੀ ਬਣੇ ਰਹਿਣ ਬਾਰੇ ਕਾਫ਼ੀ ਚਿਰ ਤੋਂ ਅਟਕਲਾਂ ਲਾਈਆਂ ਜਾ ਰਹੀਆਂ ਸਨ। ਚਰਚੇ ਸਨ ਕਿ ਰਾਹੁਲ ਗਾਂਧੀ ਤੇ ਪ੍ਰਿਅੰਕਾ ਗਾਂਧੀ ਰਜ਼ਾਮੰਦ ਨਹੀਂ ਸਨ ਪਰ ਅੱਜ ਦੀ ਮੀਟਿੰਗ ’ਚ ਅਮਰਿੰਦਰ ਸਿੰਘ ਨੂੰ ਮੋਹਲਤ ਮਿਲ ਜਾਣ ਦੀ ਕਨਸੋਅ ਮਿਲੀ ਹੈ।

ਵਜ਼ਾਰਤ ’ਚ ਫੇਰਬਦਲ ਦਾ ਰਾਹ ਪੱਧਰਾ

ਕਾਂਗਰਸ ਹਾਈਕਮਾਨ ਦੀ ਇਸ ਮੀਟਿੰਗ ਮਗਰੋਂ ਪੰਜਾਬ ਵਜ਼ਾਰਤ ਵਿਚ ਹੁਣ ਰੱਦੋਬਦਲ ਦਾ ਰਾਹ ਪੱਧਰਾ ਹੋ ਗਿਆ ਹੈ। ਚਰਚੇ ਹਨ ਕਿ ਕੁਝ ਵਜ਼ੀਰਾਂ ਦੀ ਛਾਂਟੀ ਵੀ ਹੋ ਸਕਦੀ ਹੈ ਜਿਨ੍ਹਾਂ ’ਚ ਬਾਗੀ ਸੁਰ ਵਾਲੇ ਹੋ ਸਕਦੇ ਹਨ। ਅਕਾਲੀ-ਬਸਪਾ ਗੱਠਜੋੜ ਨੂੰ ਅਸਰਹੀਣ ਕਰਨ ਲਈ ਦਲਿਤ ਚਿਹਰਿਆਂ ਨੂੰ ਅਹਿਮ ਥਾਂ ਮਿਲੇਗੀ। ਉਪ ਮੁੱਖ ਮੰਤਰੀ ਦਾ ਅਹੁਦਾ ਵੀ ਦਲਿਤ ਨੂੰ ਦਿੱਤੇ ਜਾਣ ਦੀ ਸੰਭਾਵਨਾ ਹੈ। ਪੰਜਾਬ ਕਾਂਗਰਸ ਦਾ ਵੀ ਪੁਨਰਗਠਨ ਹੋਵੇਗਾ ਅਤੇ ਮੁੱਖ ਮੰਤਰੀ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਲਈ ਦਲਿਤ ਜਾਂ ਹਿੰਦੂ ਚਿਹਰਾ ਦੇਖਣ ਦੇ ਇੱਛੁਕ ਹਨ ਜਦੋਂ ਕਿ ਰਾਹੁਲ ਗਾਂਧੀ ਤੇ ਪ੍ਰਿਅੰਕਾ ਵੱਲੋਂ ਨਵਜੋਤ ਸਿੱਧੂ ਨੂੰ ਇਹ ਕੁਰਸੀ ਦੇਣ ਲਈ ਜ਼ੋਰ ਲਾਇਆ ਜਾ ਸਕਦਾ ਹੈ। ਕੈਪਟਨ ਖੇਮੇ ਵੱਲੋਂ ਪ੍ਰਧਾਨਗੀ ਲਈ ਮਨੀਸ਼ ਤਿਵਾੜੀ, ਵਿਜੈਇੰਦਰ ਸਿੰਗਲਾ, ਚੌਧਰੀ ਸੰਤੋਖ ਸਿੰਘ ਆਦਿ ਦੇ ਨਾਵਾਂ ਦੀ ਚਰਚਾ ਕੀਤੀ ਜਾ ਰਹੀ ਹੈ।

ਨਵਜੋਤ ਸਿੱਧੂ ਦੀ ਭੂਮਿਕਾ ਬਾਰੇ ਭੇਤ ਕਾਇਮ

ਸੂਤਰਾਂ ਅਨੁਸਾਰ ਪੰਜਾਬ ਕਾਂਗਰਸ ਦਾ ਨਵਾਂ ਪ੍ਰਧਾਨ ਲਾਇਆ ਜਾਵੇਗਾ ਅਤੇ ਦੋ ਉਪ ਮੁੱਖ ਮੰਤਰੀ ਬਣਾਏ ਜਾਣੇ ਹਨ। ਨਵਜੋਤ ਸਿੱਧੂ ਦੀ ਭੂਮਿਕਾ ਬਾਰੇ ਹਾਲੇ ਸਪੱਸ਼ਟ ਨਹੀਂ ਹੋਇਆ ਹੈ। ਵੈਸੇ ਨਵਜੋਤ ਸਿੱਧੂ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਤੋਂ ਹੇਠਾਂ ਕੁਝ ਲੈਣ ਨੂੰ ਤਿਆਰ ਨਹੀਂ ਹਨ। ਦੂਸਰੇ ਪਾਸੇ ਮੁੱਖ ਮੰਤਰੀ ਵੀ ਨਵਜੋਤ ਸਿੱਧੂ ਨਾਲ ਬਤੌਰ ਪ੍ਰਧਾਨ ਚੱਲਣ ਨੂੰ ਤਿਆਰ ਨਹੀਂ ਹਨ। ਹਾਈਕਮਾਨ ਲਈ ਸਭ ਤੋਂ ਪਹਿਲੀ ਤਰਜੀਹ ਅਮਰਿੰਦਰ-ਨਵਜੋਤ ਵਾਲੇ ਵਿਵਾਦ ਨੂੰ ਹੱਲ ਕਰਨਾ ਹੈ ਜਿਸ ਵਾਸਤੇ ਅੱਜ ਅਗਲਾ ਕਦਮ ਪੁੱਟਿਆ ਗਿਆ ਹੈ।

Leave a Reply

Your email address will not be published. Required fields are marked *