ਪੰਜਾਬ: ਬੇਆਬ ਬੇਆਬਰੂ ਬੇਅਦਬ ਬੇਅਬਾਦ-ਅਵਤਾਰ ਸਿੰਘ

ਪੰਜਾਬ ਦਾ ਨਾਂ ਕਿਸੇ ਵੇਲੇ ਸਪਤ ਸਿੰਧੂ ਸੀ, ਕਦੇ ਪੰਚ-ਨਦ ਤੇ ਅੱਜਕਲ ਪੰਜਾਬ ਹੈ। ਅੰਕ ਪੰਜ ਵਿਚ ਅਨੇਕਤਾ ਜਾਂ ਅਨੇਕਤਵ ਦੀ ਸੂਚਨਾ ਤੇ ਅਹਿਸਾਸ ਹੈ। ਅਜੋਕਾ ਪੰਜਾਬ ਸਿਰਫ਼ ਢਾਈ ਆਬ ਰਹਿ ਗਿਆ ਹੈ ਤੇ ਇਸ ਦੇ ਸੁੰਗੜਨ ਦੀ ਜ਼ਮੀਨੀ ਤੇ ਆਸਮਾਨੀ ਹਕੀਕਤ ਜਾਂ ਗਤੀ ਅਨੇਕਤਵ ਤੋਂ ਇੱਕਤਵ ਵੱਲ ਦੇ ਰੁਝਾਨ ਦੀ ਦੱਸ ਪਾਉਂਦੀ ਹੈ।
ਪੰਜਾਬ ਦਾ ਰੁਝਾਨ ਘਾਟੇ ਵਾਲ਼ਾ ਹੈ ਤੇ ਇਹ ਬੇਆਬ ਹੋਣ ਦੇ ਰਾਹ ਪਿਆ ਹੋਇਆ ਹੈ, ਜਿਹੜਾ ਅੱਗੋਂ ਬੇਆਬਰੂ ਹੋਣ ਵੱਲ ਜਾਂਦਾ ਹੈ ਤੇ ਜਿਹਦੀ ਮੰਜ਼ਲ ਬੇਅਬਾਦ ਹੋਣਾ ਹੈ। ਸਾਫ਼ ਸਾਫ਼ ਕਹਿਣਾ ਹੋਵੇ ਤਾਂ ਪੰਜਾਬ ਬੇਅਬਾਦ ਬੰਜਰ ਹੋਣ ਦੀ ਕਗਾਰ ‘ਤੇ ਹੈ।
ਕਿਸੇ ਵੇਲੇ ਕਿਹਾ ਜਾਂਦਾ ਸੀ ਕਿ ਕੁੜੀਆਂ ਦੀ ਕਾਮਯਾਬੀ ਇਹੀ ਹੁੰਦੀ ਹੈ ਕਿ ਉਹ ਅਜਿਹਾ ਕਮਾਊ ਮੁੰਡਾ ਲੱਭ ਲੈਣ, ਜੋ ਉਨ੍ਹਾਂ ਦੀ ਝਾਲ ਝੱਲ ਸਕੇ। ਅੱਜਕਲ ਪੰਜਾਬ ਦੇ ਮੁੰਡਿਆਂ ਦੀ ਕਾਮਯਾਬੀ ਇਹ ਹੈ ਕਿ ਉਹ ਕੋਈ ਹੁਸ਼ਿਆਰ ਕੁੜੀ ਲੱਭ ਲੈਣ, ਜਿਹੜੀ ਆਇਅਲਟਸ ਕਰ ਸਕੇ ਤੇ ਉਨ੍ਹਾਂ ਨੂੰ ਜਿੱਦਾਂ ਕਿੱਦਾਂ ਬਾਹਰ ਦਾ ਜਾਂ ਬਹਾਰ ਦਾ ਰਸਤਾ ਦਿਖਾ ਸਕੇ।
ਕਿਸੇ ਵੇਲੇ ਕੁੜੀਆਂ ਰੋਂਦੀਆਂ ਸਨ ਕਿ ਮੁੰਡੇ ਵਿਆਹ ਕਰਾ ਕੇ, ਬਾਹਰ ਜਾ ਕੇ ਏਧਰਲੀ ਕੁੜੀ ਨੂੰ ਭੁੱਲ ਭੁਲਾ ਜਾਂਦੇ ਹਨ ਤੇ ਕਿਸੇ ਬਾਹਰਲੀ ਦੇ ਵਹਿਣ ਵਿੱਚ ਰੁੜ੍ਹ ਜਾਂਦੇ ਹਨ। ਐਸੀਆਂ ਬੇਆਬਰੂ ਕੁੜੀਆਂ ਦਾ ਮਸੀਹਾ ਬਲਵੰਤ ਸਿੰਘ ਰਾਮੂਵਾਲ਼ੀਆ ਸਮਝਿਆ ਜਾਂਦਾ ਸੀ, ਜਿਹਦੀ ਸਿਆਸਤ ਦਾ ਅਧਾਰ ਇਨ੍ਹਾਂ ਲੜਕੀਆਂ ਦੀ ਸੇਵਾ ਹੀ ਸੀ ਤੇ ਉਹਦੇ ਚਿਹਰੇ ਦੀ ਸਦੀਵੀ ਲਾਲੀ, ਇਸੇ ਦਲਾਲੀ ਦਾ ਪਰਿਣਾਮ ਹੈ।
ਅੱਜ ਮੁੰਡੇ ਰੋਂਦੇ ਹਨ ਕਿ ਕੁੜੀ ਬਾਹਰ ਜਾ ਕੇ ਉਨ੍ਹਾਂ ਨਾਲ਼ ਗੱਲ ਨਹੀਂ ਕਰਦੀ ਤੇ ਬਾਹਰ ਹੀ ਕਿਸੇ ਹੋਰ ਮੁੰਡੇ ਨਾਲ਼ ਹੇਲ ਮੇਲ ਹੋ ਜਾਂਦੀ ਹੈ। ਅਜਿਹੇ ਬੇਸਹਾਰੇ, ਬੇਚਾਰੇ ਤੇ ਲਾਚਾਰ ਮੁੰਡਿਆਂ ਦਾ ਕੋਈ ਮਸੀਹਾ ਹਾਲੇ ਸਾਹਮਣੇ ਨਹੀਂ ਆਇਆ, ਜੋ ਇਸ ਗੱਲ ਦਾ ਸਿਆਸੀ ਲਾਹਾ ਲੈ ਸਕੇ ਜਾਂ ਕਹਿ ਲਉ ਕੋਲਿਆਂ ਦੀ ਦਲਾਲੀ ਜਹੇ ਇਸ ਕਾਰੋਬਾਰ ਨਾਲ਼ ਸੁਰਖ਼ਰੂ ਹੋ ਸਕੇ। ਲੇਕਿਨ ਇਹ ਰੁਝਾਨ ਦੱਸਦਾ ਹੈ ਕਿ ਪੰਜਾਬ ਨਿੱਤ ਦਿਹਾੜੇ ਬੇਆਬਰੂ ਹੋ ਰਿਹਾ ਹੈ।
ਪੰਜਾਬ ਵਿੱਚ ਹਰ ਗਲ਼ੀ ਮਹੱਲੇ ਵਿੱਚ ਚੱਲਦੇ ਆਇਅਲਟਸ ਸੈਂਟਰ ਦੇਖ ਕੇ ਸਹਿਵਨ ਹੀ ਅੰਦਾਜ਼ਾ ਹੋ ਜਾਂਦਾ ਹੈ ਕਿ ਹਰ ਦਿਨ, ਹਰ ਮਹੀਨੇ ਤੇ ਹਰ ਸਾਲ ਪੰਜਾਬ ਦੇ ਕਿੰਨੇ ਲੋਕ ਬਾਹਰ ਜਾਂਦੇ ਹਨ। ਜੇ ਇਸ ਗਤੀ ਨੂੰ ਪੰਜਾਬ ਦੀ ਕੁੱਲ ਅਬਾਦੀ ਦੇ ਪ੍ਰਸੰਗ ਵਿੱਚ ਦੇਖਿਆ ਜਾਵੇ ਤਾਂ ਪੰਜਾਬ ਦਾ ਬੇਆਬਰੂ ਹੋ ਕੇ ਬੇਅਬਾਦ ਹੋਣਾ ਹਰ ਹਾਲਤ ਵਿੱਚ ਤੈਅ ਹੈ।
ਹਾਲੇ ਤਾਂ ਇਕ ਮੁੰਡੇ ਨੇ ਖ਼ੁਦਕੁਸ਼ੀ ਕੀਤੀ ਹੈ ਤੇ ਚਾਰੇ ਪਾਸੇ ਕੁਹਰਾਮ ਮਚ ਗਿਆ ਹੈ। ਇਹਤੋਂ ਪਹਿਲਾਂ ਕਿੰਨੀਆਂ ਕੁੜੀਆਂ ਨੇ ਬੇਸ਼ੱਕ ਖ਼ੁਦਕੁਸ਼ੀ ਨਹੀਂ ਕੀਤੀ, ਪਰ ਖ਼ੁਦਕੁਸ਼ੀ ਵਰਗੀ ਜ਼ਿੰਦਗੀ ਜੀਣ ਲਈ ਮਜਬੂਰ ਹੋਈਆਂ ਹਨ। ਕਿਸੇ ਨੂੰ ਕੋਈ ਖ਼ਿਆਲ ਅਤੇ ਕਿਆਸ ਹੀ ਨਹੀਂ ਹੈ। ਨਾਲ਼ੇ ਸਾਡੇ ਸਮਾਜ ਵਿੱਚ ਧੀ ਦਾ ਦੁੱਖ ਹੀ ਦੁੱਖ ਹੁੰਦਾ ਹੈ, ਕੁੜੀ ਦਾ ਕੋਈ ਦੁੱਖ ਵੀ ਦੁੱਖ ਨਹੀਂ ਹੁੰਦਾ।
ਜੇ ਅਸੀਂ ਪੰਜਾਬ ਦੀ ਆਬ ਬਚਾਉਣੀ ਹੈ ਤਾਂ ਇਹਦਾ ਆਬ ਬਚਾਉਣਾ ਲਾਜ਼ਮੀ ਹੈ। ਨਹੀਂ ਤਾਂ ਇਹਨੂੰ ਬੇਆਬਰੂ ਹੋ ਕੇ ਸਦਾ ਸਦਾ ਲਈ ਬੇਅਬਾਦ ਹੋਣੋਂ ਕੋਈ ਮਾਈ ਦਾ ਲਾਲ ਨਹੀਂ ਰੋਕ ਸਕਦਾ।
ਸਰਸ਼ਾਰ ਸੈਲਾਨੀ ਨੇ ਇੱਕਤਵ ਦੇ ਸਿਧਾਂਤ ਨੂੰ ਕਿੰਨੀ ਖ਼ੂਬਸੂਰਤੀ ਨਾਲ ਤੁੱਛ ਦੱਸਿਆ ਹੈ: ਚਮਨ ਮੇਂ ਇਖ਼ਤਿਲਾਤੇ-ਰੰਗੋ-ਬੂ ਸੇ ਬਾਤ ਬਨਤੀ ਹੈ, ਹਮ ਹੀ ਹਮ ਹੈਂ ਤੋ ਕਿਆ ਹਮ ਹੈਂ, ਤੁਮ ਹੀ ਤੁਮ ਹੋ ਤੋ ਕਿਆ ਤੁਮ ਹੋ।
ਅਵਤਾਰ ਸਿੰਘ
ਫ਼ੋਨ: 9417518384
ਰੋਵੋ ਰੋਵੋ ਪੰਜਾਬੀ ਬੱਚਿਓ, ਅਸੀਂ ਹੀ ਤੁਹਾਨੂੰ ਰੋਣੇ ਜੋਗੇ ਕੀਤਾ।

Leave a Reply

Your email address will not be published. Required fields are marked *