ਟਿਕਰੀ ਬਾਰਡਰ ਸਥਿਤ ਕੈਂਪ ‘ਤੇ ਰੁਲਦੂ ਦੇ ਦੋ ਸਮਰਥਕ ਝੜਪ ’ਚ ਜ਼ਖਮੀ

ਮਾਨਸਾ: ਟਿਕਰੀ ਬਾਰਡਰ ’ਤੇ ਅਣਪਛਾਤੇ ਲੋਕਾਂ ਨਾਲ ਹੋਈ ਝੜਪ ਵਿੱਣ ਕਿਸਾਨ ਯੂਨੀਅਨ ਆਗੂ ਰੁਲਦੂ ਦੇ ਦੋ ਸਮਰਥਕ ਜ਼ਖਮੀ ਹੋ ਗਏ ਤੇ ਇੱਕ ਟਰਾਲੀ ਵੀ ਨੁਕਸਾਨੀ ਗਈ। ਰੁਲਦੂ ਦੇ ਸਮਰਥਕਾਂ ਨੇ ਦੱਸਿਆ ਕਿ ਅਣਪਛਾਤੇ ਲੋਕ ਉਨ੍ਹਾਂ ਨੂੰ ਕੁੱਟ ਕੇ ਚਲੇ ਗਏ। ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੋਰਾ ਸਿੰਘ ਭੈਣੀ ਬਾਘਾ ਨੇ ਅੱਜ ਮਾਨਸਾ ਆ ਕੇ ਦੱਸਿਆ ਕਿ ਉਹ ਹਮਲੇ ਤੋਂ ਸਿਰਫ 40 ਮਿੰਟ ਪਹਿਲਾਂ ਹੀ ਕੈਂਪ ਵਿੱਚ ਟਰਾਲੀ ਕੋਲ ਗੇੜਾ ਮਾਰਕੇ ਆਏ ਸੀ ਪਰ ਉਨ੍ਹਾਂ ਦੇ ਆਉਣ ਕੁਝ ਸਮੇਂ ਬਾਅਦ ਇਹ ਘਟਨਾ ਵਾਪਰ ਗਈ। ਉਨ੍ਹਾਂ ਕਿਹਾ ਕਿ ਉਹ ਰਾਤ ਨੂੰ 11 ਵਜੇ ਛਿੰਦਵਾੜਾ ਐਕਸਪ੍ਰੈਸ ਟ੍ਰੇਨ ਰਾਹੀਂ ਮਾਨਸਾ ਆਏ ਹਨ। ਉਨ੍ਹਾਂ ਦੱਸਿਆ ਕਿ ਇਹ ਘਟਨਾ ਮੌਕੇ ਰੁਲਦੂ ਉੱਥੇ ਮੌਜ਼ੂਦ ਨਹੀਂ ਸੀ। ਉਨ੍ਹਾਂ ਦੱਸਿਆ ਕਿ ਇਸ ਹਮਲੇ ਵਿਚ ਮਾਨਸਾ ਨੇੜਲੇ ਪਿੰਡ ਤਾਮਕੋਟ ਦੇ ਗੁਰਵਿੰਦਰ ਸਿੰਘ ਦੇ ਗੰਭੀਰ ਸੱਟਾਂ ਲੱਗੀਆਂ ਹਨ, ਜੋ ਇਸ ਵੇਲੇ ਰੋਹਤਕ ਦੇ ਹਸਪਤਾਲ ਵਿਖੇ ਦਾਖਲ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਦੋ ਜਣਿਆਂ ਦੇ ਮਾਮੂਲੀ ਸੱਟਾਂ ਲੱਗੀਆਂ ਹਨ।

ਇਸੇ ਦੌਰਾਨ ਹੀ ਸੰਯੁਕਤ ਕਿਸਾਨ ਮੋਰਚੇ ਦੇ ਪ੍ਰਮੁੱਖ ਆਗੂ ਰੁਲਦੂ ਸਿੰਘ ਮਾਨਸਾ ਦੇ ਕੈਂਪ ‘ਤੇ ਹਮਲਾ ਕਰਨ ਦੀ ਪੰਜਾਬ ਕਿਸਾਨ ਯੂਨੀਅਨ, ਸੀਪੀਆਈ (ਐੱਮਐੱਲ) ਲਿਬਰੇਸ਼ਨ, ਮਜ਼ਦੂਰ ਮੁਕਤੀ ਮੋਰਚਾ ਪੰਜਾਬ ਨੇ ਸ਼ਖਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰੈਸ ਸਕੱਤਰ ਐਡਵੋਕੇਟ ਬਲਕਰਨ ਸਿੰਘ ਬੱਲੀ, ਲਿਬਰੇਸ਼ਨ ਦੇ ਕੇਂਦਰੀ ਕਮੇਟੀ ਮੈਂਬਰ ਕਾਮਰੇਡ ਰਾਜਵਿੰਦਰ ਰਾਣਾ, ਮਜ਼ਦੂਰ ਮੁਕਤੀ ਮੋਰਚਾ ਦੇ ਸੂਬਾ ਪ੍ਰਧਾਨ ਕਾਮਰੇਡ ਭਗਵੰਤ ਸਿੰਘ ਸਮਾਉਂ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਰੁਲਦੂ ਸਿੰਘ ਮਾਨਸਾ ਲੰਬੇ ਸਮੇਂ ਤੋਂ ਕਿਸਾਨੀ ਸੰਘਰਸ਼ ਦੀ ਅਗਵਾਈ ਕਰ ਰਹੇ ਹਨ ਅਤੇ ਹੁਣ ਦੇਸ਼ ਅੰਦਰ ਚੱਲ ਰਹੇ ਕਿਸਾਨ ਅੰਦੋਲਨ ਦੀ ਸੁਚੱਜੇ ਢੰਗ ਨਾਲ ਅਗਵਾਈ ਕਰ ਰਹੇ ਹਨ। ਕੇਂਦਰ ਦੀ ਮੋਦੀ ਸਰਕਾਰ ਅਤੇ ਆਰਐੱਸਐੱਸ ਵੱਲੋਂ ਸਰਕਾਰ ਅੱਗੇ ਨਾ ਝੁਕਣ ਵਾਲੇ ਆਗੂਆਂ ਨੂੰ ਵੱਖ ਵੱਖ ਤਰੀਕਿਆਂ ਨਾਲ ਬਦਨਾਮ ਕਰਨ ਅਤੇ ਅੰਦੋਲਨ ਨੂੰ ਫੇਲ ਕਰਨ ਦੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ। ਕੁਝ ਸ਼ਰਾਰਤੀ ਅਨਸਰਾਂ ਵੱਲੋ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਦੀਆਂ ਫੋਟੋਆਂ ਪਾੜੀਆਂ ਗਈਆਂ ਅਤੇ ਤਾਮਕੋਟ ਪਿੰਡ ਇਕਾਈ ਦੇ ਟੈਂਟ ’ਤੇ ਹਮਲਾ ਕਰਕੇ ਟੈਂਟ ਵਿਚ ਪਏ ਵਿਅਕਤੀਆਂ ਦੇ ਸੱਟਾਂ ਮਾਰੀਆਂ ਹਨ, ਜਿਨ੍ਹਾਂ ’ਚੋਂ ਗੁਰਵਿੰਦਰ ਸਿੰਘ ਦੇ ਸਿਰ ਵਿਚ ਸੱਟਾਂ ਮਾਰੀਆਂ ਹਨ। ਉਸ ਨੂੰ ਰੋਹਤਕ ਪੀਜੀਆਈ ‘ਚ ਦਾਖਲ ਕਰਵਾਉਣਾ ਪਿਆ। ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਮਾਨਸਾ ਆਏ ਹੋਣ ਕਾਰਨ ਬਚ ਗਏ। ਉਨ੍ਹਾਂ ਸੰਯੁਕਤ ਮੋਰਚੇ ਤੋਂ ਮੰਗ ਕੀਤੀ ਕਿ ਹਮਲਾ ਕਰਨ ਵਾਲੇ ਸ਼ਰਾਰਤੀ ਅਨਸਰਾਂ ਖਿਲਾਫ ਸਖਤ ਐਕਸ਼ਨ ਲਿਆ ਜਾਵੇ।

Leave a Reply

Your email address will not be published. Required fields are marked *