ਲੋਕ ਆਵਾਜ਼ ਦਾ ਸਤਿਕਾਰ ਜ਼ਰੂਰੀ: ਬਲਿੰਕਨ

ਨਵੀਂ ਦਿੱਲੀ: ਭਾਰਤ ਦੇ ਦੌਰੇ ’ਤੇ ਆਏ ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਅੱਜ ਸਿਵਲ ਸੁਸਾਇਟੀ ਦੇ ਮੈਂਬਰਾਂ ਨਾਲ ਮੁਲਾਕਾਤ ਵਿਚ ਕਿਹਾ ਕਿ ਹਰ ਨਾਗਰਿਕ ਨੂੰ ਸਰਕਾਰ ਕੋਲ ਆਪਣੇ ਵਿਚਾਰ ਖੁੱਲ੍ਹ ਕੇ ਰੱਖਣ ਦਾ ਹੱਕ ਹੈ, ਫੇਰ ਚਾਹੇ ਉਹ ਕੋਈ ਵੀ ਹੋਵੇ ਉਸ ਦਾ ਸਤਿਕਾਰ ਕਰਨਾ ਬਣਦਾ ਹੈ। ਉਨ੍ਹਾਂ ਕਿਹਾ ਕਿ ਸਾਡੇ ਵਰਗੇ ਲੋਕਤੰਤਰਿਕ ਮੁਲਕਾਂ ਦਾ ਇਹੀ ਸਿਧਾਂਤਕ ਅਧਾਰ ਹੈ। ਬਲਿੰਕਨ ਨੇ ਕਿਹਾ ਕਿ ਭਾਰਤੀ ਤੇ ਅਮਰੀਕੀ ਇੱਜ਼ਤ ਨਾਲ ਜਿਊਣ, ਸਿਧਾਂਤਕ ਤੇ ਧਾਰਮਿਕ ਆਜ਼ਾਦੀ, ਬਰਾਬਰੀ ਦੇ ਮੌਕਿਆਂ, ਕਾਨੂੰਨ ਦੇ ਰਾਜ ਵਿਚ ਡੂੰਘਾ ਯਕੀਨ ਰੱਖਦੇ ਹਨ। ਭਾਰਤ ਪਹੁੰਚਣ ਤੋਂ ਬਾਅਦ ਆਪਣੇ ਪਹਿਲੇ ਜਨਤਕ ਸਮਾਗਮ ਵਿਚ ਅਮਰੀਕੀ ਵਿਦੇਸ਼ ਮੰਤਰੀ ਨੇ ਕਿਹਾ ਕਿ ਭਾਰਤ ਤੇ ਅਮਰੀਕਾ ਦੀ ਲੋਕਤੰਤਰਿਕ ਕਦਰਾਂ-ਕੀਮਤਾਂ ਪ੍ਰਤੀ ਵਚਨਬੱਧਤਾ ਇਕੋ ਜਿਹੀ ਹੈ। ਇਹੀ ਸਾਡੇ ਰਿਸ਼ਤਿਆਂ ਦਾ ਆਧਾਰ ਵੀ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਇਹੀ ਕਦਰਾਂ-ਕੀਮਤਾਂ ਭਾਰਤ ਦੇ ਬਹੁਲਵਾਦੀ ਸਮਾਜਿਕ ਤਾਣੇ-ਬਾਣੇ ਨੂੰ ਦਰਸਾਉਂਦੀਆਂ ਹਨ। ਸਦਭਾਵਨਾ ਦੀ ਝਲਕ ਵੀ ਇਸ ਵਿਚੋਂ ਦਿਖਦੀ ਹੈ। ਸਿਵਲ ਸੁਸਾਇਟੀ ਹੀ ਸਫ਼ਲ ਲੋਕਤੰਤਰਾਂ ਨੂੰ ਅੱਗੇ ਵਧਾਉਣ ਵਿਚ ਮਦਦ ਕਰਦੀ ਹੈ, ਲੋਕਤੰਤਰਿਕ ਕਦਰਾਂ-ਕੀਮਤਾਂ ਨੂੰ ਸ਼ਕਲ ਦਿੰਦੀ ਹੈ। ਅਮਰੀਕੀ ਵਿਦੇਸ਼ ਮੰਤਰੀ ਨੇ ਕਿਹਾ ਕਿ ਸਫ਼ਲ ਲੋਕਤੰਤਰਾਂ ਦਾ ਅਧਾਰ ‘ਪੁੰਗਰ’ ਰਹੀਆਂ ਸਿਵਲ ਸੁਸਾਇਟੀਆਂ ਹਨ। ਉਨ੍ਹਾਂ ਕਿਹਾ ਕਿ ਲੋਕਤੰਤਰਾਂ ਨੂੰ ‘ਜ਼ਿਆਦਾ ਖੁੱਲ੍ਹਾ, ਜ਼ਿਆਦਾ ਲਚਕਦਾਰ ਤੇ ਵਧੇਰੇ ਸ਼ਮੂਲੀਅਤ ਵਾਲਾ ਤੇ ਨਿਆਂਸੰਗਤ’ ਬਣਾਉਣ ਲਈ ਸਿਵਲ ਸੁਸਾਇਟੀ ਲੋੜੀਂਦੀ ਹੈ। ਬਲਿੰਕਨ ਨੇ ਕਿਹਾ ਕਿ ਭਾਰਤ ਤੇ ਅਮਰੀਕਾ ਸਾਂਝੀਆਂ ਕਦਰਾਂ-ਕੀਮਤਾਂ ਨਾਲ ਡੂੰਘੇ ਪੱਧਰ ਉਤੇ ਜੁੜੇ ਹੋਏ ਹਨ। ਦੋਵਾਂ ਮੁਲਕਾਂ ਦਾ ਰਿਸ਼ਤਾ ਪੂਰੇ ਸੰਸਾਰ ਵਿਚ ਸਭ ਤੋਂ ਵੱਧ ਮਹੱਤਵਪੂਰਨ ਹੈ। ਸਿਵਲ ਸੁਸਾਇਟੀ ਵੱਲੋਂ ਹਿੱਸਾ ਲੈਣ ਵਾਲੇ ਇਕ ਮੈਂਬਰ ਨੇ ਦੱਸਿਆ ਕਿ ਇਸ ਮੁਲਾਕਾਤ ’ਚ ਕਿਸਾਨ ਸੰਘਰਸ਼, ਮੀਡੀਆ ਦੀ ਆਜ਼ਾਦੀ, ਨਾਗਰਿਕਤਾ ਸੋਧ ਬਿੱਲ, ਘੱਟ ਗਿਣਤੀਆਂ ਦੇ ਹੱਕਾਂ ਤੇ ਚੀਨ ਵੱਲੋਂ ਕੀਤੀ ਜਾ ਰਹੀ ਧੱਕੇਸ਼ਾਹੀ ਦੇ ਮੁੱਦੇ ਉੱਭਰ ਕੇ ਸਾਹਮਣੇ ਆਏ। ਵਿਦੇਸ਼ ਮੰਤਰੀ ਨਾਲ ਸੱਤ ਸਿਵਲ ਸੁਸਾਇਟੀ ਮੈਂਬਰਾਂ ਨੇ ਮੁਲਾਕਾਤ ਕੀਤੀ ਜਿਨ੍ਹਾਂ ਵਿਚ ਦਲਾਈ ਲਾਮਾ ਦਾ ਪ੍ਰਤੀਨਿਧੀ ਵੀ ਸ਼ਾਮਲ ਸੀ। ਅਮਰੀਕੀ ਵਿਦੇਸ਼ ਮੰਤਰੀ ਨੇ ਇਸ ਮੌਕੇ ਪੂਰੇ ਸੰਸਾਰ ਵਿਚ ਲੋਕਤੰਤਰ ਤੇ ਆਜ਼ਾਦੀ ਲਈ ਬਣੇ ਖ਼ਤਰਿਆਂ ਦੀ ਗੱਲ ਵੀ ਕੀਤੀ। ਉਨ੍ਹਾਂ ਕਿਹਾ ਕਿ ਅਮਰੀਕਾ ਤੇ ਭਾਰਤ ਲਈ ਜ਼ਰੂਰੀ ਹੈ ਕਿ ਉਹ ਇਨ੍ਹਾਂ ਆਦਰਸ਼ਾਂ ਦੇ ਹੱਕ ਵਿਚ ਖੜ੍ਹਨ। ਬਲਿੰਕਨ ਨੇ ਕਿਹਾ ਕਿ ਅਮਰੀਕੀ ਲੋਕਤੰਤਰ ਵੀ ਵਿਕਾਸ ਦੇ ਦੌਰ ’ਚੋਂ ਗੁਜ਼ਰ ਰਿਹਾ ਹੈ। ਜ਼ਿਕਰਯੋਗ ਹੈ ਕਿ ਬਲਿੰਕਨ ਦੀ ਯਾਤਰਾ ਤੋਂ ਪਹਿਲਾਂ ਇਕ ਅਮਰੀਕੀ ਅਧਿਕਾਰੀ ਨੇ ਕਿਹਾ ਸੀ ਕਿ ਉਹ ਭਾਰਤ ਵਿਚ ਮਨੁੱਖੀ ਅਧਿਕਾਰਾਂ ਦਾ ਮੁੱਦਾ ਉਠਾਉਣਗੇ।

ਵਿਦੇਸ਼ ਮੰਤਰੀਆਂ ਦੀ ਬੈਠਕ ’ਚ ਅਫ਼ਗਾਨਿਸਤਾਨ ਦਾ ਮੁੱਦਾ ਛਾਇਆ

ਐਂਟਨੀ ਬਲਿੰਕਨ ਨੇ ਅੱਜ ਆਪਣੇ ਭਾਰਤੀ ਹਮਰੁਤਬਾ ਐੱਸ. ਜੈਸ਼ੰਕਰ ਨਾਲ ਵੀ ਮੁਲਾਕਾਤ ਕੀਤੀ। ਦੋਵਾਂ ਆਗੂਆਂ ਦੀ ਗੱਲਬਾਤ ’ਚ ਅਫ਼ਗਾਨਿਸਤਾਨ ’ਚ ਲਗਾਤਾਰ ਬਦਲ ਰਹੀ ਸੁਰੱਖਿਆ ਸਥਿਤੀ, ਭਾਰਤੀ-ਪ੍ਰਸ਼ਾਂਤ ਖੇਤਰ ਵਿਚ ਰਾਬਤਾ ਮਜ਼ਬੂਤ ਕਰਨ ਤੇ ਕੋਵਿਡ ਖ਼ਿਲਾਫ਼ ਸਹਿਯੋਗ ਨੂੰ ਹੋਰ ਵਧਾਉਣ ਦੇ ਮੁੱਦੇ ਉੱਭਰੇ। ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਕਿਹਾ ਕਿ ਭਾਰਤ ਤੇ ਅਮਰੀਕਾ ਦੋਵੇਂ ਇਸ ਗੱਲ ਨਾਲ ਸਹਿਮਤ ਹਨ ਕਿ ਅਫ਼ਗਾਨਿਸਤਾਨ ਦੇ ਸੰਕਟ ਦਾ ਕੋਈ ਫ਼ੌਜੀ ਹੱਲ ਨਹੀਂ ਹੈ। ਐਂਟਨੀ ਬਲਿੰਕਨ ਨੇ ਤਾਲਿਬਾਨ ਵੱਲੋਂ ਅਫ਼ਗਾਨਿਸਤਾਨ ’ਚ ਕੀਤੀ ਜਾ ਰਹੀ ਹਿੰਸਾ ਨੂੰ ਗੰਭੀਰ ਕਰਾਰ ਦਿੰਦਿਆਂ ਕਿਹਾ ਕਿ ਸੰਵਾਦ ਨਾਲ ਹੀ ਮਸਲੇ ਦਾ ਹੱਲ ਕੱਢਿਆ ਜਾ ਸਕਦਾ ਹੈ। ਮਸਲੇ ਦੇ ਹੱਲ ਲਈ ਤਾਲਿਬਾਨ ਤੇ ਅਫ਼ਗਾਨ ਸਰਕਾਰ ਨੂੰ ਇੱਕ ਮੰਚ ’ਤੇ ਆਉਣਾ ਪਵੇਗਾ। ਐਂਟਨੀ ਬਲਿੰਕਨ ਨੇ ਕਿਹਾ ਕਿ ਦੋਵੇਂ ਮੁਲਕ ਅਫ਼ਗਾਨਿਸਤਾਨ ’ਚ ਸ਼ਾਂਤੀ ਤੇ ਸਥਿਰਤਾ ਕਾਇਮ ਰੱਖਣ ਲਈ ਯੋਗਦਾਨ ਦਿੰਦੇ ਰਹਿਣਗੇ। ਬਲਿੰਕਨ ਨੇ ਜੈਸ਼ੰਕਰ ਨਾਲ ਮੁਲਾਕਾਤ ਤੋਂ ਪਹਿਲਾਂ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨਾਲ ਵੀ ਮੁਲਾਕਾਤ ਕੀਤੀ। ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕਿਹਾ ਕਿ ਭਾਰਤ-ਅਮਰੀਕਾ ਆਲਮੀ ਤੇ ਖੇਤਰੀ ਚੁਣੌਤੀਆਂ ਨਾਲ ਮਿਲ ਕੇ ਨਜਿੱਠਣਗੇ। ਜ਼ਿਕਰਯੋਗ ਹੈ ਕਿ ਵਿਦੇਸ਼ ਮੰਤਰੀ ਬਣਨ ਤੋਂ ਬਾਅਦ ਬਲਿੰਕਨ ਦਾ ਇਹ ਪਹਿਲਾ ਭਾਰਤ ਦੌਰਾ ਹੈ ਤੇ ਉਹ ਮੰਗਲਵਾਰ ਨਵੀਂ ਦਿੱਲੀ ਪੁੱਜੇ ਸਨ। ਅਮਰੀਕੀ ਵਿਦੇਸ਼ ਵਿਭਾਗ ਨੇ ਵੀ ਇਕ ਬਿਆਨ ਜਾਰੀ ਕਰ ਕੇ ਕਿਹਾ ਹੈ ਕਿ ਭਾਰਤ ਮੋਹਰੀ ਆਲਮੀ ਤਾਕਤ ਹੈ ਤੇ ਭਾਰਤੀ-ਪ੍ਰਸ਼ਾਂਤ ਖੇਤਰ ਅਤੇ ਉਸ ਤੋਂ ਬਾਹਰ ਵੀ ਅਮਰੀਕਾ ਦਾ ਅਹਿਮ ਸਹਿਯੋਗੀ ਹੈ। -ਪੀਟੀਆਈ

ਚੀਨ ਵੱਲੋਂ ਬਲਿੰਕਨ ਦੇ ਬਿਆਨ ਦੀ ਨਿਖੇਧੀ

ਪੇਈਚਿੰਗ: ਚੀਨ ਨੇ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਵੱਲੋਂ ਅਸਿੱਧੇ ਤੌਰ ’ਤੇ ਇਸ ਨੂੰ ਲੋਕਤੰਤਰੀ ਮੁਲਕਾਂ ਲਈ ਖ਼ਤਰਾ ਦੱਸਣ ਦੇ ਬਿਆਨ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਲੋਕਤੰਤਰੀ ਮੁਲਕ ਹੋਣ ਦਾ ਦਾਅਵਾ ਕਰਨ ਵਾਲੇ ਮੁਲਕਾਂ ਨੂੰ ਨਸਲੀ ਭੇਦਭਾਵ ਅਤੇ ਰਾਜਸੀ ਧਰੁਵੀਕਰਨ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਲਿੰਕਨ ਨੇ ਇਹ ਬਿਆਨ ਭਾਰਤ ਵਿੱਚ ਸਿਵਲ ਸੁਸਾਇਟੀ ਦੇ ਮੈਂਬਰਾਂ ਨਾਲ ਪਹਿਲੀ ਜਨਤਕ ਮੀਟਿੰਗ ਦੇੌਰਾਨ ਦਿੱਤਾ ਸੀ। ਇਸ ਸਬੰਧੀ ਪ੍ਰਤੀਕ੍ਰਿਆ ਜਾਣਨ ਲਈ ਪੱਤਰਕਾਰਾਂ ਵੱਲੋਂ ਪੁੱਛੇ ਇੱਕ ਸੁਆਲ ਦਾ ਜੁਆਬ ਦਿੰਦਿਆਂ ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਚਾਓ ਲਿਜੀਆਨ ਨੇ ਕਿਹਾ,‘ਮੈਂ ਇਸ ਗੱਲ ’ਤੇ ਜ਼ੋਰ ਦੇਣਾ ਚਾਹੁੰਦਾ ਹਾਂ ਕਿ ਲੋਕਤੰਤਰ ਮਨੁੱਖਤਾ ਦੀ ਸਾਂਝੀ ਪਛਾਣ ਹੈ। ਇਹ ਕਿਸੇ ਮੁਲਕ ਦਾ ਪੇਟੈਂਟ ਨਹੀਂ ਹੈ। ਬਹੁ-ਪਾਰਟੀ ਰਾਜਸੀ ਢਾਂਚਾ ਹੀ ਲੋਕਤੰਤਰ ਦਾ ਇੱਕੋ-ਇੱਕ ਰੂਪ ਨਹੀਂ ਹੈ ਤੇ ਕਿਸੇ ਵਿਵਾਦ ਨੂੰ ਹਵਾ ਦੇਣ ਲਈ ਇਸ ਦੀ ਵਰਤੋਂ ਨਹੀਂ ਕੀਤੀ ਜਾ ਸਕਦੀ।

ਭਾਰਤ ਤੇ ਅਮਰੀਕਾ ਦੀ ਭਾਈਵਾਲੀ ਹੋਰ ਸਿਖ਼ਰਾਂ ਛੂਹੇਗੀ: ਮੋਦੀ

ਨਵੀਂ ਦਿੱਲੀ: ਭਾਰਤ ਦੇ ਦੌਰੇ ਉਤੇ ਆਏ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ਇਸ ਮੌਕੇ ਭਾਰਤ-ਅਮਰੀਕਾ ਦੇ ਰਿਸ਼ਤਿਆਂ ਦੀ ਅਹਿਮੀਅਤ ਨੂੰ ਉਭਾਰਿਆ। ਮੋਦੀ ਨੇ ਟਵੀਟ ਕੀਤਾ ਕਿ ਉਹ ਅਮਰੀਕਾ ਦੇ ਵਿਦੇਸ਼ ਮੰਤਰੀ ਨੂੰ ਮਿਲ ਕੇ ਖ਼ੁਸ਼ ਹੋਏ ਹਨ ਤੇ ਇਹ ਦੌਰਾ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੀ ਭਾਰਤ ਪ੍ਰਤੀ ਵਚਨਬੱਧਤਾ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਬਾਇਡਨ ਭਾਰਤ-ਅਮਰੀਕਾ ਦੇ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਬਣਾਉਣ ਲਈ ਵਚਨਬੱਧ ਹਨ। ਦੋਵੇਂ ਮੁਲਕ ਸਾਂਝੀਆਂ ਲੋਕਤੰਤਰਿਕ ਕਦਰਾਂ-ਕੀਮਤਾਂ ਤੇ ਸੰਸਾਰ ਦੇ ਭਲੇ ਲਈ ਤਾਕਤ ਬਣ ਕੇ ਅੱਗੇ ਵੱਧ ਰਹੇ ਹਨ। ਮੋਦੀ ਨੇ ਕਿਹਾ ਕਿ ਅਮਰੀਕਾ ਤੇ ਭਾਰਤ ਦਾ ਸਮਾਜਿਕ ਤਾਣਾ-ਬਾਣਾ ਲੋਕਤੰਤਰਿਕ ਕਦਰਾਂ-ਕੀਮਤਾਂ ਦਾ ਹਾਮੀ ਹੈ ਤੇ ਦੋਵੇਂ ਮੁਲਕਾਂ ਦੀ ਇਸ ਮੁੱਦੇ ਉਤੇ ਡੂੰਘੀ ਸਾਂਝ ਹੈ। ਮੋਦੀ ਨੇ ਕਿਹਾ ਕਿ ਅਮਰੀਕਾ ਵਿਚ ਭਾਰਤੀ ਭਾਈਚਾਰੇ ਨੇ ਦੁਵੱਲੇ ਰਿਸ਼ਤਿਆਂ ਦੀ ਮਜ਼ਬੂਤੀ ਲਈ ਵੱਡਾ ਯੋਗਦਾਨ ਦਿੱਤਾ ਹੈ। ਬਲਿੰਕਨ ਨਾਲ ਬੈਠਕ ਵਿਚ ਮੋਦੀ ਨੇ ਰਾਸ਼ਟਰਪਤੀ ਬਾਇਡਨ ਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੇ ਨਾਂ ਸ਼ੁੱਭ ਇੱਛਾਵਾਂ ਭੇਜੀਆਂ। ਉਨ੍ਹਾਂ ਬਾਇਡਨ ਵੱਲੋਂ ਕੁਆਡ, ਕੋਵਿਡ-19 ਤੇ ਜਲਵਾਯੂ ਤਬਦੀਲੀ ਸਬੰਧੀ ਚੁੱਕੇ ਜਾ ਰਹੇ ਕਦਮਾਂ ਦੀ ਸ਼ਲਾਘਾ ਵੀ ਕੀਤੀ। ਮੋਦੀ ਨੇ ਕਿਹਾ ਕਿ ਆਉਣ ਵਾਲੇ ਸਾਲਾਂ ਵਿਚ ਭਾਰਤ ਤੇ ਅਮਰੀਕਾ ਦੀ ਰਣਨੀਤਕ ਭਾਈਵਾਲੀ ਨਵੀਆਂ ਸਿਖ਼ਰਾਂ ਛੂਹੇਗੀ। ਬਲਿੰਕਨ ਨੇ ਵੀ ਇਸ ਮੌਕੇ ਭਾਰਤ ਤੇ ਅਮਰੀਕਾ ਵਿਚਾਲੇ ਵੱਖ-ਵੱਖ ਖੇਤਰਾਂ ਵਿਚ ਹੋ ਰਹੇ ਸਹਿਯੋਗ ਦੀ ਸ਼ਲਾਘਾ ਕੀਤੀ।

Leave a Reply

Your email address will not be published. Required fields are marked *