ਰਣਜੀਤ ਸਾਗਰ ਡੈਮ ’ਚ ਫ਼ੌਜ ਦਾ ਹੈਲੀਕਾਪਟਰ ਹਾਦਸਾਗ੍ਰਸਤ

ਪਠਾਨਕੋਟ: ਅੱਜ ਸਵੇਰੇ ਭਾਰਤੀ ਫ਼ੌਜ ਦਾ ਹੈਲੀਕਾਪਟਰ ਧਰੁਵ ਪਠਾਨਕੋਟ ਨੇੜੇ ਰਣਜੀਤ ਸਾਗਰ ਡੈਮ ਦੀ ਝੀਲ ਵਿੱਚ ਡਿੱਗ ਗਿਆ। ਇਸ ਹੈਲੀਕਾਪਟਰ ਨੇ ਮਾਮੂਨ ਛਾਉਣੀ ਤੋਂ ਸਵੇਰੇ 10:20 ਵਜੇ ਉਡਾਣ ਭਰੀ ਸੀ ਅਤੇ 10:30 ਵਜੇ ਦੇ ਕਰੀਬ ਰਣਜੀਤ ਸਾਗਰ ਡੈਮ ਦੀ ਝੀਲ ਉੱਪਰੋਂ ਘੁੰਮਦੇ ਸਮੇਂ ਤਕਨੀਕੀ ਨੁਕਸ ਪੈਣ ਕਾਰਨ ਇਹ ਝੀਲ ਵਿੱਚ ਜਾ ਡਿੱਗਾ। ਇਸ ਵਿੱਚ ਪਾਇਲਟ ਏ.ਐੱਸ. ਬਾਠ ਤੇ ਕੈਪਟਨ ਜੈਯੰਤ ਜੋਸ਼ੀ ਸਵਾਰ ਸਨ। ਉਹ ਦੋਵੇਂ ਅਜੇ ਲਾਪਤਾ ਹਨ ਅਤੇ ਉਨ੍ਹਾਂ ਦੀ ਭਾਲ ਵਿੱਚ ਸਵੇਰ ਤੋਂ ਹੀ ਤਲਾਸ਼ੀ ਮੁਹਿੰਮ ਚੱਲ ਰਹੀ ਹੈ।

ਇਹ ਹੈਲੀਕਾਪਟਰ ਨਿਗਰਾਨੀ ’ਤੇ ਸੀ ਅਤੇ ਕਾਫੀ ਨੀਵਾਂ ਹੋ ਕੇ ਮਸ਼ਕਾਂ ਕਰ ਰਿਹਾ ਸੀ ਕਿ ਅਚਾਨਕ ਬੇਕਾਬੂ ਹੋ ਕੇ ਝੀਲ ਵਿੱਚ ਜਾ ਡਿੱਗਾ। ਘਟਨਾ ਦੇ ਤੁਰੰਤ ਬਾਅਦ ਸੈਨਾ ਦੇ ਅਧਿਕਾਰੀ ਅਤੇ ਜ਼ਿਲ੍ਹਾ ਪੁਲੀਸ ਦੇ ਮੁਖੀ ਸੁਰੇਂਦਰ ਲਾਂਬਾ ਮੌਕੇ ’ਤੇ ਪੁੱਜ ਗਏ ਅਤੇ ਕਿਸ਼ਤੀਆਂ ਲੈ ਕੇ ਹੈਲੀਕਾਪਟਰ ਵਿੱਚ ਸਵਾਰ ਅਧਿਕਾਰੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ। ਰਣਜੀਤ ਸਾਗਰ ਡੈਮ ਦੇ ਮੁੱਖ ਇੰਜਨੀਅਰ ਰਾਮ ਦਰਸ਼ਨ ਅਤੇ ਨਿਗਰਾਨ ਇੰਜਨੀਅਰ ਨਰੇਸ਼ ਮਹਾਜਨ ਡੈਮ ਦਾ ਸਟੀਮਰ ਅਤੇ ਬੇੜਾ ਲੈ ਕੇ ਮੌਕੇ ’ਤੇ ਪੁੱਜੇ ਅਤੇ ਡੈਮ ਦੀ ਰਾਹਤ ਟੀਮ ਨੂੰ ਹੈਲੀਕਾਪਟਰ ਦਾ ਕੁੱਝ ਮਲਬਾ ਝੀਲ ਵਿੱਚੋਂ ਤੈਰਦਾ ਮਿਲਿਆ, ਜੋ ਉਨ੍ਹਾਂ ਨੇ ਫ਼ੌਜ ਦੇ ਅਧਿਕਾਰੀਆਂ ਹਵਾਲੇ ਕਰ ਦਿੱਤਾ। ਇਸ ਮਲਬੇ ਵਿੱਚ ਦੋ ਹੈਲਮੇਟ ਤੇ ਮੁੱਢਲੀ ਸਹਾਇਤਾ ਦਾ ਸਾਮਾਨ ਸ਼ਾਮਲ ਸੀ। ਨਿਗਰਾਨ ਇੰਜਨੀਅਰ ਨਰੇਸ਼ ਮਹਾਜਨ ਨੇ ਦੱਸਿਆ ਕਿ ਫ਼ੌਜ, ਡੈਮ ਤੇ ਪਠਾਨਕੋਟ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਗੋਤਾਖੋਰਾਂ ਅਤੇ ਐੱਨਡੀਆਰਐੱਫ ਦੀਆਂ ਟੀਮਾਂ ਨੂੰ ਤਲਾਸ਼ੀ ਮੁਹਿੰਮ ਵਿੱਚ ਲਗਾ ਦਿੱਤਾ ਹੈ।

ਜ਼ਿਕਰਯੋਗ ਹੈ ਕਿ ਡੈਮ ਦੀ ਝੀਲ ਪੰਜਾਬ ਅਤੇ ਜੰਮੂ ਕਸ਼ਮੀਰ ਵਿੱਚ ਪੈਂਦੀ ਹੈ ਤੇ ਇਹ ਹੈਲੀਕਾਪਟਰ ਜੰਮੂ ਕਸ਼ਮੀਰ ਵਾਲੇ ਖੇਤਰ ਬਸੋਹਲੀ ਨੇੜੇ ਝੀਲ ਵਿੱਚ ਡਿੱਗਿਆ ਹੈ, ਜਿਸ ਕਰਕੇ ਜ਼ਿਲ੍ਹਾ ਕਠੂਆ ਦੇ ਅਧਿਕਾਰੀ ਵੀ ਘਟਨਾ ਸਥਾਨ ’ਤੇ ਪੁੱਜੇ ਸਨ। ਫ਼ੌਜ ਨੇ ਸਾਰਾ ਖੇਤਰ ਸੀਲ ਕਰ ਰੱਖਿਆ ਹੈ ਅਤੇ ਸ਼ਾਮ ਨੂੰ ਦਿੱਲੀ ਤੋਂ ਗੋਤਾਖੋਰਾਂ ਦੀ ਇੱਕ ਵਿਸ਼ੇਸ਼ ਟੀਮ ਵੀ ਮੌਕੇ ’ਤੇ ਪੁੱਜ ਗਈ ਸੀ। ਹੁਣ ਦਰਜਨ ਤੋਂ ਵੱਧ ਗੋਤਾਖੋਰ ਦੋਵਾਂ ਅਧਿਕਾਰੀਆਂ ਦੀ ਭਾਲ ਵਿੱਚ ਜੁਟੇ ਹੋਏ ਹਨ। ਡੈਮ ਦੇ ਮੁੱਖ ਇੰਜਨੀਅਰ ਰਾਮ ਦਰਸ਼ਨ ਨੇ ਦੱਸਿਆ ਕਿ ਉਨ੍ਹਾਂ ਡੈਮ ਦਾ ਬੇੜਾ ਅਤੇ ਹੋਰ ਸਾਰਾ ਸਾਮਾਨ ਫ਼ੌਜ ਨੂੰ ਦੇ ਦਿੱਤਾ ਹੈ ਅਤੇ ਆਪਣਾ ਸਟਾਫ ਵੀ ਦਿਨ-ਰਾਤ ਸਰਚ ਅਪਰੇਸ਼ਨ ਲਈ ਲਗਾ ਦਿੱਤਾ ਹੈ।

ਪਠਾਨਕੋਟ ਦੇ ਡਿਪਟੀ ਕਮਿਸ਼ਨਰ ਸੰਯਮ ਅਗਰਵਾਲ ਨੇ ਕਿਹਾ ਕਿ ਰਾਤ ਸਮੇਂ ਵੀ ਸਰਚ ਅਪਰੇਸ਼ਨ ਚਲਾਉਣ ਲਈ ਉਨ੍ਹਾਂ ਨੇ ਲਾਈਟ ਆਦਿ ਦੇ ਪ੍ਰਬੰਧ ਕਰਵਾ ਦਿੱਤੇ ਹਨ।

ਜੰਮੂ-ਕਸ਼ਮੀਰ ਦੇ ਕਠੂਆ ਜ਼ਿਲ੍ਹੇ ਦੇ ਐੱਸਐੱਸਪੀ ਆਰਸੀ ਕੋਤਵਾਲ ਨੇ ਕਿਹਾ ਕਿ ਉਹ ਫ਼ੌਜ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇ ਰਹੇ ਹਨ। ਉਨ੍ਹਾਂ ਅਨੁਸਾਰ ਝੀਲ ਵਿੱਚ ਪਾਣੀ ਬਹੁਤ ਡੂੰਘਾ ਹੈ ਅਤੇ ਜੋ ਹੈਲੀਕਾਪਟਰ ਡਿੱਗਿਆ ਹੈ, ਉਹ 150 ਤੋਂ 200 ਫੁੱਟ ਡੂੰਘਾਈ ’ਤੇ ਹੈ। ਇਸ ਕਾਰਨ ਗੋਤਾਖੋਰਾਂ ਨੂੰ ਮੁਸ਼ਕਲ ਆ ਰਹੀ ਹੈ। ਡਿਫੈਂਸ ਦੇ ਪੀਆਰਓ ਕਰਨਲ ਦਵਿੰਦਰ ਆਨੰਦ ਨੇ ਕਿਹਾ ਕਿ ਹੈਲੀਕਾਪਟਰ ਅੰਦਰ ਪਾਇਲਟ ਤੇ ਕੋ-ਪਾਇਲਟ ਸ਼ਾਮਲ ਸਨ ਜੋ ਲਾਪਤਾ ਹਨ। ਸ਼ਾਮ ਤੱਕ ਦੋਹਾਂ ਅਧਿਕਾਰੀਆਂ ਦਾ ਕੋਈ ਵੀ ਪਤਾ ਨਹੀਂ ਲੱਗ ਸਕਿਆ ਸੀ।

Leave a Reply

Your email address will not be published. Required fields are marked *