ਸਮੁੰਦਰੀ ਸੁਰੱਖਿਆ: ਸੰਯੁਕਤ ਰਾਸ਼ਟਰ ’ਚ ਮੋਦੀ ਨੇ ਰੱਖੇ ਪੰਜ ਮੂਲ ਸਿਧਾਂਤ

ਸੰਯੁਕਤ ਰਾਸ਼ਟਰ: ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਦੀ ਅੱਜ ਇਕ ਖੁੱਲ੍ਹੀ ਬਹਿਸ ਦੀ ਅਗਵਾਈ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜ ਮੂਲ ਸਿਧਾਂਤ ਅੱਗੇ ਰੱਖੇ। ਇਨ੍ਹਾਂ ਵਿਚ ਸਮੁੰਦਰੀ ਵਪਾਰ ਦੇ ਅੜਿੱਕੇ ਦੂਰ ਕਰਨਾ ਤੇ ਝਗੜਿਆਂ ਦਾ ਸ਼ਾਂਤੀਪੂਰਨ ਨਿਪਟਾਰਾ ਸ਼ਾਮਲ ਹੈ। ਇਸ ਉੱਚ ਪੱਧਰੀ ਬੈਠਕ ਵਿਚ ਉਨ੍ਹਾਂ ਕਿਹਾ ਕਿ ਇਨ੍ਹਾਂ ਸਿਧਾਂਤਾਂ ਦੇ ਅਧਾਰ ’ਤੇ ਹੀ ਸਮੁੰਦਰੀ ਸੁਰੱਖਿਆ ਵਿਚ ਤਾਲਮੇਲ ਬਾਰੇ ਆਲਮੀ ਪੱਧਰ ’ਤੇ ਯੋਜਨਾਬੰਦੀ ਕੀਤੀ ਜਾ ਸਕੇਗੀ। ‘ਸਮੁੰਦਰੀ ਸੁਰੱਖਿਆ ਨੂੰ ਵਧਾਉਣਾ- ਕੌਮਾਂਤਰੀ ਤਾਲਮੇਲ ਲਈ ਅਹਿਮ’ ਸਿਰਲੇਖ ਹੇਠ ਹੋਈ ਵਿਚਾਰ-ਚਰਚਾ ਵਿਚ ਵੀਡੀਓ ਕਾਨਫਰੰਸ ਰਾਹੀਂ ਬਿਆਨ ਦਿੰਦਿਆਂ ਮੋਦੀ ਨੇ ਕਿਹਾ ਕਿ ਸਮੁੰਦਰੀ ਮਾਰਗਾਂ ਦੀ ਅਤਿਵਾਦੀ ਤੇ ਲੁਟੇਰੇ ਦੁਰਵਰਤੋਂ ਕਰ ਰਹੇ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸਮੁੰਦਰ ਸੰਸਾਰ ਦੀ ਸਾਂਝੀ ਵਿਰਾਸਤ ਹਨ ਤੇ ਸਮੁੰਦਰੀ ਮਾਰਗ ਕੌਮਾਂਤਰੀ ਵਪਾਰ ਦੀ ਜੀਵਨ ਰੇਖਾ ਹਨ। ਮੋਦੀ ਨੇ ਕਿਹਾ ਕਿ ਮੁਲਕਾਂ ਦੀ ਸਾਂਝੀ ਸਮੁੰਦਰੀ ਵਿਰਾਸਤ ਲਈ ਵਰਤਮਾਨ ਵਿਚ ਕਈ ਚੁਣੌਤੀਆਂ ਖੜ੍ਹੀਆਂ ਹੋ ਗਈਆਂ ਹਨ। ਇਸ ਮੌਕੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਵਾਜਬ ਸਮੁੰਦਰੀ ਵਪਾਰ ਵਿਚ ਅੜਿੱਕੇ ਦੂਰ ਕਰਨੇ ਚਾਹੀਦੇ ਹਨ। ਕੌਮਾਂਤਰੀ ਪੱਧਰ ਉਤੇ ਖ਼ੁਸ਼ਹਾਲੀ ਲਈ ਸਮੁੰਦਰੀ ਵਪਾਰ ਬਿਨਾਂ ਅੜਿੱਕਿਆਂ ਤੋਂ ਹੋਣਾ ਜ਼ਰੂਰੀ ਹੈ। ਇਸ ਵਿਚ ਕੋਈ ਵੀ ਅੜਿੱਕਾ ਆਲਮੀ ਆਰਥਿਕਤਾ ਲਈ ਚੁਣੌਤੀ ਬਣ ਸਕਦਾ ਹੈ। ਦੂਜਾ ਸਿਧਾਂਤ ਅੱਗੇ ਰੱਖਦਿਆਂ ਮੋਦੀ ਨੇ ਕਿਹਾ ਕਿ ਸੁਮੰਦਰੀ ਖੇਤਰਾਂ ਬਾਰੇ ਝਗੜੇ ਸ਼ਾਂਤੀਪੂਰਨ ਢੰਗ ਨਾਲ ਹੱਲ ਹੋਣੇ ਚਾਹੀਦੇ ਹਨ ਤੇ ਇਹ ਕੌਮਾਂਤਰੀ ਕਾਨੂੰਨਾਂ ਦੇ ਅਧਾਰ ਉਤੇ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਆਪਸੀ ਭਰੋਸਾ ਕਾਇਮ ਰੱਖਣ ਤੇ ਬੇਯਕੀਨੀ ਦੂਰ ਕਰਨ ਲਈ ਇਹ ਬੇਹੱਦ ਜ਼ਰੂਰੀ ਹੈ। ਭਾਰਤੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਆਲਮੀ ਸ਼ਾਂਤੀ ਤੇ ਸਥਿਰਤਾ ਹਾਸਲ ਕਰਨ ਦਾ ਇਹੀ ਇਕੋ-ਇਕ ਰਾਹ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਵਿਚ ਕਿਹਾ ਕਿ ਕੌਮਾਂਤਰੀ ਭਾਈਚਾਰੇ ਨੂੰ ਕੁਦਰਤੀ ਆਫ਼ਤਾਂ ਦਾ ਸਾਹਮਣਾ ਮਿਲ ਕੇ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਗ਼ੈਰ-ਸਰਕਾਰੀ ਤੱਤ ਜਿਹੜੇ ਸਮੁੰਦਰ ਵਿਚ ਖ਼ਤਰਾ ਪੈਦਾ ਕਰਦੇ ਹਨ, ਉਨ੍ਹਾਂ ਦਾ ਟਾਕਰਾ ਵੀ ਮਿਲ ਕੇ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਨੇ ਇਸ ਖੇਤਰ ਵਿਚ ਕਈ ਕਦਮ ਚੁੱਕੇ ਹਨ। ਮੋਦੀ ਨੇ ਸਮੁੰਦਰੀ ਵਾਤਾਵਰਨ ਤੇ ਸਰੋਤਾਂ ਦੀ ਸਾਂਭ-ਸੰਭਾਲ, ਜ਼ਿੰਮੇਵਾਰ ਸਮੁੰਦਰੀ ਸੰਪਰਕ ਉਤੇ ਵੀ ਜ਼ੋਰ ਦਿੱਤਾ। ਪ੍ਰਧਾਨ ਮੰਤਰੀ ਦਫ਼ਤਰ ਮੁਤਾਬਕ ਮੋਦੀ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਦੀ ਇਸ ਖੁੱਲ੍ਹੀ ਬਹਿਸ ਦੀ ਅਗਵਾਈ ਕਰਨ ਵਾਲੇ ਪਹਿਲੇ ਭਾਰਤੀ ਪ੍ਰਧਾਨ ਮੰਤਰੀ ਹਨ। ਇਸ ਮੀਟਿੰਗ ਵਿਚ ਕਈ ਦੇਸ਼ਾਂ ਦੀਆਂ ਸਰਕਾਰਾਂ ਦੇ ਮੁਖੀਆਂ, ਸਲਾਮਤੀ ਕੌਂਸਲ ਦੀਆਂ ਮੈਂਬਰ ਸਰਕਾਰਾਂ, ਸੰਯੁਕਤ ਰਾਸ਼ਟਰ ਦੇ ਕਈ ਉੱਚ ਪੱਧਰੀ ਅਧਿਕਾਰੀਆਂ ਅਤੇ ਖੇਤਰੀ ਸੰਗਠਨਾਂ ਨੇ ਹਿੱਸਾ ਲਿਆ। ਇਹ ਖੁੱਲ੍ਹੀ ਬਹਿਸ ਸੁਮੰਦਰੀ ਅਪਰਾਧਾਂ ਦਾ ਪ੍ਰਭਾਵੀ ਢੰਗ ਨਾਲ ਟਾਕਰਾ ਕਰਨ ਤੇ ਸਮੁੰਦਰ ਵਿਚ ਤਾਲਮੇਲ ਮਜ਼ਬੂਤ ਕਰਨ ਉਤੇ ਕੇਂਦਰਤ ਸੀ।

Leave a Reply

Your email address will not be published. Required fields are marked *