ਨਾਜਾਇਜ਼ ਸਬੰਧਾਂ ਦੇ ਸ਼ੱਕ ਕਾਰਨ ਕਤਲ

ਲੁਧਿਆਣਾ: ਹੈਬੋਵਾਲ ਦੇ ਪਟੇਲ ਨਗਰ ਇਲਾਕੇ ’ਚ ਅੱਜ ਸਵੇਰੇ ਇੱਕ ਵਿਅਕਤੀ ਨੇ ਨਾਜਾਇਜ਼ ਸਬੰਧਾਂ ਦੇ ਸ਼ੱਕ ਕਾਰਨ ਪਤਨੀ ਨੂੰ ਗੋਲੀ ਮਾਰ ਦਿੱਤੀ। ਪਤਨੀ ਨੂੰ ਗੋਲੀ ਮਾਰਨ ਤੋਂ ਬਾਅਦ ਮੁਲਜ਼ਮ ਨਾਲ ਵਾਲੀ ਗਲੀ ’ਚ ਆਪਣੇ ਸਹੁਰੇ ਘਰ ਗਿਆ ਜਿੱਥੇ ਉਸ ਨੇ ਸੱਸ ਨੂੰ ਵੀ ਗੋਲੀ ਮਾਰ ਦਿੱਤੀ। ਇਸ ਤੋਂ ਬਾਅਦ ਉਹ ਨੂਰਮਹਿਲ ਗਿਆ ਤੇ ਸ਼ੱਕੀ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ।
ਹੈਬੋਵਾਲ ਵਿੱਚ ਜ਼ਖਮੀ ਮਾਂ-ਧੀ ਨੂੰ ਇਲਾਜ ਲਈ ਡੀਐਮਸੀ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਉਨ੍ਹਾਂ ਦੀ ਪਛਾਣ ਜਸਪ੍ਰੀਤ ਕੌਰ ਉਰਫ਼ ਸ਼ਿਵਾਨੀ (34) ਅਤੇ ਵੰਦਨਾ (56) ਵਜੋਂ ਹੋਈ ਹੈ। ਪੁਲੀਸ ਨੇ ਇਸ ਮਾਮਲੇ ’ਚ ਸ਼ਿਵਾਨੀ ਦੇ ਪਤੀ ਜਸਵਿੰਦਰ ਸਿੰਘ ਖਿਲਾਫ਼ ਕਤਲ ਦੀ ਕੋਸ਼ਿਸ਼ ਦਾ ਕੇਸ ਦਰਜ ਕਰ ਲਿਆ ਹੈ।

ਜਾਣਕਾਰੀ ਅਨੁਸਾਰ ਜਸਵਿੰਦਰ ਸਿੰਘ ਦਾ ਪਰਿਵਾਰ ਕੁਝ ਸਮਾਂ ਪਹਿਲਾਂ ਹੀ ਜਲੰਧਰ ਤੋਂ ਲੁਧਿਆਣਾ ਦੇ ਪਟੇਲ ਨਗਰ ’ਚ ਰਹਿਣ ਆਇਆ ਸੀ। ਜਸਵਿੰਦਰ ਨੇ ਆਪਣੇ ਸਹੁਰੇ ਘਰ ਦੇ ਨਾਲ ਵਾਲੀ ਗਲੀ ’ਚ ਕਿਰਾਏ ’ਤੇ ਕਮਰਾ ਲਿਆ ਸੀ। ਉਸ ਨੂੰ ਆਪਣੀ ਪਤਨੀ ਦੇ ਚਰਿੱਤਰ ’ਤੇ ਸ਼ੱਕ ਸੀ ਜਿਸ ਕਾਰਨ ਉਹ ਕਾਫ਼ੀ ਪ੍ਰੇਸ਼ਾਨ ਸੀ। ਉਸ ਦਾ ਅੱਜ ਸਵੇਰੇ ਸਾਢੇ ਪੰਜ ਵਜੇ ਪਤਨੀ ਨਾਲ ਝਗੜਾ ਵੀ ਹੋਇਆ ਸੀ। ਇਸ ਤੋਂ ਬਾਅਦ ਜਸਵਿੰਦਰ ਨੇ ਆਪਣੀ 32 ਬੋਰ ਦੀ ਪਿਸਤੌਲ ਨਾਲ ਪਤਨੀ ਨੂੰ ਗੋਲੀ ਮਾਰ ਦਿੱਤੀ। ਉਸ ਤੋਂ ਬਾਅਦ ਉਹ ਐਕਟਿਵਾ ਲੈਣ ਲਈ ਭੱਜਿਆ। ਸ਼ਿਵਾਨੀ ਨੂੰ ਸ਼ੱਕ ਸੀ ਕਿ ਉਹ ਉਸ ਦੀ ਮਾਂ ਨੂੰ ਗੋਲੀ ਮਾਰਨ ਜਾਵੇਗਾ ਤੇ ਉਹ ਸ਼ਾਰਟਕੱਟ ਰਸਤੇ ਰਾਹੀਂ ਮਾਂ ਕੋਲ ਪੁੱਜ ਗਈ ਪਰ ਜਸਵਿੰਦਰ ਨੇ ਉਸ ਦੀ ਮਾਂ ਨੂੰ ਵੀ ਗੋਲੀ ਮਾਰ ਦਿੱਤੀ।ਏਡੀਸੀਪੀ-3 ਸਮੀਰ ਵਰਮਾ ਨੇ ਦੱਸਿਆ ਕਿ ਪੁਲੀਸ ਨੇ ਇੱਕ ਖੋਲ੍ਹ ਬਰਾਮਦ ਕੀਤਾ ਹੈ।

ਘਰ ਅੰਦਰ ਵੜ ਕੇ ਮਾਰੀਆਂ ਗੋਲੀਆਂ

ਜਲੰਧਰ : ਕਸਬਾ ਨੂਰਮਹਿਲ ਦੇ ਮੁਹੱਲਾ ਖਟੀਕਾ ਦੇ ਇੱਕ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮ੍ਰਿਤਕ ਦੀ ਪਛਾਣ ਰੋਹਿਤ (23) ਵਜੋਂ ਹੋਈ ਹੈ। ਮ੍ਰਿਤਕ ਦੇ ਪਿਤਾ ਰਾਮ ਲੁਭਾਇਆ ਨੇ ਪੁਲੀਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ ਸਵੇਰੇ 7 ਵਜੇ ਦੇ ਕਰੀਬ ਉਨ੍ਹਾਂ ਦੇ ਘਰ ਦਾ ਦਰਵਾਜ਼ਾ ਕਿਸੇ ਨੇ ਖੜਕਾਇਆ ਤਾਂ ਰੋਹਿਤ ਨੇ ਦਰਵਾਜ਼ਾ ਖੋਲ੍ਹਿਆ। ਇਸ ਦੌਰਾਨ ਰੋਹਿਤ ਦੀ ਪਛਾਣ ਵਾਲਾ ਵਿਅਕਤੀ ਅੰਦਰ ਆਇਆ। ਰੋਹਿਤ ਉਸ ਲਈ ਚਾਹ ਬਣਾਉਣ ਲਈ ਜਦੋਂ ਰਸੋਈ ਵਿੱਚ ਗਿਆ ਤਾਂ ਉਸ ਵਿਅਕਤੀ ਨੇ ਰੋਹਿਤ ਦੇ ਸਿਰ ਵਿੱਚ ਗੋਲੀਆਂ ਮਾਰ ਦਿੱਤੀਆਂ ਤੇ ਐਕਟਿਵਾ ’ਤੇ ਫ਼ਰਾਰ ਹੋ ਗਿਆ। ਰਾਮ ਲੁਭਾਇਆ ਨੇ ਦੱਸਿਆ ਕਿ ਜਦੋਂ ਗੋਲੀ ਦੀ ਆਵਾਜ਼ ਸੁਣ ਕੇ ਉਹ ਕਮਰੇ ਵਿੱਚੋਂ ਬਾਹਰ ਆਏ ਤਾਂ ਰੋਹਿਤ ਰਸੋਈ ਵਿੱਚ ਲਹੂਲੁਹਾਣ ਹੋਇਆ ਪਿਆ ਸੀ ਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਚੁੱਕੀ ਸੀ। ਉਨ੍ਹਾਂ ਤੁਰੰਤ ਨੂਰਮਹਿਲ ਥਾਣੇ ਸੂਚਨਾ ਨੂੰ ਦਿੱਤੀ ਜਿਸ ਤੋਂ ਬਾਅਦ ਦਿਹਾਤੀ ਪੁਲੀਸ ਦੇ ਐੱਸਐੱਸਪੀ ਨਵੀਨ ਸਿੰਗਲਾ ਤੇ ਪੁਲੀਸ ਅਧਿਕਾਰੀਆਂ ਨੇ ਜਾਇਜ਼ਾ ਲਿਆ।

Leave a Reply

Your email address will not be published. Required fields are marked *