ਮੋਦੀ ਨੇ ਰਾਜ ਸਭਾ ’ਚੋਂ ਗ਼ੈਰਹਾਜ਼ਰ ਭਾਜਪਾ ਮੈਂਬਰਾਂ ਦੀ ਸੂਚੀ ਮੰਗੀ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੀਤੇ ਦਿਨ ਰਾਜ ਸਭਾ ’ਚ ਟ੍ਰਿਬਿਊਨਲ ਸੋਧ ਬਿੱਲ, 2021 ਪਾਸ ਕੀਤੇ ਜਾਣ ਸਮੇਂ ਭਾਰਤੀ ਜਨਤਾ ਪਾਰਟੀ ਦੇ ਜ਼ਿਆਦਾਤਰ ਮੈਂਬਰਾਂ ਦੇ ਗ਼ੈਰਹਾਜ਼ਰ ਰਹਿਣ ’ਤੇ ਅੱਜ ਨਾਰਾਜ਼ਗੀ ਜ਼ਾਹਿਰ ਕੀਤੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਭਾਜਪਾ ਸੰਸਦੀ ਪਾਰਟੀ ਦੀ ਮੀਟਿੰਗ ’ਚ ਇਸ ’ਤੇ ਨਾਰਾਜ਼ਗੀ ਜ਼ਾਹਿਰ ਕਰਦਿਆਂ ਪ੍ਰਧਾਨ ਮੰਤਰੀ ਨੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਜ ਜੋਸ਼ੀ ਤੋਂ ਉਨ੍ਹਾਂ ਸੰਸਦ ਮੈਂਬਰਾਂ ਦੀ ਸੂਚੀ ਮੰਗਵਾਈ ਹੈ ਜੋ ਬੀਤੇ ਦਿਨ ਬਿੱਲ ਪਾਸ ਹੋਣ ਦੌਰਾਨ ਸਦਨ ’ਚ ਹਾਜ਼ਰ ਨਹੀਂ ਸਨ। ਜ਼ਿਕਰਯੋਗ ਹੈ ਕਿ ਰਾਜ ਸਭਾ ’ਚ ਬੀਤੇ ਦਿਨ ਸੰਖੇਪ ਚਰਚਾ ਮਗਰੋਂ ਵਿਰੋਧੀ ਧਿਰ ਦੇ ਹੰਗਾਮੇ ਵਿਚਾਲੇ ਟ੍ਰਿਬਿਊਨਲ ਸੋਧ ਬਿੱਲ 2021 ਨੂੰ ਮਨਜ਼ੂਰੀ ਦਿੱਤੀ ਗਈ ਸੀ। ਸੂਤਰਾਂ ਨੇ ਦੱਸਿਆ ਕਿ ਮੀਟਿੰਗ ਦੌਰਾਨ ਟੋਕੀਓ ਓਲੰਪਿਕ ’ਚ ਭਾਰਤੀ ਖਿਡਾਰੀਆਂ ਦੇ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ ਗਈ ਤੇ ਤਗਮੇ ਜਿੱਤਣ ਵਾਲਿਆਂ ਦਾ ਖੜ੍ਹੇ ਹੋ ਕੇ ਤੇ ਤਾੜੀਆਂ ਮਾਰ ਕੇ ਸਨਮਾਨ ਕੀਤਾ ਗਿਆ। ਪ੍ਰਧਾਨ ਮੰਤਰੀ ਨੇ ਇਸ ਮੌਕੇ ਸਾਰੇ ਸੰਸਦ ਮੈਂਬਰਾਂ ਨੂੰ ਕਿਹਾ ਕਿ ਉਹ ਆਪੋ-ਆਪਣੇ ਖੇਤਰਾਂ ’ਚ ਕ੍ਰਿਕਟ ਤੋਂ ਇਲਾਵਾ ਹੋਰ ਸਥਾਨਕ ਖੇਡਾਂ ਨੂੰ ਉਤਸ਼ਾਹ ਦੇਣ ਤਾਂ ਜੋ ਆਉਣ ਵਾਲੇ ਸਮੇਂ ’ਚ ਹੋਰ ਖਿਡਾਰੀ ਉੱਭਰਨ। ਇਸ ਲਈ ਉਨ੍ਹਾਂ ਸੰਸਦ ਮੈਂਬਰਾਂ ਨੂੰ ਖੇਡਾਂ ਨਾਲ ਸਬੰਧਤ ਬੁਨਿਆਦੀ ਢਾਂਚਾ ਵਿਕਸਤ ਕਰਨ ਲਈ ਕਿਹਾ। ਮੀਟਿੰਗ ਦੌਰਾਨ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੀ ਮੀਟਿੰਗ ਬਾਰੇ ਸੰਸਦ ਮੈਂਬਰਾਂ ਨੂੰ ਦੱਸਿਆ।

Leave a Reply

Your email address will not be published. Required fields are marked *