ਚੀਨ ਨੇ ਚੰਦ ਤੋਂ ਸੈਂਪਲ ਲੈਣ ਲਈ ਪੁਲਾੜ ਜਹਾਜ਼ ਭੇਜਿਆ

ਪੇਈਚਿੰਗ : ਚੀਨ ਨੇ ਚੰਦ ਤੋਂ ਸੈਂਪਲ ਇਕੱਠੇ ਕਰਨ ਲਈ ਆਪਣਾ ਪਹਿਲਾ ਪੁਲਾੜ ਮਿਸ਼ਨ ਸਫ਼ਲਤਾ ਨਾਲ ਲਾਂਚ ਕਰ ਦਿੱਤਾ ਹੈ। ਇਹ ਮਿਸ਼ਨ ਪੁਲਾੜ ਯਾਤਰੀਆਂ ਤੋਂ ਬਗੈਰ ਹੈ ਤੇ ਪੁਲਾੜ ਜਹਾਜ਼ ਸੈਂਪਲ ਲੈ ਕੇ ਧਰਤੀ ਉਤੇ ਪਰਤੇਗਾ। ਚੀਨ ਵੱਲੋਂ ਧਰਤੀ ਤੋਂ ਬਾਹਰ ਕਿਸੇ ਗ੍ਰਹਿ ਉਤੇ ਸਮੱਗਰੀ ਇਕੱਤਰ ਕਰਨ ਲਈ ਭੇਜਿਆ ਗਿਆ ਇਹ ਪਹਿਲਾ ਮਿਸ਼ਨ ਹੈ। ‘ਚਾਂਗ ਈ-5’ ਲੂਨਰ ਪ੍ਰੋਬ ਨੂੰ ਸਫ਼ਲਤਾ ਨਾਲ ਵੇਨਚੈਂਗ ਲਾਂਚ ਸਾਈਟ ਤੋਂ ਭੇਜਿਆ ਗਿਆ ਹੈ ਜੋ ਕਿ ਦੱਖਣ ਵਿਚ ਪੈਂਦੇ ਸੂਬੇ ਹੈਨਾਨ ’ਚ ਸਥਿਤ ਹੈ। ਪੁਲਾੜ ਜਹਾਜ਼ ਨੂੰ ‘ਲੌਂਗ ਮਾਰਚ-5 ਰਾਕੇਟ’ ਰਾਹੀਂ ਸਵੇਰੇ 4.30 ਵਜੇ ਦਾਗਿਆ ਗਿਆ ਹੈ। ਇਸ ਮਿਸ਼ਨ ਨੂੰ ਚੀਨ ਦੇ ਇਤਿਹਾਸ ਵਿਚ ਹੁਣ ਤੱਕ ਦਾ ਸਭ ਤੋਂ ਗੁੰਝਲਦਾਰ ਮਿਸ਼ਨ ਮੰਨਿਆ ਜਾ ਰਿਹਾ ਹੈ। ਆਲਮੀ ਪੱਧਰ ’ਤੇ ਵੀ ਕਰੀਬ 40 ਸਾਲਾਂ ਬਾਅਦ ਕੋਈ ਮਿਸ਼ਨ ਚੰਦ ਉਤੇ ਸੈਂਪਲ ਲੈਣ ਦੇ ਮਕਸਦ ਨਾਲ ਭੇਜਿਆ ਗਿਆ ਹੈ। ਇਸ ਤੋਂ ਪਹਿਲਾਂ ਅਮਰੀਕਾ ਨੇ ਨਮੂਨੇ ਇਕੱਤਰ ਕਰਨ ਲਈ ਆਪਣੇ ਪੁਲਾੜ ਯਾਤਰੀ ਚੰਦ ਉਤੇ ਭੇਜੇ ਸਨ। ਸੋਵੀਅਤ ਸੰਘ ਵੀ ਬਿਨਾਂ ਮਨੁੱਖਾਂ ਤੋਂ ਇਸ ਤਰ੍ਹਾਂ ਦਾ ਮਿਸ਼ਨ ਭੇਜ ਚੁੱਕਾ ਹੈ। ਪੁਲਾੜ ਜਹਾਜ਼ ਚੰਦ ਤੋਂ ਸਿੱਧਾ ਧਰਤੀ ਉਤੇ ਪਰਤਿਆ ਸੀ। ਚੀਨ ਦੀ ਕੌਮੀ ਪੁਲਾੜ ਅਥਾਰਿਟੀ ਮੁਤਾਬਕ ਉਨ੍ਹਾਂ ਵੱਲੋਂ ਭੇਜੇ ਗਏ ਮਿਸ਼ਨ ਵਿਚ ਵੱਖਰੀ ਤਕਨੀਕ ਦੀ ਵਰਤੋਂ ਕੀਤੀ ਗਈ ਹੈ। ਪੰਧ ਉਤੇ ਪੈਣ ਲਈ ਵੀ ਇਹ ਗੁੰਝਲਦਾਰ ਤਰੀਕਾ ਵਰਤੇਗਾ ਤੇ ਜ਼ਿਆਦਾ ਸੈਂਪਲ ਲੈ ਕੇ ਪਰਤੇਗਾ। ਇਸ ਨਾਲ ਭਵਿੱਖ ਵਿਚ ਮਨੁੱਖੀ ਮਿਸ਼ਨਾਂ ਦੇ ਅਸਾਰ ਬਣ ਸਕਦੇ ਹਨ। ਮਿਸ਼ਨ ਵਿਗਿਆਨ ਤੇ ਤਕਨੀਕੀ ਵਿਕਾਸ ਦੇ ਖੇਤਰ ਵਿਚ ਵੀ ਚੀਨ ਨੂੰ ਦੁਨੀਆ ’ਚ ਵਧੇਰੇ ਮਜ਼ਬੂਤੀ ਨਾਲ ਸਥਾਪਿਤ ਕਰੇਗਾ। ‘ਚਾਂਗ ਈ-5’ ਦੇ ਦਸੰਬਰ ਦੇ ਸ਼ੁਰੂ ਵਿਚ ਚੰਦ ਉਤੇ ਉਤਰਨ ਦੀ ਸੰਭਾਵਨਾ ਹੈ। ਸੈਂਪਲ ਰੋਬੋਟ ਇਕੱਠੇ ਕਰ ਕੇ ਪੁਲਾੜ ਜਹਾਜ਼ ਵਿਚ ਰੱਖੇਗਾ। ਪੂਰੀ ਉਡਾਣ ਕਰੀਬ 20 ਦਿਨ ਦੀ ਹੋਵੇਗੀ।