ਟਰੰਪ ਖ਼ਿਲਾਫ਼ ਹੁਣ ਸੈਨੇਟ ’ਚ ਜਾਵੇਗਾ ਮਹਾਦੋਸ਼ ਦਾ ਮਤਾ

ਵਾਸ਼ਿੰਗਟਨ : ਪਿਛਲੇ ਹਫ਼ਤੇ ਅਮਰੀਕੀ ਸੰਸਦ ਕੈਪੀਟਲ ਹਿੱਲ ’ਤੇ ਦੰਗੇ ਭੜਕਾਉਣ ਦੇ ਦੋਸ਼ਾਂ ਹੇਠ ਪ੍ਰਤੀਨਿਧ ਸਭਾ ਨੇ ਰਾਸ਼ਟਰਪਤੀ ਡੋਨਲਡ ਟਰੰਪ ਖ਼ਿਲਾਫ਼ ਦੂਜੀ ਵਾਰ ਇਤਿਹਾਸਕ ਮਹਾਦੋਸ਼ ਚਲਾਉਣ ਦਾ ਮਤਾ ਪਾਸ ਕਰ ਦਿੱਤਾ ਹੈ। ਹੁਣ ਇਹ ਮਤਾ ਸੈਨੇਟ ’ਚ ਪੇਸ਼ ਕੀਤਾ ਜਾਵੇਗਾ ਜਿਥੇ ਟਰੰਪ ਨੂੰ ਗੱਦੀਓਂ ਉਤਾਰਨ ਲਈ ਬਹਿਸ ਮਗਰੋਂ ਵੋਟਿੰਗ ਹੋ ਸਕਦੀ ਹੈ। ਸੈਨੇਟ 19 ਜਨਵਰੀ ਤੱਕ ਮੁਲਤਵੀ ਹੈ ਅਤੇ ਇਕ ਦਿਨ ਬਾਅਦ ਹੀ ਜੋਅ ਬਾਇਡਨ ਨੇ ਮੁਲਕ ਦੇ ਨਵੇਂ ਸਦਰ ਵਜੋਂ ਹਲਫ਼ ਲੈਣਾ ਹੈ। ਬਾਇਡਨ ਨੇ ਆਸ ਜਤਾਈ ਹੈ ਕਿ ਸੈਨੇਟ ਹੋਰ ਅਹਿਮ ਮੁੱਦਿਆਂ ’ਤੇ ਵਿਚਾਰ ਕਰਦਿਆਂ ਟਰੰਪ ਖ਼ਿਲਾਫ਼ ਮਹਾਦੋਸ਼ ਦੀ ਕਾਰਵਾਈ ਨੂੰ ਚਲਾਵੇਗੀ। ਉਨ੍ਹਾਂ ਕਿਹਾ ਕਿ ਪ੍ਰਤੀਨਿਧ ਸਭਾ ਦੇ ਮੈਂਬਰਾਂ ਨੇ ਅਮਰੀਕੀ ਸੰਵਿਧਾਨ ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਮਹਾਦੋਸ਼ ਦੇ ਪੱਖ ’ਚ ਵੋਟ ਦਿੱਤੇ ਤਾਂ ਜੋ ਰਾਸ਼ਟਰਪਤੀ ਨੂੰ ਜਵਾਬਦੇਹ ਠਹਿਰਾਇਆ ਜਾ ਸਕੇ। ਪ੍ਰਤੀਨਿਧ ਸਭਾ ਦੀ ਸਪੀਕਰ ਨੈਨਸੀ ਪੈਲੋਸੀ ਨੇ ਕਿਹਾ ਕਿ ਅਮਰੀਕਾ ਦੇ ਰਾਸ਼ਟਰਪਤੀ ਨੇ ਮੁਲਕ ਖ਼ਿਲਾਫ਼ ਦੇਸ਼ਧ੍ਰੋਹ ਅਤੇ ਹਥਿਆਰਬੰਦ ਬਗ਼ਾਵਤ ਨੂੰ ਭੜਕਾਇਆ ਅਤੇ ਉਸ ਨੂੰ ਅਹੁਦੇ ਤੋਂ ਹਟਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਨੂੰ ਸੈਨੇਟ ਵੱਲੋਂ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਤਾਂ ਜੋ ਇਸ ਵਿਅਕਤੀ ਤੋਂ ਗਣਰਾਜ ਸੁਰੱਖਿਅਤ ਰਹੇ। ਜ਼ਿਕਰਯੋਗ ਹੈ ਕਿ ਬੁੱਧਵਾਰ ਨੂੰ ਪ੍ਰਤੀਨਿਧ ਸਭਾ ਨੇ ਟਰੰਪ ਖ਼ਿਲਾਫ਼ ਮਹਾਦੋਸ਼ ਦਾ ਮਤਾ 197 ਦੇ ਮੁਕਾਬਲੇ 232 ਵੋਟਾਂ ਨਾਲ ਪਾਸ ਕਰ ਦਿੱਤਾ ਸੀ।