ਪ੍ਰਕਾਸ਼ ਪੁਰਬ ਮਨਾਉਣ ਲਈ ਜਥਾ ਪਾਕਿਸਤਾਨ ਪੁੱਜਿਆ

ਅੰਮ੍ਰਿਤਸਰ : ਗੁਰੂ ਨਾਨਕ ਦੇਵ ਦਾ 551ਵਾਂ ਪ੍ਰਕਾਸ਼ ਪੁਰਬ ਮਨਾਉਣ ਲਈ 603 ਸ਼ਰਧਾਲੂਆਂ ਦਾ ਜਥਾ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਜਥੇਦਾਰ ਅਮਰਜੀਤ ਸਿੰਘ ਭਲਾਈਪੁਰ ਦੀ ਅਗਵਾਈ ਹੇਠ ਅਟਾਰੀ-ਵਾਹਗਾ ਸਰਹੱਦ ਰਸਤੇ ਪਾਕਿਸਤਾਨ ਗਿਆ ਹੈ। ਇਹ ਪਹਿਲਾ ਮੌਕਾ ਹੈ ਜਦੋਂ ਗੁਰੂ ਨਾਨਕ ਦੇਵ ਦਾ ਪ੍ਰਕਾਸ਼ ਦਿਹਾੜਾ ਮਨਾਉਣ ਲਈ ਜਥਾ ਸੜਕ ਰਾਹੀਂ ਪਾਕਿਸਤਾਨ ਰਵਾਨਾ ਹੋਇਆ ਹੈ। ਇਸ ਤੋਂ ਪਹਿਲਾਂ ਗੁਰਧਾਮਾਂ ਦੀ ਯਾਤਰਾ ਅਤੇ ਗੁਰਪੁਰਬ ਮਨਾਉਣ ਲਈ ਜਥੇ ਵਿਸ਼ੇਸ਼ ਰੇਲ ਗੱਡੀਆਂ ਰਾਹੀਂ ਪਾਕਿਸਤਾਨ ਜਾਂਦੇ ਸਨ। ਕਰੋਨਾ ਕਾਰਨ ਇਸ ਵਾਰ ਗੁਰਦੁਆਰਾ ਜਨਮ ਅਸਥਾਨ, ਨਨਕਾਣਾ ਸਾਹਿਬ ਵਿੱਚ ਪ੍ਰਕਾਸ਼ ਪੁਰਬ ਮਨਾਉਣ ਲਈ ਭਾਰਤ ਤੋਂ ਜਾਣ ਵਾਲੇ 960 ਸ਼ਰਧਾਲੂਆਂ ਨੂੰ ਪੰਜ ਦਿਨਾਂ ਦਾ ਹੀ ਵੀਜ਼ਾ ਮਿਲਿਆ ਹੈ।
ਪਾਕਿਸਤਾਨ ਲਈ ਰਵਾਨਾ ਹੋਣ ਤੋਂ ਪਹਿਲਾਂ ਅਟਾਰੀ ਸਰਹੱਦ ’ਤੇ ਗੱਲਬਾਤ ਕਰਦਿਆਂ ਜਥੇਦਾਰ ਭਲਾਈਪੁਰ ਨੇ ਦੱਸਿਆ ਕਿ ਸਿਰਫ ਪੰਜ ਦਿਨਾਂ ਦਾ ਵੀਜ਼ਾ ਮਿਲਣ ਕਾਰਨ ਇਹ ਜਥਾ ਅਟਾਰੀ-ਵਾਹਗਾ ਸਰਹੱਦ ਤੋਂ ਸਿੱਧਾ ਨਨਕਾਣਾ ਸਾਹਿਬ ਜਾਵੇਗਾ ਅਤੇ ਉਥੇ ਹੀ ਠਹਿਰੇਗਾ। ਉਥੇ 30 ਨਵੰਬਰ ਨੂੰ ਗੁਰਦੁਆਰਾ ਜਨਮ ਅਸਥਾਨ ਵਿੱਚ ਗੁਰੂ ਸਾਹਿਬ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾਵੇਗਾ ਅਤੇ ਪਹਿਲੀ ਦਸੰਬਰ ਨੂੰ ਜਥਾ ਨਨਕਾਣਾ ਸਾਹਿਬ ਤੋਂ ਪਰਤ ਆਵੇਗਾ। ਉਨ੍ਹਾਂ ਦੱਸਿਆ ਕਿ ਇਸ ਵਾਰ ਸਿੱਖ ਸ਼ਰਧਾਲੂ ਸਿਰਫ ਗੁਰਦੁਆਰਾ ਜਨਮ ਅਸਥਾਨ ਤੋਂ ਇਲਾਵਾ ਨਨਕਾਣਾ ਸਾਹਿਬ ਸਥਿਤ ਸਥਾਨਕ ਗੁਰਦੁਆਰਿਆਂ ਦੇ ਹੀ ਦਰਸ਼ਨ ਕਰ ਸਕਣਗੇ। ਇਸ ਦੌਰਾਨ ਜਥੇ ਵਿੱਚ ਸ਼ਾਮਲ ਪਟਿਆਲਾ ਦੇ ਪਰਮਜੀਤ ਸਿੰਘ ਨੇ ਦੱਸਿਆ ਕਿ ਉਹ ਗੁਰਦੁਆਰਾ ਜਨਮ ਅਸਥਾਨ ਦੇ ਦਰਸ਼ਨ ਕਰਨ ਲਈ ਪਹਿਲੀ ਵਾਰ ਪਾਕਿਸਤਾਨ ਜਾ ਰਿਹਾ ਹੈ।
ਨਨਕਾਣਾ ਸਾਹਿਬ ਸਥਿਤ ਗੁਰਦੁਆਰਾ ਬਾਲ ਲੀਲ੍ਹਾ ਵਿੱਚ ਕਾਰ ਸੇਵਾ ਕਰਵਾ ਰਹੇ ਬਾਬਾ ਸਤਨਾਮ ਸਿੰਘ ਲੰਗਰ ਲਈ ਰਸਦ ਲੈ ਕੇ ਗਏ ਹਨ। ਇਸੇ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਪਾਲਕੀ ਸਾਹਿਬ, ਲੰਗਰ ਲਈ ਬਰਤਨ ਅਤੇ ਹੋਰ ਵਸਤਾਂ ਵੀ ਭੇਜੀਆਂ ਗਈਆਂ ਹਨ।
ਵੱਡੀ ਗਿਣਤੀ ਵੀਜ਼ੇ ਰੱਦ ਹੋਣ ਕਾਰਨ ਸੰਗਤ ਨਿਰਾਸ਼: ਲੌਂਗੋਵਾਲ
ਸ਼੍ਰੋਮਣੀ ਕਮੇਟੀ ਦਫ਼ਤਰ ਤੋਂ ਜਥੇ ਦੀ ਰਵਾਨਗੀ ਮੌਕੇ ਗੋਬਿੰਦ ਸਿੰਘ ਲੌਂਗੋਵਾਲ ਨੇ ਜਥੇ ਦੀ ਅਗਵਾਈ ਕਰ ਰਹੇ ਸ਼੍ਰੋਮਣੀ ਕਮੇਟੀ ਮੈਂਬਰ ਅਮਰਜੀਤ ਸਿੰਘ ਭਲਾਈਪੁਰ, ਗੁਰਮੀਤ ਸਿੰਘ ਬੂਹ, ਹਰਪਾਲ ਸਿੰਘ ਜੱਲ੍ਹਾ, ਬਲਵਿੰਦਰ ਸਿੰਘ ਵੇਈਂਪੂਈਂ ਨੂੰ ਸਿਰੋਪਾਓ ਭੇਟ ਕੀਤਾ। ਇਸ ਮੌਕੇ ਲੌਂਗੋਵਾਲ ਨੇ ਕਿਹਾ ਕਿ ਸਿੱਖ ਸੰਗਤ ਵਿੱਚ ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨਾਂ ਦੀ ਤਾਂਘ ਹਮੇਸ਼ਾ ਰਹਿੰਦੀ ਹੈ ਪਰ ਪਾਕਿਸਤਾਨ ਦੂਤਾਵਾਸ ਵੱਲੋਂ ਸ਼ਰਧਾਲੂਆਂ ਦੇ ਵੱਡੀ ਗਿਣਤੀ ਵਿਚ ਵੀਜ਼ੇ ਰੱਦ ਕਰਨ ਨਾਲ ਸੰਗਤ ਦੀ ਸ਼ਰਧਾ ਨੂੰ ਠੇਸ ਪੁੱਜੀ ਹੈ। ਇਸ ਦੌਰਾਨ ਉਨ੍ਹਾਂ ਸੰਗਤ ਨੂੰ ਅਪੀਲ ਕੀਤੀ ਕਿ ਉਹ ਕਰੋਨਾ ਤੋਂ ਬਚਣ ਲਈ ਸਿਹਤ ਵਿਭਾਗ ਦੇ ਨਿਰਦੇਸ਼ਾਂ ਦਾ ਪਾਲਣ ਕਰਨ।