ਭਾਰਤ ਸਰਕਾਰ ਨੇ ਪੰਨੂ ਸਣੇ 9 ਪਰਵਾਸੀ ਸਿੱਖ ‘ਅੱਤਵਾਦੀ’ ਐਲਾਨੇ

ਨਵੀਂ ਦਿੱਲੀ : ਭਾਰਤ ਸਰਕਾਰ ਨੇ ਅੱਜ ਨੌਂ ਪਰਵਾਸੀ ਸਿੱਖਾਂ ਨੂੰ ਕਥਿੱਤ ਰਾਸ਼ਟਰ ਦੇ ਵਿਰੁੱਧ ਕਾਰਵਾਈਆਂ ਰਾਹੀਂ ਪੰਜਾਬ ਵਿੱਚ ਮੁੜ ਖਾੜਕੂ ਲਹਿਰ ਲਿਆਉਣ ਦੀਆਂ ਕੋਸ਼ਿਸ਼ਾਂ ਦੇ ਦੋਸ਼ ਹੇਠ ‘ਅਤਿਵਾਦੀ’ ਐਲਾਨਿਆ ਹੈ। ਗ੍ਰਹਿ ਮਾਮਲਿਆਂ ਬਾਰੇ ਮੰਤਰਾਲੇ ਨੇ ਵਿਦੇਸ਼ਾਂ ਵਿੱਚ ਵਸਦੇ ਇਨ੍ਹਾਂ ਵਿਅਕਤੀਆਂ ਨੂੰ ਸਰਹੱਦ ਪਾਰੋਂ ਹੁੰਦੇ ਦਹਿਸ਼ਤੀ ਕਾਰਿਆਂ ਵਿੱਚ ਸ਼ਮੂਲੀਅਤ ਕਾਰਨ ਇਨ੍ਹਾਂ ਖ਼ਿਲਾਫ਼ ਗੈਰਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ ਦੀਆਂ ਧਾਰਾਵਾਂ ਲਾ ਕੇ ਅਤਿਵਾਦੀ ਐਲਾਨਿਆ ਹੈ। ਅਤਿਵਾਦੀ ਐਲਾਨੇ ਵਿਅਕਤੀਆਂ ਵਿੱਚ ਅਮਰੀਕਾ ਦੀ ਗੈਰਕਾਨੂੰਨੀ ਜਥੇਬੰਦੀ ਸਿੱਖਸ ਫਾਰ ਜਸਟਿਸ ਦੇ ਮੁੱਖ ਮੈਂਬਰ ਗੁਰਪਤਵੰਤ ਸਿੰਘ ਪੰਨੂੰ, ਯੂਕੇ ਦੀ ਅਤਿਵਾਦੀ ਜਥੇਬੰਦੀ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਮੁਖੀ ਪਰਮਜੀਤ ਸਿੰਘ ਅਤੇ ਕੈਨੇਡਾ ਦੀ ਖਾਲਿਸਤਾਨ ਟਾਈਗਰ ਫੋਰਸ ਦੇ ਮੁਖੀ ਹਰਦੀਪ ਸਿੰਘ ਨਿੱਝਰ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਜਰਮਨੀ ਦੀ ਅਤਿਵਾਦੀ ਜਥੇਬੰਦੀ ਖ਼ਾਲਿਸਤਾਨ ਜ਼ਿੰਦਾਬਾਦ ਫੋਰਸ ਦੇ ਮੁੱਖ ਮੈਂਬਰ ਭੁਪਿੰਦਰ ਸਿੰਘ ਭਿੰਦਾ ਅਤੇ ਗੁਰਮੀਤ ਸਿੰਘ ਬੱਗਾ, ਪਾਕਿਸਤਾਨ ਦੀ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਮੁਖੀ ਵਧਾਵਾ ਸਿੰਘ ਬੱਬਰ, ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਦੇ ਮੁਖੀ ਲਖਬੀਰ ਸਿੰਘ, ਖ਼ਾਲਿਸਤਾਨ ਜ਼ਿੰਦਾਬਾਦ ਫੋਰਸ ਦੇ ਮੁਖੀ ਰਣਜੀਤ ਸਿੰਘ ਅਤੇ ਖ਼ਾਲਿਸਤਾਨ ਕਮਾਂਡੋ ਫੋਰਸ ਦੇ ਮੁਖੀ ਪਰਮਜੀਤ ਸਿੰਘ ਨੂੰ ਅਤਿਵਾਦੀ ਐਲਾਨਿਆ ਗਿਆ ਹੈ।