ਮੂਸੇਵਾਲਾ ਦੀ ਰੀਸ ਕਰਦੇ 12 ਨੌਜਵਾਨ ਸਰੀ ਪੁਲੀਸ ਨੇ ਫੜੇ

ਵੈਨਕੂਵਰ : ਸਰੀ ਪੁਲੀਸ ਨੇ ਕੋਲ ਬਰੁੱਕ ਰੋਡ ਲਾਗੇ ਬਣੇ ਪਾਰਕ ਵਿਚ ਸਪੋਰਟਸ ਕਾਰਾਂ ਦੀਆਂ ਰੇਸਾਂ ਅਤੇ ਨਕਲੀ ਬੰਦੂਕਾਂ ਨਾਲ ਫਾਇਰ ਕਰ ਕੇ ਵੀਡੀਓ ਬਣਵਾ ਰਹੇ 12 ਪੰਜਾਬੀ ਨੌਜਵਾਨਾਂ ਨੂੰ ਕਾਬੂ ਕੀਤਾ ਹੈ। ਜਦੋਂ ਪੁਲੀਸ ਮੌਕੇ ’ਤੇ ਪਹੁੰਚੀ ਤਾਂ ਗਾਇਕ ਸਿੱਧੂ ਮੂਸੇਵਾਲਾ ਦੀ ਰੀਸ ਕਰ ਰਹੇ ਨੌਜਵਾਨਾਂ ਨੇ ਭੱਜਣ ਦੇ ਯਤਨ ਕੀਤੇ ਪਰ ਪੁਲੀਸ ਦੀ ਵੱਡੀ ਨਫ਼ਰੀ ਨੇ ਸਾਰਿਆਂ ਨੂੰ ਫੜ ਲਿਆ। ਵਧੀਆ ਗੱਲ ਇਹ ਰਹੀ ਕਿ ਪੁਲੀਸ ਨੇ ਅਸਲੀ ਬੰਦੂਕਾਂ ਦੇ ਭੁਲੇਖੇ ਨੌਜਵਾਨਾਂ ਉੱਤੇ ਗੋਲੀਆਂ ਨਹੀਂ ਚਲਾਈਆਂ, ਨਹੀਂ ਤਾਂ ਜਾਨੀ ਨੁਕਸਾਨ ਹੋ ਸਕਦਾ ਸੀ। ਨਗਰ ਕੌਂਸਲ ਨਿਯਮਾਂ ਮੁਤਾਬਕ ਪਾਰਕ ਦੀ ਦੁਰਵਰਤੋਂ ਬਦਲੇ ਫੜੇ ਗਏ ਹਰੇਕ ਨੌਜਵਾਨ ਨੂੰ 200 ਡਾਲਰ ਜੁਰਮਾਨਾ ਦੇਣਾ ਪਵੇਗਾ। ਪੁੱਛ-ਗਿੱਛ ’ਚ ਪਤਾ ਲੱਗਾ ਕਿ ਨੌਜਵਾਨਾਂ ਨੇ ਚੱਲਦੀਆਂ ਗੋਲੀਆਂ ਤੇ ਭੱਜਦੀਆਂ ਕਾਰਾਂ ਵਾਲੀ ਵੀਡੀਓ ਬਣਾ ਕੇ ਟਿਕਟੌਕ ਉੱਤੇ ਅਪਲੋਡ ਕਰਨੀ ਸੀ। ਬੇਸ਼ੱਕ ਪੁਲੀਸ ਨੇ ਊਨ੍ਹਾਂ ਦੀ ਪਛਾਣ ਨਸ਼ਰ ਨਹੀਂ ਕੀਤੀ ਹੈ ਪਰ ਵਾਇਰਲ ਹੋਈ ਵੀਡੀਓ ਵਿਚ ਉਹ ਪੰਜਾਬੀ ਬੋਲਦੇ ਦਿਖਾਈ ਦਿੰਦੇ ਹਨ। ਅਪੁਸ਼ਟ ਜਾਣਕਾਰੀ ਅਨੁਸਾਰ ਫੜੇ ਗਏ 12 ’ਚੋਂ 10 ਵਿਦਿਆਰਥੀ ਵੀਜ਼ੇ ਵਾਲੇ ਹਨ। ਸੂਤਰਾਂ ਨੇ ਕਿਹਾ ਕਿ ਨੌਜਵਾਨਾਂ ਦੇ ਨਾਂ ਪੁਲੀਸ ਰਿਕਾਰਡ ਵਿਚ ਆਉਣ ਕਾਰਨ ਉਨ੍ਹਾਂ ਦੇ ਪੱਕੇ ਹੋਣ ਦੇ ਰਾਹ ਬੰਦ ਹੋ ਸਕਦੇ ਹਨ।