ਫਰਿਜ਼ਨੋ ਚ ਗੋਲੀ ਮਾਰ ਕੇ ਕੀਤਾ ਵਿਅਕਤੀ ਦਾ ਕਤਲ

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਫਰਿਜ਼ਨੋ ਸ਼ਹਿਰ ‘ਚ ਹੁੰਦੇ ਕਤਲਾਂ ਦੀ ਸੂਚੀ ‘ਚ ਸ਼ੁੱਕਰਵਾਰ ਨੂੰ ਇੱਕ ਹੋਰ ਕਤਲ ਜੁੜ ਗਿਆ ਹੈ। ਇਸ ਕਤਲ ਬਾਰੇ ਜਾਣਕਾਰੀ ਦਿੰਦਿਆਂ ਫਰਿਜ਼ਨੋ ਪੁਲਸ ਅਧਿਕਾਰੀਆਂ ਦੇ ਦੱਸਿਆ ਕਿ ਸ਼ੁੱਕਰਵਾਰ ਸ਼ਾਮ ਨੂੰ ਦੱਖਣ-ਪੂਰਬੀ ਫਰਿਜ਼ਨੋ ‘ਚ ਇੱਕ ਵਿਅਕਤੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ।
ਪੁਲਸ ਅਨੁਸਾਰ ਅਧਿਕਾਰੀਆਂ ਨੇ ਸ਼ਾਮ 6:00 ਵਜੇ ਤੋਂ ਪਹਿਲਾਂ ਗਰੋਵ ਅਤੇ ਰੋਵੇਲ ਐਵੇਨਿਊਜ਼ ਖੇਤਰ ‘ਚ ਹੋਈ ਗੋਲੀਬਾਰੀ ਦੀ ਸੂਚਨਾ ਮਿਲਣ ਉਪਰੰਤ ਕਾਰਵਾਈ ਕੀਤੀ ਅਤੇ ਪੁਲਸ ਦੁਆਰਾ ਘਟਨਾ ਸਥਾਨ ‘ਤੇ ਪਹੁੰਚਣ ਉਪਰੰਤ ਆਪਣੀ ਉਮਰ ਦੇ 30 ਵੇਂ ਦਹਾਕੇ ‘ਚ ਇੱਕ ਆਦਮੀ ਨੂੰ ਗੋਲੀਆਂ ਦੇ ਜ਼ਖਮਾਂ ਨਾਲ ਪੀੜਤ ਪਾਇਆ। ਜਿਸ ਉਪਰੰਤ ਪੁਲਸ ਨੇ ਪੀੜਤ ਨੂੰ ਸਥਾਨਕ ਹਸਪਤਾਲ ਪਹੁੰਚਾਇਆ, ਜਿੱਥੇ ਬਾਅਦ ‘ਚ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਫਰਿਜ਼ਨੋ ਪੁਲਸ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਫਿਲਹਾਲ ਇਸ ਕਤਲ ਸਬੰਧੀ ਕਿਸੇ ਸ਼ੱਕੀ ਦਾ ਵੇਰਵਾ ਨਹੀਂ ਹੈ ਅਤੇ ਇਹ ਗੋਲੀਬਾਰੀ ਗੈਂਗ ਨਾਲ ਜੁੜੀ ਹੋ ਸਕਦੀ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਫਰਿਜ਼ਨੋ ਪੁਲਸ ਵਿਭਾਗ ਦੁਆਰਾ ਇਸ ਤਰ੍ਹਾਂ ਦੇ ਮਾਮਲਿਆਂ ਨਾਲ ਨਜਿੱਠਣ ਲਈ ਖਾਸ ਮੁਹਿੰਮ ਸ਼ੁਰੂ ਕੀਤੀ ਗਈ ਹੈ, ਜਿਸ ਦੇ ਤਹਿਤ ਦਰਜਨਾਂ ਅਪਰਾਧਿਕ ਗ੍ਰਿਫਤਾਰੀਆਂ ਵੀ ਕੀਤੀਆਂ ਗਈਆਂ ਹਨ।