ਆਸਟ੍ਰੇਲੀਅਨ ਪੰਜਾਬੀ ਲੇਖਕ ਸਭਾ ਬ੍ਰਿਸਬੇਨ ਨੇ ਕਰਵਾਇਆ ਕਵੀ ਦਰਬਾਰ, ਗਗਨਦੀਪ ਕੌਰ ਸਰਾਂ ਦਾ ਸਨਮਾਨ

ਬ੍ਰਿਸਬੇਨ : ਪੰਜਾਬੀ ਸਾਹਿਤਕ ਖ਼ੇਤਰ ‘ਚ ਤੇ ਪੰਜਾਬੀ ਭਾਸ਼ਾ ਦੇ ਵਿਦੇਸ਼ ‘ਚ ਪਸਾਰ ਲਈ ਸਰਗਰਮ ਸੰਸਥਾ ‘ਆਸਟ੍ਰੇਲੀਅਨ ਪੰਜਾਬੀ ਲੇਖਕ ਸਭਾ ਬ੍ਰਿਸਬੇਨ’ ਵੱਲੋਂ ਕਵੀ ਦਰਬਾਰ ਉਪਰੰਤ ਪੰਜਾਬੀ ਫੀਚਰ ਫਿਲਮ ‘ਐਡਿਕਸ਼ਨ’ ਦੀ ਸਕਰੀਨਿੰਗ ਤੇ ਪੰਜਾਬੀ ਵਿਰਾਸਤ ਐਪ ਦੇ ਬਾਨੀ ਗਗਨਦੀਪ ਕੌਰ ਸਰਾਂ ਦਾ ਸਨਮਾਨ ਕੀਤਾ ਗਿਆ । ਜਿਸ ਵਿੱਚ ਪੰਜਾਬੀ ਭਾਈਚਾਰੇ ਵੱਲੋਂ ਵੱਡੀ ਪੱਧਰ ਉੱਤੇ ਪਰਿਵਾਰ ਸਮੇਤ ਸ਼ਮੂਲੀਅਤ ਕੀਤੀ ਗਈ।

‘ਆਸਟ੍ਰੇਲੀਅਨ ਪੰਜਾਬੀ ਲੇਖਕ ਸਭਾ ਬ੍ਰਿਸਬੇਨ’ ਵੱਲੋਂ ਆਯੋਜਿਤ ਕੀਤੇ ਗਏ ਮਹੀਨਾਵਾਰ ਕਵੀ ਦਰਬਾਰ ਉਪਰੰਤ ਪੰਜਾਬੀ ਦੇ ਬ੍ਰਿਸਬੇਨ ਵਾਸੀ ਕਵੀਆਂ ਨੇ ਆਪਣੀਆਂ ਰਚਨਾਵਾਂ ਨਾਲ ਰਗ ਬੰਨ੍ਹਿਆ। ਹਰਮਨਦੀਪ ਗਿੱਲ ਨੇ ਡਾਕਟਰ ਜਗਤਾਰ ਦੀ ਨਜ਼ਮ ‘ਹਰ ਮੋੜ ਤੇ ਸਲੀਬਾਂ’ ਨਾਲ ਕਵੀ ਦਰਬਾਰ ਦੀ ਸ਼ੁਰੂਆਤ ਕੀਤੀ। ਵਰਿੰਦਰ ਅਲੀਸ਼ੇਰ ਵੱਲੋਂ ਮੌਜੂਦਾ ਹਾਲਤ ਉੱਤੇ ਢੁਕਵੀਂ ਸ਼ਾਨਦਾਰ ਕਵਿਤਾ ਦਾ ਆਗਾਜ਼ ਕੀਤਾ ਗਿਆ। ਇਸਤੋਂ ਇਲਾਵਾ ਪਰਮਿੰਦਰ, ਦੇਵ ਸਿੱਧੂ ਅਤੇ ਹੋਰ ਕਵੀਆਂ ਨੇ ਸਰੋਤਿਆਂ ਨੂੰ ਪੰਜਾਬੀ ਰਚਨਾਵਾਂ ਨਾਲ ਅਨੰਦਿਤ ਕੀਤਾ।

ਇਸ ਉਪਰੰਤ ਪੰਜਾਬੀ ਕਿਤਾਬਾਂ ਦੀ ਬੋਲ ਕੇ ਕਿਤਾਬਾਂ ਵਾਲੀ “ਵਿਰਾਸਤ” ਐਪਲੀਕੇਸ਼ ਤਿਆਰ ਕਰਨ ਵਾਲੇ ਪਰਿਵਾਰ ਨੂੰ ਸਨਮਾਨਿਤ ਵੀ ਕੀਤਾ ਗਿਆ ਇਸ ਐਪ ਦੀ ਬਾਨੀ ਗਗਨਦੀਪ ਕੌਰ ਸਰਾਂ ਜੀ ਨੇ ਐਪਲੀਕੇਸ਼ ਬਨਾਉਣ ਦੇ ਮਕਸਦ ਤੇ ਉਸਦੇ ਪੰਜਾਬੀ ਸਾਹਿਤ ਨਾਲ ਪ੍ਰੇਮ ਬਾਰੇ ਵਿਸਥਾਰ ਵਿੱਚ ਗੱਲਬਾਤ ਕੀਤੀ। ਉਹਨਾਂ ਸਾਰਿਆਂ ਨੂੰ ਇਹ ਦੱਸਿਆ ਵੀ ਕਿ ਇਸ ਐਪ ਰਾਹੀਂ ਤੁਸੀਂ ਕਿਤਾਬਾਂ ਨੂੰ ਦੁਨੀਆਂ ਭਰ ਵਿੱਚ ਕਿਤੇ ਵੀ , ਕਿਸੇ ਵੀ ਸਮੇਂ ਕਿਸੇ ਵੀ ਕਿਤਾਬ ਨੂੰ ਸੁਣ ਸਕਦੇ ਹੋ।

‘ਐਡਿਕਸ਼ਨ’ ਫੀਚਰ ਫਿਲਮ ਦੀ ਸਕਰੀਨਿੰਗ ਤੋਂ ਬਾਅਦ ਇਸ ਫਿਲਮ ਉਪਰ ਵੱਖ-ਵੱਖ ਸੂਝਵਾਨ ਸੱਜਣਾਂ ਵੱਲੋਂ ਚਰਚਾ ਕੀਤੀ ਗਈ। ਰਸ਼ਪਾਲ ਹੇਅਰ ਨੇ ਕਿਹਾ ਕਿ ਵਿਦੇਸ਼ਾਂ ਵਿਚ ਪੰਜਾਬੀ ਅਦਾਕਾਰੀ ਨੂੰ ਬਚਾ ਕੇ ਰੱਖਣਾ ਇੱਕ ਵੱਡਾ ਜੋਖ਼ਮ ਵਾਲਾ ਕੰਮ ਹੈ ਤੇ ਉਹਨਾਂ ਕਿਹਾ ਕਿ ਉਹਨਾਂ ਨੂੰ ਮਾਣ ਹੈ ਕਿ ਅੱਜ ਉਹਨਾਂ ਦੀ ਅਗਲੀ ਪੀੜ੍ਹੀ ਨੇ ਇਸ ਜ਼ੁਮੇਵਾਰੀ ਨੂੰ ਆਪਣੇ ਮੋਢਿਆਂ ਉੱਤੇ ਚੁੱਕ ਲਿਆ ਹੈ। ਹਰਮਨਦੀਪ ਗਿੱਲ ਨੇ ਕਿਹਾ ਇਹ ਫਿਲਮ ਸਾਨੂੰ ਅਜਿਹੇ ਸੰਜੀਦਾ ਵਿਸ਼ਿਆਂ ਉੱਪਰ ਵੱਡੀ ਪੱਧਰ ਉੱਤੇ ਸੰਵਾਦ ਰਚਾਉਣ ਦਾ ਸੁਨੇਹਾ ਦਿੰਦੀ ਐ ਤੇ ਸਾਡੇ ਪੰਜਾਬ ਨਾਲ ਸਬੰਧਤ ਹੋਣ ਕਰਕੇ ਸਾਡੇ ਚੋਂ ਹਰ ਤੀਜੇ ਇਨਸਾਨ ਨੇ ਇਸ ਦੁਖਾਂਤ ਨੂੰ ਹੱਡੀਂ ਹੰਢਾਇਆ ਵੀ ਹੋ ਸਕਦਾ ਹੈ। ਦਲਜੀਤ ਸਿੰਘ ਨੇ ਫਿਲਮ ਦੀ ਪੂਰੀ ਟੀਮ ਨੂੰ ਮੁਬਾਰਕਾਂ ਦਿੰਦਿਆਂ ਹੋਇਆਂ ਕਿਹਾ ਕਿ ਅਸੀਂ ਧੰਨਵਾਦੀ ਹਾਂ ਕਿ ਉਹਨਾਂ ਪੰਜਾਬੀ ਭਾਈਚਾਰੇ ਨੂੰ ਅਜੇਹੀ ਅਦਾਕਾਰੀ ਦੇ ਰੂਬਰੂ ਕਰਵਾਇਆ ਹੈ ਤੇ ਪੰਜਾਬੀ ਥੀਏਟਰ ਨੂੰ ਆਸਟ੍ਰੇਲੀਆ ਵਿੱਚ ਵੀ ਮਾਨਣ ਦਾ ਮੌਕਾ ਦਿੱਤਾ ਹੈ। ਇਸ ਤੋਂ ਇਲਾਵਾ ਫਿਲਮ ਉਪਰ ਦੇਵ ਸਿੱਧੂ , ਵਰਿੰਦਰ ਅਲੀਸ਼ੇਰ, ਗੁਰਮੁੱਖ ਭੰਦੋਹਲ ਤੇ ਹੋਰ ਦਰਸ਼ਕਾਂ ਨੇ ਵੀ ਫਿਲਮ ਦੀ ਤਾਰੀਫ਼ ਕਰਦਿਆਂ ਫਿਲਮ ਬਾਰੇ ਚਰਚਾ ਵਿਚ ਹਿੱਸਾ ਲਿਆ। ਇਸ ਪ੍ਰੋਗਰਾਮ ਵਿੱਚ ਵੱਖ ਵੱਖ ਸੰਸਥਾਵਾਂ ਤੋਂ ਰਣਜੀਤ ਸਿੰਘ, ਬਲਰਾਜ ਸਿੰਘ (ਮਾਝਾ ਯੂਥ ਕਲੱਬ), ਮਨ ਖਹਿਰਾ, ਨਵਦੀਪ ਸਿੰਘ ਸਿੱਧੂ ਗਰੀਨ ਪਾਰਟੀ ਆਗੂ, ਗੁਰਪ੍ਰੀਤ ਸਿੰਘ, ਲਵੀ ਖੱਤਰੀ (ਇੰਡੋਜ਼ ਟੀਵੀ ਟੀਮ), ਮਹਿੰਦਰਪਾਲ ਸਿੰਘ ਕਾਹਲੋਂ , ਸੁਰਿੰਦਰ ਸਿੰਘ ਖੁਰਦ ਤੇ ਹਰਪ੍ਰੀਤ ਸਿੰਘ ਕੋਹਲੀ (ਬ੍ਰਿਸਬੇਨ ਪ੍ਰੈਸ ਕਲੱਬ) ਅਤੇ ਹਰਜੀਤ ਲਸਾੜਾ 4ਈਬੀ ਰੇਡੀਓ ਆਦਿ ਨੇ ਉਚੇਚੇ ਤੌਰ ਉੱਤੇ ਸ਼ਮੂਲੀਅਤ ਕੀਤੀ। ਅੰਤ ਵਿੱਚ ਸਭਾ ਦੇ ਉੱਪ ਪ੍ਰਧਾਨ ਜਗਜੀਤ ਸਿੰਘ ਖੋਸਾ ਨੇ ਪਹੰਚੀ ਸਮੂਹ ਸੰਗਤ ਦਾ ਧੰਨਵਾਦ ਕੀਤਾ ਤੇ ਹਰ ਵਾਰ ਦੀ ਤਰ੍ਹਾਂ ਪੰਜਾਬੀ ਭਾਈਚਾਰੇ ਨੂੰ ‘ਆਸਟ੍ਰੇਲੀਅਨ ਪੰਜਾਬੀ ਲੇਖਕ ਸਭਾ ਬ੍ਰਿਸਬੇਨ’ ਵੱਲੋਂ ਇਸੇ ਤਰ੍ਹਾਂ ਪੰਜਾਬੀ ਬੋਲੀ ਦੇ ਪਸਾਰ ਲਈ ਸਰਗਰਮ ਲਈ ਵਚਨਬੱਧਤਾ ਵੀ ਜ਼ਾਹਿਰ ਕੀਤੀ। ਇਸ ਪ੍ਰੋਗਰਾਮ ਵਿੱਚ ਸਰੋਤਿਆਂ ਲਈ ਚਾਹ ਪਾਣੀ ਦਾ ਪ੍ਰਬੰਧ “ਕਰਿਊ ਟੀਮ” ਵੱਲੋਂ ਵਿਸ਼ੇਸ਼ ਤੌਰ ਉੱਤੇ ਕੀਤਾ ਗਿਆ। ਪ੍ਰੋਗਰਾਮ ਦਾ ਸਟੇਜ ਸੰਚਾਲਨ ਸਭਾ ਦੇ ਜਨਰਲ ਸਕੱਤਰ ਪਰਮਿੰਦਰ ਸਿੰਘ (ਹਰਮਨ) ਵੱਲੋਂ ਬਾਖੂਬੀ ਨਿਭਾਇਆ ਗਿਆ।

Leave a Reply

Your email address will not be published. Required fields are marked *