ਸ਼ਰਾਬੀ ਵਿਅਕਤੀ ਨੇ ਪੁਲਸ ਅਫ਼ਸਰ ਨਾਲ ਕੀਤੀ ਬਦਸਲੂਕੀ, ਗਲਾ ਵੱਢਣ ਦੀ ਦਿੱਤੀ ਧਮਕੀ

ਗਲਾਸਗੋ/ਲੰਡਨ : ਯੂ. ਕੇ. ਪੁਲਸ ਵੱਲੋਂ ਜੂਨ ਮਹੀਨੇ ’ਚ ਇਕ ਅਜਿਹੇ ਸ਼ਰਾਬੀ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਿਸ ਨੇ ਇਕ ਪੁਲਸ ਅਫਸਰ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਤੇ ਬਦਸਲੂਕੀ ਕੀਤੀ ਸੀ। ਇਸ 42 ਸਾਲਾ ਵਿਅਕਤੀ ਆਸ਼ਵ ਸਿੰਘ ਨੇ ਪੁਲਸ ਅਫ਼ਸਰ ਦਾ ਗ਼ਲਾ ਵੱਢ ਕੇ ਉਸ ਦੀ ਜੀਭ ਨੂੰ ਟਾਈ ਦੀ ਤਰ੍ਹਾਂ ਬੰਨ੍ਹਣ ਦੀ ਧਮਕੀ ਦਿੱਤੀ, ਜਦੋਂ ਪੁਲਸ ਅਫ਼ਸਰ ਇਕ ਜ਼ਖ਼ਮੀ ਔਰਤ ਦੀ ਸਹਾਇਤਾ ਕਰ ਰਿਹਾ ਸੀ। ਅਦਾਲਤ ਅਨੁਸਾਰ 42 ਸਾਲਾ ਆਸ਼ਵ ਸਿੰਘ ਨੇ ਇਕ ਅਧਿਕਾਰੀ ਕੋਲ ਪਹੁੰਚ ਕੀਤੀ, ਜਦੋਂ ਉਹ 6 ਜੂਨ ਨੂੰ ਇਕ ਜ਼ਖ਼ਮੀ ਔਰਤ ਦੇ ਦੋ ਹਫਤਿਆਂ ਦੇ ਬੱਚੇ ਦੇ ਨਾਲ ਐਂਬੂਲੈਂਸ ਦੇ ਆਉਣ ਦੀ ਉਡੀਕ ਕਰ ਰਿਹਾ ਸੀ। ਅਦਾਲਤ ਅਨੁਸਾਰ ਆਸ਼ਵ ਸਿੰਘ ਨੇ ਨਿਊਕੈਸਲ ਦੇ ਵੈਸਟਗੇਟ ਰੋਡ ’ਤੇ ਔਰਤ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸ ਦੇ ਜ਼ਖ਼ਮੀ ਹੋਣ ਕਾਰਨ, ਪੁਲਸ ਅਧਿਕਾਰੀ ਨੇ ਉਸ ਨੂੰ ਘਟਨਾ ਸਥਾਨ ਤੋਂ ਅੱਗੇ ਵਧਣ ਲਈ ਕਿਹਾ। ਜਿਸ ਦੌਰਾਨ ਇਹ ਸ਼ਰਾਬੀ ਵਿਅਕਤੀ ਅਫ਼ਸਰ ਪ੍ਰਤੀ ਹਮਲਾਵਰ ਹੋ ਗਿਆ ਅਤੇ ਬਦਸਲੂਕੀ ਕੀਤੀ। ਜਿਸ ਉਪਰੰਤ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਇੰਨਾ ਹੀ ਨਹੀਂ, ਗ੍ਰਿਫ਼ਤਾਰ ਕੀਤੇ ਜਾਣ ਤੋਂ ਬਾਅਦ ਵੀ ਉਹ ਹਮਲਾਵਰ ਅਤੇ ਹਿੰਸਕ ਰਿਹਾ ਤੇ ਉਸ ਨੇ ਪੁਲਸ ਸਟੇਸ਼ਨ ’ਚ ਵੀ ਅਧਿਕਾਰੀਆਂ ਅਤੇ ਹੋਰ ਸਟਾਫ ਨੂੰ ਧਮਕੀਆਂ ਦਿੱਤੀਆਂ। ਉਸ ਨੇ ਕਿਹਾ ਕਿ ਪੁਲਸ ਸਟੇਸ਼ਨ ਤੋਂ ਘਰ ਜਾਣ ਉਪਰੰਤ ਉਹ ਚਾਕੂਆਂ ਤੇ ਹਥਿਆਰਾਂ ਨਾਲ ਲੈਸ ਹੋਵੇਗਾ ਅਤੇ ਪੁਲਸ ਅਫ਼ਸਰ ਨੂੰ ਮਾਰੇਗਾ। ਆਸ਼ਵ ਸਿੰਘ ਨੇ ਬਾਅਦ ’ਚ ਇੱਕ ਬਿਆਨ ਦਿੱਤਾ ਕਿ ਜੇ ਉਸ ਨੇ ਟਿੱਪਣੀ ਕੀਤੀ ਹੈ ਤਾਂ ਇਹ ਉਸ ਦੀ ਮਾਨਸਿਕ ਸਿਹਤ ਸਮੱਸਿਆਵਾਂ ਕਾਰਨ ਸੀ। ਅਦਾਲਤੀ ਦਸਤਾਵੇਜ਼ਾਂ ਦੇ ਅਨੁਸਾਰ ਇਹ ਵਿਅਕਤੀ ਪਹਿਲਾਂ ਵੀ ਕਾਫ਼ੀ ਵਾਰ ਸਜ਼ਾਵਾਂ ਦਾ ਸਾਹਮਣਾ ਕਰ ਚੁੱਕਾ ਹੈ। ਅਦਾਲਤ ਵੱਲੋਂ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਲਈ ਦੋਸ਼ੀ ਮੰਨਿਆ ਗਿਆ ਤੇ 16 ਮਹੀਨਿਆਂ ਦੀ ਸਜ਼ਾ ਕੀਤੀ ਗਈ।