ਰਸਾਇਣ ਦਾ ਨੋਬੇਲ ਪੁਰਸਕਾਰ ਲਿਸਟ ਅਤੇ ਮੈਕਮਿਲਨ ਨੂੰ ਮਿਲਿਆ

ਸਟਾਕਹੋਮ: ਰਸਾਇਣ ਵਿਗਿਆਨ ਦਾ ਨੋਬੇਲ ਪੁਰਸਕਾਰ ਜਰਮਨੀ ਦੇ ਵਿਗਿਆਨੀ ਬੈਂਜਾਮਿਨ ਲਿਸਟ (ਮੈਕਸ ਪਲੈਂਕ ਇੰਸਟੀਚਿਊਟ) ਅਤੇ ਸਕਾਟਲੈਂਡ ’ਚ ਜਨਮੇ ਵਿਗਿਆਨੀ ਡੇਵਿਡ ਡਬਲਿਊਸੀ ਮੈਕਮਿਲਨ (ਪ੍ਰਿੰਸਟਨ ਯੂਨੀਵਰਸਿਟੀ) ਨੂੰ ਦੇਣ ਦਾ ਐਲਾਨ ਕੀਤਾ ਗਿਆ ਹੈ। ਅਣੂਆਂ ਦੇ ਨਿਰਮਾਣ ਦਾ ਸਰਲ ਅਤੇ ਨਵਾਂ ਰਾਹ ਲੱਭਣ ਲਈ ਦੋਵੇਂ ਵਿਗਿਆਨੀਆਂ ਨੂੰ ਇਸ ਵੱਕਾਰੀ ਪੁਰਸਕਾਰ ਨਾਲ ਸਨਮਾਨਿਤ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਅਣੂਆਂ ਦੇ ਨਿਰਮਾਣ ਦੇ ਇਸ ਨਵੇਂ ਤਰੀਕੇ ਦੀ ਵਰਤੋਂ ਦਵਾਈਆਂ ਤੋਂ ਲੈ ਕੇ ਭੋਜਨ ਦੇ ਸੁਆਦ ਤੱਕ ਸਾਰਾ ਕੁਝ ਬਣਾਉਣ ਲਈ ਕੀਤਾ ਜਾ ਸਕਦਾ ਹੈ। ਇਸ ਤਰੀਕੇ ਰਾਹੀਂ ਵਿਗਿਆਨੀਆਂ ਨੂੰ ਅਣੂਆਂ ਨੂੰ ਵਧੇਰੇ ਕਿਫਾਇਤੀ, ਕੁਸ਼ਲਤਾਪੂਰਵਕ, ਸੁਰੱਖਿਅਤ ਤੌਰ ਨਾਲ ਹੋਰ ਘੱਟ ਵਾਤਾਵਰਨ ਅਸਰ ਨਾਲ ਉਤਪਾਦਨ ਕਰਨ ਦੀ ਮਨਜ਼ੂਰੀ ਮਿਲੀ ਹੈ। ਨੋਬੇਲ ਕਮੇਟੀ ਦੇ ਮੈਂਬਰ ਪਰਨਿਲਾ ਵਿਟੁੰਗ ਸਟਾਫਸ਼ੇਡ ਨੇ ਕਿਹਾ ਕਿ ਇਸ ਦਾ ਲਾਹਾ ਪਹਿਲਾਂ ਤੋਂ ਹੀ ਮਨੁੱਖਤਾ ਨੂੰ ਮਿਲ ਰਿਹਾ ਹੈ। ਲਿਸਟ ਨੇ ਨੋਬੇਲ ਪੁਰਸਕਾਰ ਮਿਲਣ ’ਤੇ ਵੱਡੀ ਹੈਰਾਨੀ ਜਤਾਈ ਅਤੇ ਕਿਹਾ ਕਿ ਉਸ ਨੂੰ ਇਸ ਵੱਕਾਰੀ ਪੁਰਸਕਾਰ ਦੀ ਉਮੀਦ ਨਹੀਂ ਸੀ। ਉਹ ਐਮਸਟਰਡਮ ’ਚ ਪਰਿਵਾਰ ਨਾਲ ਛੁੱਟੀਆਂ ਮਨਾ ਰਿਹਾ ਸੀ ਜਦੋਂ ਸਵੀਡਨ ਤੋਂ ਪੁਰਸਕਾਰ ਮਿਲਣ ਦੀ ਉਸ ਨੂੰ ਖ਼ਬਰ ਮਿਲੀ।

Leave a Reply

Your email address will not be published. Required fields are marked *