ਕਸ਼ਮੀਰ ਕਦੇ ਵੀ ਪਾਕਿਸਤਾਨ ਦਾ ਹਿੱਸਾ ਨਹੀਂ ਹੋਵੇਗਾ: ਫਾਰੂਕ ਅਬਦੁੱਲਾ

ਸ਼੍ਰੀਨਗਰ : ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਫਾਰੂਕ ਅਬਦੁੱਲਾ ਨੇ ਕਿਹਾ ਕਿ ਕਸ਼ਮੀਰ ਕਦੇ ਵੀ ਪਾਕਿਸਤਾਨ ਦਾ ਹਿੱਸਾ ਨਹੀਂ ਬਣੇਗਾ ਅਤੇ ਹਮੇਸ਼ਾ ਭਾਰਤ ਨਾਲ ਹੀ ਰਹੇਗਾ, ਚਾਹੇ ਕੁਝ ਵੀ ਹੋ ਜਾਵੇ ਭਾਵੇਂ ਹੀ ਅੱਤਵਾਦੀ ਉਨ੍ਹਾਂ ਨੂੰ ਗੋਲੀਆਂ ਨਾਲ ਭੁੰਨ ਕਿਉਂ ਨਾ ਦੇਣ। ਉਨ੍ਹਾਂ ਨੇ ਕਿਹਾ ਕਿ ਲੋਕਾਂ ਦੀ ਹੋਂਦ ਲਈ ਦੇਸ਼ ਵਿਚ ਵੰਡ ਦੀ ਸਿਆਸਤ ਨੂੰ ਖ਼ਤਮ ਕੀਤਾ ਜਾਣਾ ਚਾਹੀਦਾ ਹੈ ਅਤੇ ਲੋਕਾਂ ਨੂੰ ਧਾਰਮਿਕ ਆਧਾਰ ’ਤੇ ਵੰਡੇ ਜਾਣ ’ਤੇ ਰੋਕ ਲੱਗਣੀ ਚਾਹੀਦੀ ਹੈ। 

ਅਬਦੁੱਲਾ ਨੇ ਹਾਲ ਹੀ ’ਚ ਅੱਤਵਾਦੀ ਹਮਲਿਆਂ ਵਿਚ ਮਿ੍ਰਤਕ ਪਿ੍ਰੰਸੀਪਲ ਸੁਪਿੰਦਰ ਕੌਰ ਦੀ ਅੰਤਿਮ ਅਰਦਾਸ ’ਚ ਸ਼੍ਰੀਨਗਰ ਸਥਿਤ ਗੁਰਦੁਆਰਾ ਸ਼ਹੀਦ ਬੰਗਲਾ ਸਾਹਿਬ ’ਚ ਸ਼ਿਰਕਤ ਕਰਨ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਯਾਦ ਰੱਖੋ, ਮੈਂ ਇੱਥੇ ਕਦੇ ਵੀ ਪਾਕਿਸਤਾਨ ਨਹੀਂ ਬਣਨ ਦੇਵਾਂਗਾ, ਅਸੀਂ ਭਾਰਤ ਦਾ ਹਿੱਸਾ ਹਾਂ ਅਤੇ ਅੱਗੇ ਵੀ ਭਾਰਤ ਦਾ ਹਿੱਸਾ ਬਣੇ ਰਹਾਂਗੇ, ਚਾਹੇ ਕੁਝ ਵੀ ਹੋ ਜਾਵੇ। ਅੱਤਵਾਦੀ ਸਾਡੀ ਸੋਚ ਨੂੰ ਨਹੀਂ ਬਦਲ ਸਕਦੇ, ਚਾਹੁਣ ਤਾਂ ਮੈਨੂੰ ਗੋਲੀ ਮਾਰ ਸਕਦੇ ਹਨ।

ਸਾਨੂੰ ਸਾਰਿਆਂ ਨੂੰ ਇਕੱਠੇ ਮਿਲ ਕੇ ਉਨ੍ਹਾਂ ਨਾਲ ਲੜਨਾ ਹੈ ਅਤੇ ਘਬਰਾਉਣਾ ਨਹੀਂ ਹੈ। ਜੋ ਅਧਿਆਪਕ ਬੱਚਿਆਂ ਨੂੰ ਸਿੱਖਿਆ ਦੇ ਰਹੇ ਹਨ, ਉਨ੍ਹਾਂ ਦਾ ਕਤਲ ਕਰਨ ਨਾਲ ਕੋਈ ਮਕਸਦ ਹਾਸਲ ਨਹੀਂ ਹੋਵੇਗਾ। ਦੇਸ਼ ਵਿਚ ਇਕ ਤੂਫ਼ਾਨ ਜਿਹਾ ਉਬਲ ਰਿਹਾ ਹੈ ਅਤੇ ਹਿੰਦੂ ਤੇ ਮੁਸਲਮਾਨਾਂ ਨੂੰ ਵੰਡਿਆ ਜਾ ਰਿਹਾ ਹੈ। ਇਸ ਤਰ੍ਹਾਂ ਦੇ ਰੁਝਾਨ ਨੂੰ ਰੋਕਿਆ ਜਾਣਾ ਚਾਹੀਦਾ ਹੈ। ਜੇਕਰ ਇਸ ’ਤੇ ਰੋਕ ਨਹੀਂ ਲਾਈ ਗਈ ਤਾਂ ਭਾਰਤ ਦੀ ਹੋਂਦ ਨਹੀਂ ਬਚੇਗੀ।

Leave a Reply

Your email address will not be published. Required fields are marked *