ਆਸਟਰੇਲੀਆ ਵੱਲੋਂ ਸ਼ਰਨਾਰਥੀ ਵੀਜ਼ਾ ਪ੍ਰਣਾਲੀ ਵਿੱਚ ਅਫ਼ਗਾਨ ਸਿੱਖ ਵੀ ਸ਼ਾਮਲ

ਸਿਡਨੀ: ਆਸਟਰੇਲੀਆ ਸਰਕਾਰ ਨੇ ਆਪਣੇ ਸ਼ਰਨਾਰਥੀ ਵੀਜ਼ਾ ਪ੍ਰਣਾਲੀ ਵਿੱਚ ਹੁਣ ਅਫ਼ਗਾਨਿਸਤਾਨ ਦੇ ਸਿੱਖਾਂ ਨੂੰ ਵੀ ਸ਼ਾਮਲ ਕੀਤਾ ਹੈ। ਸ਼ੁਰੂਆਤੀ ਤੌਰ ’ਤੇ ਕਰੀਬ ਤਿੰਨ ਹਜ਼ਾਰ ਅਫ਼ਗਾਨ ਨਾਗਰਿਕਾਂ ਨੂੰ ਆਸਟਰੇਲੀਆ ’ਚ ਵਸਾਉਣ ਦੀ ਯੋਜਨਾ ਹੈ। ਸੂਤਰਾਂ ਅਨੁਸਾਰ ਇਸ ਵਿੱਚ ਕਰੀਬ 200 ਸਿੱਖ ਵੀ ਸ਼ਾਮਲ ਹਨ।

ਆਵਾਸ, ਨਾਗਰਿਕਤਾ, ਪਰਵਾਸੀ ਸੇਵਾਵਾਂ ਅਤੇ ਬਹੁ-ਸਭਿਆਚਾਰਕ ਮਾਮਲਿਆਂ ਦੇ ਮੰਤਰੀ ਅਲੈਕਸ ਹਾਕ ਨੇ ਇਸ ਸਬੰਧੀ ਸਿੱਖ ਭਾਈਚਾਰੇ ਦੇ ਆਗੂ ਰਣਦੀਪ ਸਿੰਘ ਗਰੇਵਾਲ ਨੂੰ ਲਿਖੇ ਪੱਤਰ ਵਿੱਚ ਦੱਸਿਆ ਕਿ ਮਾਨਵਤਾਵਾਦੀ ਪ੍ਰੋਗਰਾਮ ਵਿੱਚ ਆਸਟਰੇਲੀਆ ਨੇ ਆਪਣੇ ਸਾਲਾਨਾ ਸ਼ਰਨਾਰਥੀ ਵੀਜ਼ੇ ’ਚ 13,750 ਸਥਾਨ ਪ੍ਰਦਾਨ ਕੀਤੇ ਹਨ। ਸਾਲ 2021-22 ਵਿੱਚ ਹੋਰ ਵਾਧੇ ਦੀ ਉਮੀਦ ਹੈ। ਮੰਤਰੀ ਅਨੁਸਾਰ ਅਫ਼ਗਾਨ ਨਾਗਰਿਕਾਂ ਲਈ ਪ੍ਰੋਗਰਾਮ ਦੀ ਵੰਡ ਦੇ ਅੰਦਰ ਲਿਤਾੜੇ ਜਾਂ ਸਤਾਏ ਜਾਣ ਵਾਲਿਆਂ ਨੂੰ ਤਰਜੀਹ ਦਿੱਤੀ ਜਾਵੇਗੀ। ਖਾਸ ਕਰ ਘੱਟਗਿਣਤੀਆਂ, ਔਰਤਾਂ, ਬੱਚੇ ਅਤੇ ਉਹ ਵੀ ਜਿਨ੍ਹਾਂ ਦਾ ਆਸਟਰੇਲੀਆ ਨਾਲ ਸਬੰਧ ਹੈ। ਅਫ਼ਗਾਨਿਸਤਾਨ ਦੇ ਉਹ ਨਾਗਰਿਕ ਜੋ ਮਨੁੱਖਤਾਵਾਦੀ ਵੀਜ਼ੇ ਦੀਆਂ ਸ਼ਰਤਾਂ ਨੂੰ ਪੂਰਾ ਕਰਦੇ ਹਨ ਅਤੇ ਆਸਟਰੇਲੀਆ ਦੀ ਸਹਾਇਤਾ ਲੈਣੀ ਚਾਹੁੰਦੇ ਹਨ, ਅਰਜ਼ੀ ਦਾਖ਼ਲ ਕਰ ਸਕਦੇ ਹਨ। ਜ਼ਿਕਰਯੋਗ ਹੈ ਕਿ ਅਫ਼ਗਾਨਿਸਤਾਨ ਵਿੱਚ ਘੱਟਗਿਣਤੀ ਸਿੱਖ ਭਾਈਚਾਰੇ ਉਪਰ ਵੀ ਹਮਲੇ ਹੋਣ ਦੀਆਂ ਰਿਪੋਰਟਾਂ ਹਨ।

Leave a Reply

Your email address will not be published. Required fields are marked *