ਪਾਕਿਸਤਾਨ: ਘਰ ’ਚ ਅੱਗ ਲੱਗਣ ਕਾਰਨ ਪਰਿਵਾਰ ਦੇ 7 ਜੀਅ ਹਲਾਕ

ਮੁਲਤਾਨ: ਲਹਿੰਦੇ ਪੰਜਾਬ ਸੂਬੇ ਦੇ ਮੁਜ਼ੱਫਰਗੜ੍ਹ ਜ਼ਿਲ੍ਹੇ ਦੇ ਅਲੀਪੁਰ ਇਲਾਕੇ ’ਚ ਇਕ ਘਰ ਅੰਦਰ ਅੱਗ ਲੱਗਣ ਕਾਰਨ ਪਰਿਵਾਰ ਦੇ ਸੱਤ ਮੈਂਬਰ ਮਾਰੇ ਗਏ। ਪੁਲੀਸ ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਬਚਾਅ ਸੇਵਾਵਾਂ ਦੇ ਮੁਖੀ ਡਾਕਟਰ ਹੁਸੈਨ ਮੀਆਂ ਨੇ ਦੱਸਿਆ ਕਿ ਅੱਗ ਬੁਝਾਊ ਅਮਲੇ ਨੂੰ ਘਰ ’ਚੋਂ 65 ਵਰ੍ਹੇ ਦੇ ਬਜ਼ੁਰਗ, 35 ਤੇ 19 ਸਾਲ ਦੀਆਂ ਦੋ ਔਰਤਾਂ ਅਤੇ ਚਾਰ ਬੱਚਿਆਂ ਦੀਆਂ ਸੜੀਆਂ ਲਾਸ਼ਾਂ ਮਿਲੀਆਂ ਹਨ। ਇਨ੍ਹਾਂ ’ਚ ਦੋ ਮਹੀਨੇ ਦਾ ਬੱਚਾ ਵੀ ਸ਼ਾਮਲ ਹੈ। ਮੀਆਂ ਨੇ ਕਿਹਾ ਕਿ ਲਾਸ਼ਾਂ ਨੂੰ ਪੋਸਟਮਾਰਟਮ ਅਤੇ ਫੋਰੈਂਸਿਕ ਜਾਂਚ ਲਈ ਭੇਜ ਦਿੱਤਾ ਗਿਆ ਹੈ। ਪੁਲੀਸ ਨੇ ਕਿਹਾ ਕਿ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚਕਾਰ ਇਹ ਵੀ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਜਦੋਂ ਘਰ ’ਚ ਅੱਗ ਲੱਗੀ ਤਾਂ ਪਰਿਵਾਰ ਦਾ ਕੋਈ ਵੀ ਮੈਂਬਰ ਜਾਗਿਆ ਕਿਉਂ ਨਹੀਂ ਅਤੇ ਉਸ ਨੇ ਬਚਣ ਦੀ ਕੋਸ਼ਿਸ਼ ਕਿਉਂ ਨਹੀਂ ਕੀਤੀ।