ਕੈਨੇਡਾ ਪੁੱਜੇ ਸ਼੍ਰੋਮਣੀ ਕਮੇਟੀ ਦੇ ਵਫ਼ਦ ਤੋਂ ਖ਼ਫ਼ਾ ਹੋਈਆਂ ਕੁੱਝ ਸਿੱਖ ਸਭਾਵਾਂ

ਵੈਨਕੂਵਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੁਝ ਦਿਨ ਪਹਿਲਾਂ ਕੈਨੇਡਾ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਪਾਈ ਕਰਵਾਉਣ ਲਈ ਭੇਜੇ ਵਫ਼ਦ ਨੇ ਇਥੇ ਪਹੁੰਚ ਕੇ ਸਿੱਖ ਆਗੂਆਂ ਦੀ ਰਾਇ ਲੈਣ ਦੀ ਥਾਂ ਗਿਣੇ-ਚੁਣੇ ਲੋਕਾਂ ਨਾਲ ਕਥਿਤ ਮੁਲਾਕਾਤਾਂ ਕਰ ਕੇ ਕੈਨੇਡਾ ਵਾਸੀ ਸਿੱਖਾਂ ਦੇ ਮਨਾਂ ਵਿਚ ਰੋਸ ਪੈਦਾ ਕਰ ਦਿੱਤਾ ਹੈ। ਵੱਖ ਵੱਖ ਸਿੱਖ ਸਭਾਵਾਂ ਅਤੇ ਬੀਸੀ ਗੁਰਦੁਆਰਾ ਕੌਂਸਲ ਨੇ ਇਸ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਪੱਤਰ ਭੇਜੇ ਹਨ। ਕੌਂਸਲ ਨੇ ਦੋਸ਼ ਲਾਇਆ ਕਿ ਵਫ਼ਦ ਦੇ ਪੁੱਜਣ ਬਾਰੇ ਨਾ ਤਾਂ ਉਨ੍ਹਾਂ ਨੂੰ ਅਗਾਊਂ ਸੂਚਨਾ ਦਿੱਤੀ ਗਈ ਅਤੇ ਨਾ ਹੀ ਵਫ਼ਦ ਨੇ ਆਗੂਆਂ ਨੂੰ ਮੀਟਿੰਗਾਂ ਲਈ ਸੱਦਿਆ।

ਗੁਰਦੁਆਰਾ ਕੌਂਸਲ ਦਾ ਕਹਿਣਾ ਹੈ ਕਿ ਉਹ ਪਿਛਲੇ ਦਸ ਸਾਲਾਂ ਤੋਂ ਕਹਿੰਦੇ ਆ ਰਹੇ ਹਨ ਕਿ ਪਵਿੱਤਰ ਸਰੂਪਾਂ ਦੀ ਵਿਦੇਸ਼ਾਂ ਵਿਚ ਛਪਾਈ ਦੇ ਪ੍ਰਬੰਧ ਕਰਨ ਤੋਂ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਰੂਪਾਂ ਦੇ ਸਤਿਕਾਰ ਤੇ ਸੇਵਾ ਸੰਭਾਲ ਬਾਰੇ ਵਿਧੀ ਵਿਧਾਨ ਬਣਾਏ ਅਤੇ ਲਾਗੂ ਕੀਤੇ ਜਾਣ। ਗੁਰਦੁਆਰਾ ਬਰੁੱਕ ਸਾਈਡ ਸਰੀ ਦੇ ਪ੍ਰਧਾਨ ਸੁਰਿੰਦਰ ਸਿੰਘ ਜੱਬਲ ਨੇ ਦੱਸਿਆ ਕਿ ਵਫ਼ਦ ਵੱਲੋਂ ਉਨ੍ਹਾਂ ਨੂੰ ਇੱਕ ਘੰਟਾ ਪਹਿਲਾਂ ਹੀ ਮੀਟਿੰਗ ਬਾਰੇ ਸੂਚਨਾ ਦਿੱਤੀ ਗਈ। ਸਰੀ ਦੇ ਗੁਰਦੁਆਰੇ ਵਿਚ ਬੀਸੀ ਗੁਰਦੁਆਰਾ ਕੌਂਸਲ ਦੇ ਬੁਲਾਰੇ ਮਨਿੰਦਰ ਸਿੰਘ ਵੱਲੋਂ ਵਫ਼ਦ ਨੂੰ ਸਵਾਲ ਕੀਤਾ ਗਿਆ ਕਿ ਜੇ 100 ਸਾਲ ਤੋਂ ਸਰੂਪ ਵਿਦੇਸ਼ ਪਹੁੰਚਦੇ ਰਹੇ ਹਨ ਤਾਂ ਮੌਜੂਦਾ ਤੇਜ਼ ਰਫ਼ਤਾਰ ਤੇ ਆਧੁਨਿਕ ਸਾਧਨਾਂ ਹੇਠ ਸੁਰੱਖਿਅਤ ਪਹੁੰਚ ਕਿਵੇਂ ਗ਼ਲਤ ਹੋ ਸਕਦੀ ਹੈ।

Leave a Reply

Your email address will not be published. Required fields are marked *