ਕੈਨੇਡਾ ਪੁਲਸ ਵੱਲੋਂ ਦਸਤਾਰ ਨਾਲ ਨੌਜਵਾਨ ਦੀ ਜਾਨ ਬਚਾਉਣ ਵਾਲੇ 5 ਪੰਜਾਬੀ ਸਨਮਾਨਤ

ਨਿਊਯਾਰਕ : ਬੀਤੇ ਦਿਨ ਬ੍ਰਿਟਿਸ਼ ਕੋਲੰਬੀਆ ਦੇ ਪੰਜਾਬੀਆਂ ਦੀ ਸੰਘਣੀ ਆਬਾਦੀ ਵਾਲੇ ਸ਼ਹਿਰ ਸਰੀ ‘ਚ ਰਹਿੰਦੇ 5 ਨੌਜਵਾਨਾਂ, ਅਜੈ ਕੁਮਾਰ, ਅਰਵਿੰਦਜੀਤ ਸਿੰਘ, ਗਗਨਦੀਪ ਸਿੰਘ, ਕੁਲਜਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਨੂੰ ਮੈਪਲ ਰਿੱਜ ਗੋਲਡਨ ਈਅਰਜ਼ ਪ੍ਰੋਵਿੰਸ਼ਲ ਪਾਰਕ ਨੇੜੇ ਡੂੰਘੀ ਥਾਂ ‘ਤੇ ਫਸੇ ਇਕ ਨੌਜਵਾਨ ਨੂੰ ਬਚਾਉਣ ਲਈ ਸਨਮਾਨਤ ਕੀਤਾ ਗਿਆ ਹੈ। 

ਦੱਸ ਦੇਈਏ ਕਿ ਬੀਤੇ ਦਿਨ 2 ਹਾਈਕਰ ਗੋਲਡਨ ਈਅਰਜ਼ ਪ੍ਰੋਵਿੰਸ਼ਲ ਪਾਰਕ ਨੇੜੇ ਫਸ ਗਏ ਸਨ। ਇਕ ਨੌਜਵਾਨ ਤਿਲਕ ਕੇ ਹੇਠਾਂ ਚਲਾ ਗਿਆ ਸੀ ਅਤੇ ਬਾਹਰ ਨਿਕਲਣ ਵਿਚ ਉਸ ਨੂੰ ਮੁਸ਼ਕਲ ਹੋ ਰਹੀ ਸੀ। ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਉਸ ਦੇ ਪਾਣੀ ਵਿਚ ਰੁੜਨ ਦਾ ਖ਼ਤਰਾ ਸੀ। ਹਾਲਾਂਕਿ ਇਸ ਤੋਂ ਪਹਿਲਾਂ ਕਿ ਰੈਸਕਿਊ ਟੀਮ ਉਸ ਨੂੰ ਬਾਹਰ ਕੱਢਦੀ, ਉਥੇ ਹੀ ਨੇੜੇ ਇਕ ਪਾਰਕ ਵਿਚ ਸੈਰ ਕਰ ਰਹੇ ਇਨ੍ਹਾਂ 5 ਸਿੱਖ ਨੌਜਵਾਨਾਂ ਨੇ ਆਪਣੀਆਂ ਪੱਗਾਂ ਉਤਾਰੀਆਂ ਅਤੇ ਰੱਸੀ ਬਣਾ ਕੇ ਉਸ ਨੂੰ ਉਪਰ ਖਿਚਿਆ ਅਤੇ ਬਚਾਅ ਲਿਆ। ਇਨ੍ਹਾਂ ਵਿਦਿਆਰਥੀਆਂ ਨੂੰ ਰਿਜ ਮੀਡੋਜ਼ ਆਰ.ਸੀ.ਐੱਮ.ਪੀ. (ਰਾਇਲ ਕੈਨੇਡੀਅਨ ਮਾਊਂਟਡ ਪੁਲਸ) ਸੁਪਰਡੈਂਟ ਵੱਲੋਂ ਇਕ ਵਿਸ਼ੇਸ਼ ਸਿੱਕਾ ਅਤੇ ਇਕ ਕਮਿਊਨਿਟੀ ਲੀਡਰ ਦੇ ਐਵਾਰਡ ਨਾਲ ਸਨਮਾਨਤ ਕੀਤਾ ਗਿਆ। ਇਨ੍ਹਾਂ ਨੌਜਵਾਨਾਂ ਨੂੰ ਬਹਾਦਰ ਕੋਮ ਦੇ ਬਹਾਦਰ ਯੋਧੇ ਵੀ ਕਰਾਰ ਦਿੱਤਾ। 

ਨੌਜਵਾਨ ਗੁਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਮੈਂ ਸੱਚਮੁੱਚ ਬਹੁਤ ਹੀ ਖੁਸ਼ੀ ਮਹਿਸੂਸ ਕਰ ਰਿਹਾ ਹਾਂ। ਮੈਂ ਇਸ ਸਮੇਂ ਅਸਲ ਵਿਚ ਇਸ ਦੀ ਵਿਆਖਿਆ ਨਹੀਂ ਕਰ ਸਕਦਾ। ਇਹ ਸਾਡੇ ਭਾਈਚਾਰੇ ਲਈ ਅਸਲ ਵਿਚ ਚੰਗਾ ਹੈ। ਇਹ ਪਹਿਲੀ ਵਾਰ ਨਹੀਂ ਹੋਇਆ ਜਦੋਂ ਸਿੱਖਾਂ ਵੱਲੋ ਡੁੱਬਦੇ ਹੋਏ ਕਈ ਲੋਕਾਂ ਨੂੰ ਆਪਣੀ ਦਸਤਾਰ ਦੀ ਵਰਤੋਂ ਕਰਦਿਆਂ ਬਚਾਇਆ ਜਾ ਚੁੱਕਾ ਹੈ।

Leave a Reply

Your email address will not be published. Required fields are marked *