ਅਮਰੀਕੀ ਨੇਵੀ ਨੇ ਪਣਡੁੱਬੀ ਦੇ ਹਾਦਸਾਗ੍ਰਸਤ ਹੋਣ ਤੋਂ ਬਾਅਦ ਕਮਾਂਡਰ ਨੂੰ ਕੀਤਾ ਮੁਅੱਤਲ

ਫਰਿਜ਼ਨੋ : ਅਮਰੀਕੀ ਨੇਵੀ ਨੇ ਵੀਰਵਾਰ ਨੂੰ ਇਕ ਪ੍ਰਮਾਣੂ ਐਨਰਜੀ ਨਾਲ ਚੱਲਣ ਵਾਲੀ ਪਣਡੁੱਬੀ ਦੇ ਹਾਦਸਾਗ੍ਰਸਤ ਹੋਣ ਤੋਂ ਬਾਅਦ ਪਣਡੁੱਬੀ ਦੇ ਕਮਾਂਡਿੰਗ ਅਫਸਰ ਦੇ ਨਾਲ ਇਕ ਕਾਰਜਕਾਰੀ ਅਧਿਕਾਰੀ ਅਤੇ ਇਕ ਸੇਲਰ ਨੂੰ ਵੀ ਮੁਅੱਤਲ ਕੀਤਾ ਹੈ। ਨੇਵੀ ਅਨੁਸਾਰ 2 ਅਕਤੂਬਰ ਦੀ ਇਸ ਦੁਰਘਟਨਾ ਨੂੰ ਰੋਕਿਆ ਜਾ ਸਕਦਾ ਸੀ, ਜਿਸ ਵਿਚ ਦੱਖਣੀ ਚੀਨ ਸਾਗਰ ’ਚ ਹਾਦਸੇ ਦੀ ਜਾਂਚ ਤੋਂ ਬਾਅਦ ਕਮਾਂਡਰ ਕੈਮਰਨ ਅਲਜਿਲਾਨੀ ਅਤੇ ਦੋ ਹੋਰਾਂ ਨੂੰ ਉਨ੍ਹਾਂ ਦੇ ਅਹੁਦਿਆਂ ਤੋਂ ਹਟਾ ਦਿੱਤਾ ਗਿਆ। ਯੂ. ਐੱਸ. ਐੱਸ. ਕੁਨੈਕਟੀਕਟ ਨੂੰ ਗੁਆਮ ਪਹੁੰਚਣ ਲਈ ਇਕ ਹਫ਼ਤੇ ਲਈ ਸਮੁੱਦਰੀ ਸਤ੍ਹਾ ’ਤੇ ਸਫਰ ਕਰਨ ਲਈ ਮਜਬੂਰ ਕੀਤਾ ਗਿਆ ਸੀ।

ਨੇਵੀ ਦੀ ਪੱਛਮੀ ਪ੍ਰਸ਼ਾਂਤ ਆਧਾਰਿਤ 7ਵੀਂ ਫਲੀਟ ਅਨੁਸਾਰ ਸਹੀ ਨਿਰਣਾ, ਸਮਝਦਾਰੀ ਨਾਲ ਫੈਸਲਾ ਲੈਣ ਅਤੇ ਨੇਵੀਗੇਸ਼ਨ ਯੋਜਨਾਬੰਦੀ ’ਚ ਲੋੜੀਂਦੀਆਂ ਪ੍ਰਕਿਰਿਆਵਾਂ ਦੀ ਪਾਲਣਾ ਅਤੇ ਜੋਖਮ ਪ੍ਰਬੰਧਨ ਨਾਲ ਇਸ ਘਟਨਾ ਨੂੰ ਰੋਕਿਆ ਜਾ ਸਕਦਾ ਸੀ। ਇਸ ਹਾਦਸੇ ਦੀ ਜਾਂਚ ਦੌਰਾਨ ਪਿਛਲੇ ਹਫਤੇ ਜਲਸੈਨਾ ਨੇ ਦੱਸਿਆ ਕਿ ਪਣਡੁੱਬੀ ਦੀ ਸਤ੍ਹਾ ਤੋਂ ਹੇਠਾਂ ਸਫਰ ਕਰਦੇ ਹੋਏ ਇਕ ਸੀਮਾਉਂਟ ਨਾਲ ਟੱਕਰ ਹੋ ਗਈ ਸੀ। ਇਸ ਹਾਦਸੇ ’ਚ 11 ਸੇਲਰ ਜ਼ਖ਼ਮੀ ਹੋ ਗਏ। ਇਸ ਕਰੈਸ਼ ਨੇ ਪਣਡੁੱਬੀ ਦੇ ਫਾਰਵਰਡ ਬੈਲੇਸਟ ਟੈਂਕਾਂ ਨੂੰ ਨੁਕਸਾਨ ਪਹੁੰਚਾਇਆ ਪਰ ਇਸ ਦੇ ਪ੍ਰਮਾਣੂ ਪਲਾਂਟ ਸੁਰੱਖਿਅਤ ਰਹੇ। ਮੁਅੱਤਲੀ ਤੋਂ ਬਾਅਦ ਕਮਾਂਡਰ ਅਲਜਿਲਾਨੀ ਦੀ ਥਾਂ ਹੋਰ ਕਮਾਂਡਿੰਗ ਅਫਸਰ ਨੇ ਸੰਭਾਲ ਲਈ ਹੈ।

Leave a Reply

Your email address will not be published. Required fields are marked *