ਤਾਲਿਬਾਨ ਦੇ ਡਰੋਂ ਅਮਰੀਕੀ ਫ਼ੌਜ ਨੂੰ ਸੌਂਪਿਆ ਸੀ 2 ਮਹੀਨੇ ਦਾ ਬੱਚਾ, ਹੁਣ ਦਰ-ਦਰ ਲੱਭ ਰਿਹੈ ਬੇਵੱਸ ਪਿਤਾ

ਕਾਬੁਲ : 15 ਅਗਸਤ ਨੂੰ ਅਫ਼ਗਾਨਿਸਤਾਨ ’ਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਵੱਡੀ ਗਿਣਤੀ ਵਿਚ ਉਥੋਂ ਦੇ ਲੋਕ ਮਜ਼ਬੂਰ ਹੋ ਕੇ ਦੇਸ਼ ਛੱਡਣ ਲਈ ਕਾਬੁਲ ਹਵਾਈਅੱਡੇ ਦੇ ਅੰਦਰ ਇੱਕਠੇ ਹੋ ਗਏ ਸਨ। ਉਨ੍ਹਾਂ ਨੂੰ ਉਮੀਦ ਸੀ ਕਿ ਕਿਸੇ ਨਾਲ ਕਿਸੇ ਦੇਸ਼ ਵੱਲੋਂ ਉਨ੍ਹਾਂ ਨੂੰ ਏਅਰਲਿਫਟ ਕਰਕੇ ਨਵੀਂ ਜ਼ਿੰਦਗੀ ਦਿੱਤੀ ਜਾਏਗੀ। ਇਨ੍ਹਾਂ ਵਿਚ ਮਿਰਜਾ ਅਲੀ ਅਹਿਮਦੀ ਨਾਮ ਦਾ ਵਿਅਕਤੀ ਵੀ ਸ਼ਾਮਲ ਹੈ। ਉਹ ਅਤੇ ਉਨ੍ਹਾਂ ਦੀ ਪਤਨੀ ਸੁਰਾਇਆ ਵੀ 5 ਬੱਚਿਆਂ ਨਾਲ ਕਾਬੁਲ ਹਵਾਈਅੱਡੇ ਪਹੁੰਚੇ ਸਨ। ਉਥੇ ਉਨ੍ਹਾਂ ਨੇ ਆਪਣਾ 2 ਮਹੀਨੇ ਦਾ ਬੱਚਾ ਅਮਰੀਕੀ ਫ਼ੌਜ ਨੂੰ ਸੌਂਪ ਦਿੱਤਾ ਸੀ ਪਰ ਹੁਣ ਉਸ ਦਾ ਕੁੱਝ ਪਤਾ ਨਹੀਂ ਲੱਗ ਰਿਹਾ ਹੈ। ਯਾਨੀ ਕਿ ਉਹ ਲਾਪਤਾ ਹੈ।

ਮੀਡੀਆ ਰਿਪੋਰਟ ਮੁਤਾਬਕ ਮਿਰਜਾ ਅਲੀ ਦਾ ਕਹਿਣਾ ਹੈ ਕਿ 19 ਅਗਸਤ ਨੂੰ ਉਹ ਪਤਨੀ ਅਤੇ 5 ਬੱਚਿਆਂ ਨਾਲ ਕਾਬੁਲ ਹਵਾਈਅੱਡੇ ਦੇ ਬਾਹਰ ਖੜ੍ਹੇ ਸਨ। ਉਥੇ ਬਹੁਤ ਭੀੜ ਸੀ। ਉਨ੍ਹਾਂ ਨੂੰ ਲੱਗਾ ਕਿ ਕਿਤੇ ਉਨ੍ਹਾਂ ਦੇ 2 ਮਹੀਨੇ ਦੇ ਪੁੱਤਰ ਸੋਹੇਲ ਨੂੰ ਕੋਈ ਸੱਟ ਨਾ ਲੱਗ ਜਾਏ। ਇਸ ਲਈ ਉਨ੍ਹਾਂ ਨੇ ਆਪਣਾ ਬੱਚਾ ਹਵਾਈਅੱਡੇ ਦੇ ਅੰਦਰ ਕੰਢਿਆਲੀ ਤਾਰ ਤੋਂ ਪਾਰ ਤਾਇਨਾਤ ਅਮਰੀਕੀ ਫ਼ੌਜ ਨੂੰ ਸੌਂਪ ਦਿੱਤਾ ਸੀ। ਉਨ੍ਹਾਂ ਨੂੰ ਉਮੀਦ ਸੀ ਕਿ ਉਹ ਜਲਦ ਹੀ ਕੰਢਿਆਲੀ ਤਾਰ ਪਾਰ ਕਰਕੇ ਬੱਚੇ ਕੋਲ ਪਹੁੰਚ ਜਾਣਗੇ ਪਰ ਤਾਲਿਬਾਨੀ ਲੜਾਕਿਆਂ ਨੇ ਉਨ੍ਹਾਂ ਨੂੰ ਪਿੱਛੇ ਧੱਕ ਦਿੱਤਾ ਅਤੇ ਉਨ੍ਹਾਂ ਨੂੰ ਬੱਚੇ ਤੱਕ ਪਹੁੰਚਣ ਵਿਚ ਸਮਾਂ ਲੱਗ ਗਿਆ, ਪਰ ਜਦੋਂ ਉਹ ਹਵਾਈਅਡੇ ਦੇ ਅੰਦਰ ਪਹੁੰਚੇ ਤਾਂ ਬੱਚਾ ਉਥੇ ਮੌਜੂਦ ਨਹੀਂ ਸੀ।

ਉਨ੍ਹਾਂ ਨੇ ਆਪਣੇ ਬੱਚੇ ਦੇ ਬਾਰੇ ਹਰ ਅਧਿਕਾਰੀ ਨੂੰ ਪੁੱਛਿਆ। ਉਨ੍ਹਾਂ ਕਿਹਾ ਕਿ ਇਕ ਫ਼ੌਜੀ ਕਮਾਂਡਰ ਨੇ ਉਨ੍ਹਾਂ ਨੂੰ ਦੱਸਿਆ ਕਿ ਹਵਾਈ ਅੱਡਾ ਬੱਚੇ ਲਈ ਬਹੁਤ ਖ਼ਤਰਨਾਕ ਹੈ ਅਤੇ ਸ਼ਾਇਦ ਬੱਚੇ ਦੀ ਸੁਰੱਖਿਆ ਨੂੰ ਦੇਖਦੇ ਹੋਏ ਉਸ ਨੂੰ ਅਮਰੀਕੀ ਕੈਂਪ ਵਿਚ ਰੱਖਿਆ ਗਿਆ ਹੋਵੇਗਾ ਪਰ ਜਦੋਂ ਉਹ ਉਸ ਜਗ੍ਹਾ ਪਹੁੰਚੇ ਤਾਂ ਉਹ ਵੀ ਖਾਲ੍ਹੀ ਸੀ। ਮਿਰਜਾ ਨੇ ਹਵਾਈਅੱਡੇ ’ਤੇ ਹਰ ਕਿਸੇ ਨੂੰ ਆਪਣੇ ਬੱਚੇ ਬਾਰੇ ਪੁੱਛਿਆ ਪਰ ਕਿਤੋਂ ਕੁੱਝ ਪਤਾ ਨਹੀਂ ਲੱਗ ਸਕਿਆ। 35 ਸਾਲ ਦੇ ਮਿਰਜਾ ਅਲੀ ਅਤੇ ਉਨ੍ਹਾਂ ਦੀ ਪਤਨੀ ਸਮੇਤ 4 ਬੱਚਿਆਂ ਨੂੰ ਕਤਰ ਅਤੇ ਜਰਮਨੀ ਜ਼ਰੀਏ ਹੁਣ ਅਮਰੀਕਾ ਪਹੁੰਚਾ ਦਿੱਤਾ ਗਿਆ ਹੈ ਅਤੇ ਹੁਣ ਉਹ ਟੈਕਸਾਸ ਵਿਚ ਹੈ। ਮਿਰਜਾ ਅਲੀ ਦੱਸਦੇ ਹਨ ਕਿ ਉਨ੍ਹਾਂ ਨੇ 10 ਸਾਲ ਤੱਕ ਅਮਰੀਕੀ ਦੂਤਘਰ ਵਿਚ ਸੁਰੱਖਿਆ ਗਾਰਡ ਦੇ ਰੂਪ ਵਿਚ ਕੰਮ ਕੀਤਾ ਹੈ।

Leave a Reply

Your email address will not be published. Required fields are marked *