ਅਮਰੀਕਾ ਚ ਭਾਰਤੀ ਮੂਲ ਦੇ ਪੁਲਸ ਅਧਿਕਾਰੀ ਨੂੰ ਮਾਰੀ ਗੋਲੀ, ਗੰਭੀਰ ਜ਼ਖਮੀ

ਹਿਊਸਟਨ : ਅਮਰੀਕਾ ਦੇ ਜਾਰਜੀਆ ਸੂਬੇ ਵਿੱਚ ਘਰੇਲੂ ਝਗੜੇ ਨੂੰ ਸੁਲਝਾਉਣ ਗਏ ਭਾਰਤੀ ਮੂਲ ਦੇ 38 ਸਾਲਾ ਅਮਰੀਕੀ ਪੁਲਸ ਅਧਿਕਾਰੀ ਨੂੰ ਇੱਕ ਵਿਅਕਤੀ ਨੇ ਗੋਲੀ ਮਾਰ ਦਿੱਤੀ ਅਤੇ ਫ਼ਰਾਰ ਹੋ ਗਿਆ। ਸੋਮਵਾਰ ਨੂੰ ਮੀਡੀਆ ਰਿਪੋਰਟਾਂ ‘ਚ  ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਹੈ ਕਿ ਗੋਲੀ ਲੱਗਣ ਕਾਰਨ ਪੁਲਸ ਅਧਿਕਾਰੀ ਗੰਭੀਰ ਰੂਪ ‘ਚ ਜ਼ਖਮੀ ਹੋ ਗਿਆ। ABCNews.com ਨੇ ਆਪਣੀ ਰਿਪੋਰਟ ਵਿੱਚ ਦੱਸਿਆ ਕਿ ਜਾਰਜੀਆ ਅਤੇ NBA (ਨੈਸ਼ਨਲ ਬਾਸਕਟਬਾਲ ਐਸੋਸੀਏਸ਼ਨ) ਦੇ ਹਾਲ ਆਫ ਫੇਮਰ ਸ਼ਕੀਲ ਓ’ਨੀਲ ਦੇ ਜਾਂਚਕਰਤਾਵਾਂ ਨੇ ਪਿਛਲੇ ਹਫਤੇ ਪਰਮਹੰਸ ਦੇਸਾਈ ਨਾਮ ਦੇ ਇੱਕ ਪੁਲਸ ਅਧਿਕਾਰੀ ਨੂੰ ਗੋਲੀ ਮਾਰ ਕੇ ਜ਼ਖਮੀ ਕਰਨ ਵਾਲੇ ਸ਼ੱਕੀ ਵਿਅਕਤੀ ਬਾਰੇ ਕੋਈ ਜਾਣਕਾਰੀ ਮੰਗੀ ਹੈ, ਜਿਸ ਲਈ 30,000 ਅਮਰੀਕੀ ਡਾਲਰ ਦਾ ਇਨਾਮ ਦੇਣ ਦੀ ਪੇਸ਼ਕਸ਼ ਕੀਤੀ ਗਈ ਹੈ। 

ਹੈਨਰੀ ਕਾਊਂਟੀ ਪੁਲਸ ਵਿਭਾਗ ਵੱਲੋਂ ਜਾਰੀ ਬਿਆਨ ‘ਚ ਕਿਹਾ ਗਿਆ ਹੈ ਕਿ ਹੈਨਰੀ ਕਾਊਂਟੀ ਪੁਲਸ ਅਧਿਕਾਰੀ ਦੇਸਾਈ ਵੀਰਵਾਰ ਰਾਤ ਨੂੰ ਘਰੇਲੂ ਝਗੜੇ ਨੂੰ ਸੁਲਝਾਉਣ ਲਈ ਗਏ ਸਨ। ਜਦੋਂ ਉਹਨਾਂ ਨੇ ਮੈਕਡੋਨਫ ਦੇ ਰਹਿਣ ਵਾਲੇ ਜੌਰਡਨ ਜੈਕਸਨ (22) ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਕਥਿਤ ਤੌਰ ‘ਤੇ ਉਹਨਾਂ ‘ਤੇ ਗੋਲੀਬਾਰੀ ਕੀਤੀ ਅਤੇ ਕਾਰ ਵਿਚ ਬੈਠ ਕੇ ਫਰਾਰ ਹੋ ਗਿਆ। ਪੁਲਸ ਨੇ ਦੱਸਿਆ ਕਿ ਦੇਸਾਈ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਹਨਾਂ ਦੀ ਹਾਲਤ ਨਾਜ਼ੁਕ ਪਰ ਸਥਿਰ ਦੱਸੀ ਜਾ ਰਹੀ ਹੈ। ਦੇਸਾਈ (38) ਵਿਆਹੁਤਾ ਹਨ ਅਤੇ ਉਹਨਾਂ ਦੇ ਦੋ ਬੱਚੇ ਹਨ। ਉਹ ਪਿਛਲੇ ਦੋ ਸਾਲਾਂ ਤੋਂ ਹੈਨਰੀ ਕਾਉਂਟੀ ਪੁਲਸ ਵਿਭਾਗ ਵਿੱਚ ਕੰਮ ਕਰ ਰਹੇ ਹਨ। ਇਸ ਤੋਂ ਪਹਿਲਾਂ ਉਹਨਾਂ ਨੇ ਜਾਰਜੀਆ ਦੇ ਸੁਧਾਰ ਵਿਭਾਗ ਅਤੇ ਡੀਕਲਬ ਕਾਉਂਟੀ ਪੁਲਸ ਵਿਭਾਗ ਵਿੱਚ ਕੰਮ ਕੀਤਾ। 

ਇਕ ਹੋਰ ਵੈੱਬਸਾਈਟ ਨੇ ਆਪਣੀ ਰਿਪੋਰਟ ‘ਚ ਦੱਸਿਆ ਕਿ ਜਦੋਂ ਦੇਸਾਈ ਕਾਲ ਤੋਂ ਬਾਅਦ ਕੀਜ਼ ਫੈਰੀ ਰੋਡ ‘ਤੇ ਮੌਕੇ ‘ਤੇ ਪਹੁੰਚੇ ਤਾਂ ਜੈਕਸਨ ਨੇ ਉਨ੍ਹਾਂ ਨੂੰ ਗੋਲੀ ਮਾਰ ਦਿੱਤੀ। ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਪੁਲਸ ਨੇ ਜੈਕਸਨ ਦੀ ਗ੍ਰਿਫ਼ਤਾਰੀ ਲਈ 30,000 ਡਾਲਰ ਦਾ ਇਨਾਮ ਰੱਖਿਆ ਹੈ। ਹੈਨਰੀ ਹੌਂਟੀ ਦੇ ਸ਼ੈਰਿਫ ਦਫਤਰ ਅਤੇ ਹੋਰ ਸੰਸਥਾਵਾਂ ਨੇ ਵੀ ਵੱਖ-ਵੱਖ ਇਨਾਮ ਰੱਖੇ ਹਨ। ਇਸ ਤੋਂ ਪਹਿਲਾਂ 2019 ਵਿੱਚ ਟੈਕਸਾਸ ਵਿੱਚ ਭਾਰਤੀ ਮੂਲ ਦੇ ਇੱਕ ਪੁਲਸ ਅਧਿਕਾਰੀ ਸੰਦੀਪ ਸਿੰਘ ਧਾਲੀਵਾਲ ਦਾ ਪਿੱਛਿਓਂ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਵਿਆਹੁਤਾ ਧਾਲੀਵਾਲ ਦੇ ਤਿੰਨ ਬੱਚੇ ਹਨ।

Leave a Reply

Your email address will not be published. Required fields are marked *