ਨਿਊਜ਼ੀਲੈਂਡ ‘ਚ ਵੈਕਸੀਨ-ਤਾਲਾਬੰਦੀ ਦੇ ਵਿਰੋਧ ‘ਚ ਲੋਕਾਂ ਨੇ ਸੰਸਦ ਦੇ ਸਾਹਮਣੇ ਕੱਢੀ ਰੈਲੀ

ਵੈਲਿੰਗਟਨ-ਵੈਕਸੀਨ ਜਨਾਦੇਸ਼ ਅਤੇ ਤਾਲਾਬੰਦੀ ਦੇ ਵਿਰੋਧ ‘ਚ ਹਜ਼ਾਰਾਂ ਲੋਕਾਂ ਨੇ ਮੰਗਲਵਾਰ ਨੂੰ ਨਿਊਜ਼ੀਲੈਂਡ ਦੇ ਸੰਸਦ ਦੇ ਸਾਹਮਣੇ ਮੋਟਰਸਾਈਕਲ ਰੈਲੀ ਰਾਹੀਂ ਵਿਰੋਧ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨ ਦੇ ਮੱਦੇਨਜ਼ਰ ਸੰਸਦ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਹਾਲਾਂਕਿ ਇਹ ਸ਼ਾਂਤੀਪੂਰਨ ਪ੍ਰਦਰਸ਼ਨ ਸੀ ਫਿਰ ਵੀ ਪ੍ਰਦਰਸ਼ਨਕਾਰੀ ‘ਨੋ ਮੋਰ ਤਾਲਾਬੰਦੀ’ ਦਾ ਬੈਨਰ ਆਪਣੇ ਹੱਥਾ ‘ਚ ਲੈ ਕੇ ਆਜ਼ਾਦੀ ਦੇ ਨਾਅਰੇ ਲੱਗਾ ਰਹੇ ਸਨ। ਪ੍ਰਦਰਸ਼ਨਕਾਰੀਆਂ ਦੀ ਮੰਗ ਹੈ ਕਿ ਉਨ੍ਹਾਂ ਨੂੰ ਸਾਲ 2018 ਵਾਲਾ ਖੁੱਲ੍ਹਾ ਅਤੇ ਆਜ਼ਾਦ ਮਾਹੌਲ ਚਾਹੀਦਾ ਹੈ।

ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੇ ਕਿਹਾ ਕਿ ਦੇਸ਼ ਦੇ ਸਭ ਤੋਂ ਵੱਡੇ ਸ਼ਹਿਰ ਆਕਲੈਂਡ ਦੀ ਤਾਲਾਬੰਦੀ ਇਸ ਮਹੀਨੇ ਦੇ ਆਖਿਰ ‘ਚ ਖਤਮ ਹੋਣ ਦੀ ਸੰਭਾਵਨਾ ਹੈ। ਨਾਲ ਹੀ ਅੱਜ ਤੋਂ ਕੋਰੋਨਾ ਵਾਇਰਸ ਪਾਬੰਦੀਆਂ ‘ਚ ਕੁਝ ਢਿੱਲ ਦਿੱਤੀ ਗਈ ਹੈ। ਕੋਰੋਨਾ ਦੇ ਡੈਲਟਾ ਵੇਰੀਐਂਟ ਦੇ ਫੈਲਣ ਤੋਂ ਬਾਅਦ ਆਕਲੈਂਡ ਲਗਭਗ ਤਿੰਨ ਮਹੀਨੇ ਤੋਂ ਤਾਲਾਬੰਦੀ ‘ਚ ਹੈ। ਪ੍ਰਧਾਨ ਮੰਤਰੀ ਜੈਸਿੰਡਾ ਦਾ ਬੁੱਧਵਾਰ ਨੂੰ ਆਕਲੈਂਡ ਜਾਣ ਦਾ ਪ੍ਰੋਗਰਾਮ ਹੈ ਅਤੇ ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਉਥੇ ਉਨ੍ਹਾਂ ਨੂੰ ਹੋਰ ਵੀ ਵਿਰੋਧ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਨਿਊਜ਼ੀਲੈਂਡ ‘ਚ ਪਿਛਲੇ ਇਕ ਹਫ਼ਤੇ ‘ਚ ਡੈਲਟਾ ਵੇਰੀਐਂਟ ਦੇ ਰੋਜ਼ਾਨਾ 150 ਨਵੇਂ ਮਾਮਲੇ ਸਾਹਮਣੇ ਆ ਰਹੇ ਹਨ ਅਤੇ ਕੁੱਲ ਮਰੀਜ਼ਾਂ ਦਾ ਅੰਕੜਾ 4,500 ਨੂੰ ਪਾਰ ਕਰ ਚੁੱਕਿਆ ਹੈ। ਪ੍ਰਧਾਨ ਮੰਤਰੀ ਜੈਸਿੰਡਾ ਨੇ ਸੋਮਵਾਰ ਨੂੰ ਕਿਹਾ ਕਿ 12 ਸਾਲ ਅਤੇ ਉਸ ਤੋਂ ਜ਼ਿਆਦਾ ਉਮਰ ਦੇ ਲੋਕਾਂ ਦਰਮਿਆਨ ਸ਼ਹਿਰ ਦੀ ਟੀਕਾਕਰਨ ਦਰ ‘ਚ ਸੁਧਾਰ ਦਾ ਮਤਲਬ ਹੈ ਕਿ ਹੌਲੀ-ਹੌਲੀ ਤਾਲਾਬੰਦੀ ‘ਚ ਕਟੌਤੀ ਜਾਰੀ ਰਹਿ ਸਕਦੀ ਹੈ। ਅੰਕੜੇ ਦੱਸਦੇ ਹਨ ਕਿ ਦੁਨੀਆ ਭਰ ‘ਚ ਨਿਊਜ਼ੀਲੈਂਡ ‘ਚ ਹੁਣ ਤੱਕ ਸਭ ਤੋਂ ਘੱਟ ਵੈਕਸੀਨ ਲਾਈ ਗਈ ਹੈ।

Leave a Reply

Your email address will not be published. Required fields are marked *