ਜਲਵਾਯੂ ਪਰਿਵਰਤਨ ਦੀ ਚਪੇਟ ਚ ਆਉਣ ਵਾਲੀ ਦੁਨੀਆ ਦੀ ਪਹਿਲੀ ਮਰੀਜ਼ ਹੈ ਇਹ ਮਹਿਲਾ

ਟੋਰਾਂਟੋ: ਕੈਨੇਡਾ ਦੀ ਇਕ ਮਹਿਲਾ ਨੂੰ ਕਥਿਤ ਤੌਰ ‘ਤੇ ਜਲਵਾਯੂ ਪਰਿਵਰਤਨ ਤੋਂ ਪੀੜਤ ਦੁਨੀਆ ਦੀ ਪਹਿਲੀ ਮਰੀਜ਼ ਦੱਸਿਆ ਜਾ ਰਿਹਾ ਹੈ। ਇਸ ਮਹਿਲਾ ਨੂੰ ਸਾਹ ਲੈਣ ਵਿੱਚ ਦਿੱਕਤ ਆ ਰਹੀ ਹੈ। ਮਰੀਜ਼ ਦੀ ਜਾਂਚ ਕਰਨ ਵਾਲੇ ਡਾਕਟਰਾਂ ਨੇ ਕਿਹਾ ਹੈ ਕਿ ਲੂ ਅਤੇ ਹਵਾ ਦੀ ਖਰਾਬ ਗੁਣਵੱਤਾ ਮਰੀਜ਼ ਦੀ ਸਿਹਤ ਦੀ ਸਥਿਤੀ ਲਈ ਜ਼ਿੰਮੇਵਾਰ ਹੈ। ਮਰੀਜ਼ ਕੈਨੇਡੀਅਨ ਸੂਬੇ ਬ੍ਰਿਟਿਸ਼ ਕੋਲੰਬੀਆ ਦੀ ਸੀਨੀਅਰ ਨਾਗਰਿਕ ਹੈ ਅਤੇ ਗੰਭੀਰ ਦਮੇ ਨਾਲ ਜੂਝ ਰਹੀ ਹੈ।

ਕੈਨੇਡਾ ਦੇ ਰੋਜ਼ਾਨਾ ਅਖਬਾਰ ‘ਟਾਈਮਜ਼ ਕਾਲਮਨਿਸਟ’ ਦੀ ਰਿਪੋਰਟ ਮੁਤਾਬਕ ਮਹਿਲਾ ਦਾ ਇਲਾਜ ਕਰ ਰਹੀ ਸਲਾਹਕਾਰ ਡਾਕਟਰ ਕੈਲੀ ਮੈਰਿਟ ਨੇ 10 ਸਾਲਾਂ ‘ਚ ਪਹਿਲੀ ਵਾਰ ਮਰੀਜ਼ ਦੀ ਜਾਂਚ ਲਿਖਦੇ ਹੋਏ ਕਲਾਈਮੇਟ ਚੇਂਜ ਸ਼ਬਦ ਦੀ ਵਰਤੋਂ ਕੀਤੀ ਹੈ।ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਮਹਾਮਾਰੀ ਨਾਲ ਜੂਝਣ ਦੇ ਨਾਲ-ਨਾਲ ਕੈਨੇਡਾ ਨੇ ਜੂਨ ‘ਚ ਹੁਣ ਤੱਕ ਦੀ ਸਭ ਤੋਂ ਭਿਆਨਕ ਹੀਟਵੇਵ ਦਾ ਸਾਹਮਣਾ ਕੀਤਾ। ਇਸ ਤੋਂ ਬਾਅਦ ਜੰਗਲ ਦੀ ਅੱਗ ਕਾਰਨ ਚਾਰੇ ਪਾਸੇ ਧੂੰਆਂ ਫੈਲ ਗਿਆ। ਇਸ ਨਾਲ ਹਵਾ ਹੋਰ ਵੀ ਜ਼ਹਿਰੀਲੀ ਹੋ ਗਈ। ਰਿਪੋਰਟ ‘ਚ ਕਿਹਾ ਗਿਆ ਹੈ ਕਿ ਬ੍ਰਿਟਿਸ਼ ਕੋਲੰਬੀਆ ‘ਚ ਲੋਕਾਂ ਨੂੰ ਜੂਨ ‘ਚ ਭਾਰੀ ਗਰਮੀ ਦੀ ਸਥਿਤੀ ਦਾ ਸਾਹਮਣਾ ਕਰਨਾ ਪਿਆ। ਇਸ ਕਾਰਨ 500 ਲੋਕਾਂ ਦੀ ਮੌਤ ਹੋ ਗਈ। ਹਵਾ ਦੀ ਗੁਣਵੱਤਾ ਅਗਲੇ 2-3 ਮਹੀਨਿਆਂ ਵਿੱਚ  40 ਗੁਣਾ ਜ਼ਿਆਦਾ ਖਰਾਬ ਹੋ ਗਈ ਹੈ। 

ਡਾਕਟਰ ਮੈਰਿਟ ਨੇ ਕਿਹਾ,”ਮਰੀਜ਼ ਨੂੰ ਸ਼ੂਗਰ ਹੈ। ਉਸ ਨੂੰ ਦਿਲ ਦੀ ਕੋਈ ਬੀਮਾਰੀ ਵੀ ਹੈ। ਉਹ ਬਿਨਾਂ ਏਅਰ ਕੰਡੀਸ਼ਨ ਦੇ ਟ੍ਰੇਲਰ ਵਿੱਚ ਰਹਿੰਦੀ ਹੈ। ਇਸ ਲਈ ਲੂ ਅਤੇ ਗਰਮੀ ਕਾਰਨ ਉਸ ਦੀ ਸਿਹਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਉਹ ਹਾਈਡਰੇਟਿਡ ਰਹਿਣ ਲਈ ਸੱਚਮੁੱਚ ਸੰਘਰਸ਼ ਕਰ ਰਹੀ ਹੈ।’’ ਡਾਕਟਰ ਮੈਰਿਟ ਦਾ ਕਹਿਣਾ ਹੈ ਕਿ ਮਰੀਜ਼ਾਂ ਦੇ ਲੱਛਣਾਂ ਦਾ ਇਲਾਜ ਕਰਨ ਦੀ ਬਜਾਏ ਮੂਲ ਕਾਰਨਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਹੱਲ ਕਰਨ ਦੀ ਬਹੁਤ ਜ਼ਰੂਰਤ ਹੈ। ਜਲਵਾਯੂ ਪਰਿਵਰਤਨ ਤੋਂ ਪੀੜਤ ਮਹਿਲਾ ਦਾ ਇਹ ਮਾਮਲਾ ਅਜਿਹੇ ਸਮੇਂ ‘ਚ ਸਾਹਮਣੇ ਆਇਆ ਹੈ ਜਦੋਂ ਦੁਨੀਆ ਭਰ ਦੇ ਦੇਸ਼ ਜਲਵਾਯੂ ਪਰਿਵਰਤਨ ਅਤੇ ਕਾਰਬਨ ਨਿਕਾਸੀ ‘ਤੇ ਚਿੰਤਾ ਜ਼ਾਹਰ ਕਰ ਰਹੇ ਹਨ। ਗਲਾਸਗੋ, ਸਕਾਟਲੈਂਡ ਵਿੱਚ ਹਾਲ ਹੀ ਵਿੱਚ ਸਮਾਪਤ ਹੋਈ ਜਲਵਾਯੂ ਸੰਮੇਲਨ ਕੋਪ 26 ਵਿੱਚ, ਪੀਐਮ ਮੋਦੀ ਸਮੇਤ ਦੁਨੀਆ ਦੇ ਸਾਰੇ ਮੁਖੀਆਂ ਨੇ ਕਾਰਬਨ ਨਿਕਾਸ ਨੂੰ ਘਟਾਉਣ ਦੀ ਅਪੀਲ ਕੀਤੀ।

Leave a Reply

Your email address will not be published. Required fields are marked *