UN ‘ਚ ਵਾਤਾਵਰਨ ਸੁਧਾਰ ‘ਤੇ ਜ਼ੋਰ, ਕੋਲੇ ਦੀ ਵਰਤੋਂ ਪੂਰੀ ਤਰ੍ਹਾਂ ਬੰਦ ਕਰਨ ‘ਤੇ ਵਿਚਾਰ, ਜਾਣੋ ਕਿਉਂ ਚਿੰਤਤ ਹੋਏ ਅਮੀਰ ਦੇਸ਼

ਗਲਾਸਗੋ : ਸੰਯੁਕਤ ਰਾਸ਼ਟਰ ਦੇ ਬੈਨਰ ਹੇਠ ਵਾਤਾਵਰਨ ਸੁਧਾਰ ਦੀ ਚਰਚਾ ’ਚ ਕੋਲੇ ਦਾ ਸਭ ਤਰ੍ਹਾਂ ਦਾ ਇਸਤੇਮਾਲ ਬੰਦ ਕਰਨ ਦਾ ਸੱਦਾ ਦਿੱਤਾ ਗਿਆ ਹੈ। ਪਰ ਇਸ ਲਈ ਗ਼ਰੀਬ ਦੇਸ਼ਾਂ ਨੂੰ ਆਰਥਿਕ ਮਦਦ ਦਿੱਤੇ ਜਾਣ ਦੀ ਉਮੀਦ ਪ੍ਰਗਟਾਈ ਕਈ ਹੈ। ਵਾਤਾਵਰਨ ਦੇ ਵਧ ਰਹੇ ਤਾਪਮਾਨ ਨੂੰ ਕੰਟਰੋਲ ਕਰਨ ਲਈ ਇਹ ਤਜਵੀਜ਼ ਤਿਆਰ ਕੀਤੀ ਗਈ ਹੈ। ਇਸ ’ਚ ਊਰਜਾ ਲਈ ਕੋਲੇ ਤੇ ਪੈਟਰੋਲ-ਡੀਜ਼ਲ ਦੀ ਵਰਤੋਂ ਪੜਾਅਵਾਰ ਤਰੀਕੇ ਨਾਲ ਬੰਦ ਕਰਨ ਦੇ ਯਤਨਾਂ ’ਚ ਤੇਜ਼ੀ ਲਿਆਉਣ ਦਾ ਦੇਸ਼ਾਂ ਨੂੰ ਸੱਦਾ ਦਿੱਤਾ ਗਿਆ ਹੈ।

ਇਸ ਤੋਂ ਪਹਿਲਾਂ ਬੁੱਧਵਾਰ ਨੂੰ ਤਿਆਰ ਹੋਏ ਮਤੇ ਦੀ ਭਾਸ਼ਾ ’ਚ ਮਜਬੂਰੀ ਦਾ ਭਾਵ ਸੀ ਪਰ ਸ਼ੁੱਕਰਵਾਰ ਨੂੰ ਮਤੇ ’ਚ ਉਮੀਦ ਦਾ ਭਾਵ ਦੇਖਿਆ ਗਿਆ ਹੈ। ਇਸ ’ਚ ਦੇਸ਼ਾਂ ਤੋਂ ਕੋਲਾ ਸਾੜਨ ਤੇ ਪੈਟਰੋਲ ਡੀਜ਼ਲ ਦੇ ਇਸਤੇਮਾਲ ਦੀਆਂ ਗੜਬੜੀਆਂ ਰੋਕਣ ਦੀ ਉਮੀਦ ਪ੍ਰਗਟਾਈ ਗਈ ਹੈ। ਇਸ ਮਤੇ ਬਾਰੇ ਅਜੇ ਹੋਰ ਚਰਚਾ ਹੋ ਸਕਦੀ ਹੈ। ਕਿਉਂਕਿ ਇਸ ਦੀਆਂ ਮੱਦਾਂ ’ਤੇ ਤੇਲ ਬਰਾਮਦਕਾਰ ਦੇਸ਼ਾਂ ਨੂੰ ਇਤਰਾਜ਼ ਹੈ। ਦੋ ਹਫ਼ਤਿਆਂ ਤੱਕ ਚੱਲੀ ਚਰਚਾ ’ਚ ਵਿਚਾਰ ਕੀਤਾ ਗਿਆ ਹੈ ਕਿ ਦੁਨੀਆ ’ਚ ਤਾਪਮਾਨ ਦੇ ਵਧਣ ਦੀ ਰਫ਼ਤਾਰ ਨੂੰ ਕਿਸ ਤਰ੍ਹਾਂ ਘੱਟ ਕੀਤਾ ਜਾਵੇ? ਪੈਟਰੋਲ ਤੇ ਡੀਜ਼ਲ ਦਾ ਇਸਤੇਮਾਲ ਕਿਵੇਂ ਘੱਟ ਕੀਤਾ ਜਾਵੇ? ਕਿਉਂਕਿ ਧਰਤੀ ਦਾ ਤਾਪਮਾਨ ਵਧਣ ਤੇ ਹਵਾ ਪ੍ਰਦੂਸ਼ਣ ਲਈ ਇਨ੍ਹਾਂ ਤੇਲ ਉਤਪਾਦਾਂ ਦਾ ਇਸਤੇਮਾਲ ਵੱਡਾ ਕਾਰਨ ਹੈ। 2015 ’ਚ ਹੋਏ ਪੈਰਿਸ ਸਮਝੌਤੇ ਦੇ ਸੰਕਲਪ ਤਕ ਪਹੁੰਚਣ ਲਈ ਵਿਗਿਆਨੀਆਂ ਨੇ ਪੈਟਰੋਲ ਤੇ ਡੀਜ਼ਲ ਦਾ ਇਸਤੇਮਾਲ ਪੂਰੀ ਤਰ੍ਹਾਂ ਬੰਦ ਕੀਤਾ ਜਾਣਾ ਜ਼ਰੂਰੀ ਮੰਨਿਆ ਹੈ। ਇਸ ਸੰਕਲਪ ਮੁਤਾਬਕ ਵਾਤਾਵਰਨ ਦਾ ਔਸਤ ਤਾਪਮਾਨ 1.5 ਡਿਗਰੀ ਸੈਲਸੀਅਸ ਤੋਂ ਹੇਠਾਂ ਲਿਆਉਣਾ ਹੈ। ਇਹ ਟੀਚਾ ਇਸ ਸਦੀ ਦੇ ਅਖ਼ੀਰ ਤਕ ਪ੍ਰਾਪਤ ਕਰਨਾ ਹੈ। ਪਰ ਪੈਟਰੋਲ ਡੀਜ਼ਲ ਦੇ ਇਸਤੇਮਾਲ ’ਤੇ ਪੂਰੀ ਤਰ੍ਹਾਂ ਰੋਕ ਦਾ ਮਤਾ ਸਿਆਸੀ ਤੌਰ ’ਤੇ ਸੰਵੇਦਨਸ਼ੀਲ ਹੈ। ਸਾਊਦੀ ਅਰਬ ਤੇ ਤੇਲ ਉਤਪਾਦਕ ਹੋਰ ਦੇਸ਼ ਇਸ ਮਤੇ ਨੂੰ ਨਕਾਰ ਸਕਦੇ ਹਨ।

ਇਸ ਮਤੇ ਦੀ ਦੂਜੀ ਮੁਸ਼ਕਲ ਗ਼ਰੀਬ ਦੇਸ਼ਾਂ ਨੂੰ ਆਰਥਿਕ ਸਹਾਇਤਾ ਦੇਣ ਦੀ ਹੈ। ਅਮੀਰ ਦੇਸ਼ 2020 ਤੋਂ ਗ਼ਰੀਬ ਦੇਸ਼ਾਂ ਨੂੰ 100 ਅਰਬ ਡਾਲਰ (ਕਰੀਬ ਸਾਢੇ ਸੱਤ ਲੱਖ ਕਰੋੜ ਰੁਪਏ) ਦੀ ਸਾਲਾਨਾ ਸਹਾਇਤਾ ਦੇਣ ’ਚ ਨਾਕਾਮ ਰਹੇ ਹਨ। ਇਸ ਬਾਰੇ ਪੈਰਿਸ ਸਮਝੌਤੇ ’ਚ ਸ਼ਾਮਲ ਵਿਕਾਸਸ਼ੀਲ ਦੇਸ਼ਾਂ ’ਚ ਨਾਰਾਜ਼ਗੀ ਦਾ ਭਾਵ ਹੈ। ਤਾਜ਼ਾ ਮਤੇ ’ਚ ਆਰਥਿਕ ਸਹਾਇਤਾ ਰੁਕਣ ’ਤੇ ਚਿੰਤਾ ਪ੍ਰਗਟਾਈ ਗਈ ਹੈ। ਅਮਰੀ ਦੇਸ਼ਾਂ ਦੀ ਅਗਵਾਈ ਕਰ ਰਿਹਾ ਅਮਰੀਕਾ ਆਰਥਿਕ ਸਹਾਇਤਾ ਨੂੰ ਮਜਬੂਰੀ ਬਣਾਏ ਜਾਣ ਦੇ ਕਿਸੇ ਵੀ ਕਾਨੂੰਨੀ ਪ੍ਰਬੰਧ ਦਾ ਵਿਰੋਧੀ ਹੈ।

ਅਗਲਾ ਵਾਤਾਵਰਨ ਸੰਮੇਲਨ ਮਿਸਰ ’ਚ

ਵਾਤਾਵਰਨ ’ਤੇ ਸੰਯੁਕਤ ਰਾਸ਼ਟਰ ਦਾ ਅਗਲਾ ਸੰਮੇਲਨ 2022 ’ਚ ਮਿਸਰ ’ਚ ਹੋਵੇਗਾ। ਇਸ ਸੰਮੇਲਨ ਦਾ ਸਿਰਲੇਖ ਸੀਓਪੀ 27 ਹੋਵੇਗਾ। ਇਸ ’ਚ ਸੰਯੁਕਤ ਅਰਬ ਅਮੀਰਾਤ (ਯੂਏਈ) ਸਹਿਯੋਗੀ ਭੂਮਿਕਾ ਨਿਭਾਏਗਾ। ਜਦਕਿ ਯੂਏਈ 2023 ’ਚ ਵਾਤਾਵਰਨ ਸੰਮੇਲਨ ਦੀ ਮੇਜ਼ਬਾਨੀ ਕਰੇਗਾ। ਸੰਯੁਕਤ ਰਾਸ਼ਟਰ ਦੇ ਬੈਨਰ ਹੇਠ ਹੋਣ ਵਾਲਾ ਇਹ ਸੰਮੇਲਨ ਦੁਨੀਆ ਦਾ ਸਭ ਤੋਂ ਵੱਡਾ ਸੰਮੇਲਨ ਹੋਵੇਗਾ ਜਿਸ ’ਚ ਕਰੀਬ 200 ਦੇਸ਼ਾਂ ਦੇ ਨੇਤਾ ਤੇ ਉੱਚ ਅਧਿਕਾਰੀ ਹਿੱਸਾ ਲੈਣਗੇ।

Leave a Reply

Your email address will not be published. Required fields are marked *