ਮਿਆਂਮਾਰ ’ਚ ਸਿਆਸੀ ਡੈੱਡਲਾਕ ਕਾਰਨ ਅਰਥਵਿਵਸਥਾ ਢਹਿ-ਢੇਰੀ

ਬੈਂਕਾਕ ਮਿਆਂਮਾਰ ’ਚ ਫ਼ੌਜ ਦੇ ਸੱਤਾ ’ਤੇ ਕਾਬਜ਼ ਹੋਣ ਤੋਂ ਬਾਅਦ ਗੁਆਂਡੀ ਦੇਸ਼ ਦੀ ਅਰਥਵਿਵਸਥਾ ਕਈ ਸਾਲ ਪਿੱਛੇ ਚਲੀ ਗਈ ਹੈ ਅਤੇ ਸਿਆਸੀ ਅਸ਼ਾਂਤੀ ਅਤੇ ਹਿੰਸਾ ਨੇ ਬੈਂਕਿੰਗ, ਵਪਾਰ ਅਤੇ ਰੋਜ਼ੀ-ਰੋਟੀ ਨੂੰ ਪ੍ਰਭਾਵਿਤ ਕਰ ਦਿੱਤਾ ਹੈ, ਜਿਸ ਨਾਲ ਲੱਖਾਂ ਲੋਕ ਗਰੀਬੀ ’ਚ ਚਲੇ ਗਏ ਹਨ। ਮਿਆਂਮਾਰ ਦੀ ਅਰਥਵਿਵਸਥਾ ਪਹਿਲਾਂ ਹੀ ਮੰਦੀ ਦਾ ਸਾਹਮਣਾ ਕਰ ਰਹੀ ਸੀ ਅਤੇ ਮਹਾਮਾਰੀ ਨੇ ਸੈਰ-ਸਪਾਟਾ ਖੇਤਰ ਨੂੰ ਵੀ ਕਾਫੀ ਪ੍ਰਭਾਵਿਤ ਕੀਤਾ ਸੀ।
ਇਕ ਫਰਵਰੀ ਨੂੰ ਫੌਜ ਵਲੋਂ ਆਪਣੀ ਸ਼ਹਿਰੀ ਸਰਕਾਰ ਨੂੰ ਬੇਦਖਲ ਕਰਨ ਤੋਂ ਬਾਅਦ ਹੋਈ ਸਿਆਸੀ ਉਥਲ-ਪੁਥਲ ਦੀ ਕੀਮਤ ਇੱਥੋਂ ਦੇ 6.2 ਕਰੋੜ ਲੋਕ ਭਿਆਨਕ ਮਹਿੰਗਾਈ ਦੇ ਰੂਪ ’ਚ ਅਦਾ ਕਰ ਰਹੇ ਹਨ।ਸਿਆਸੀ ਡੈੱਡਲਾਕ ਦਾ ਕੋਈ ਅੰਤ ਨਾ ਹੋਣ ਕਾਰਨ ਅਰਥਵਿਵਸਥਾ ਲਈ ਦ੍ਰਿਸ਼ ਅਸਪੱਸ਼ਟ ਹੈ। ਮਿਆਂਮਾਰ ’ਚ ਮਹਿੰਗਾਈ ਅਸਮਾਨ ਛੂੰਹਣ ਕਾਰਨ ਦੇਸ਼ ’ਚ ਹਜ਼ਾਰਾਂ ਲੋਕਾਂ ਨੇ ਆਪਣੀ ਨੌਕਰੀ ਗੁਆ ਦਿੱਤੀ ਹੈ ਅਤੇ ਗਰੀਬੀ ਵੱਧ ਗਈ ਹੈ।
ਥਾਈ ਸਾਮਾਨ ਵੇਚਣ ਵਾਲੇ ਮਾ ਸਾਨ ਸੈਨ ਨੇ ਦੱਸਿਆਕਿ ਦਰਾਮਦ ਖੁਰਾਕ ਪਦਾਰਥਾਂ ਅਤੇ ਦਵਾਈਆਂ ਦੀ ਕੀਮਤ ਪਹਿਲਾਂ ਦੀ ਤੁਲਨਾ ’ਚ ਦੁੱਗਣੀ ਹੋ ਘਈ ਹੈ। ਕੀਮਤਾਂ ਸਥਿਰ ਨਾ ਰਹਿਣ ਕਾਰਨ ਵਿਕ੍ਰੇਤਾਵਾਂ ਨੂੰ ਵੀ ਨੁਕਸਾਨ ਹੋ ਰਿਹਾ ਹੈ। ਏਸ਼ੀਆਈ ਵਿਕਾਸ ਬੈਂਕ ਮੁਤਾਬਕ ਮਿਆਂਮਾਰ ਦੀ ਅਰਥਵਿਵਸਥਾ 2021 ’ਚ 18.4 ਫੀਸਦੀ ਤੱਕ ਸੁੰਗੜ ਸਕਦੀ ਹੈ।