ਸੰਗਤ ਦੇ ਸਵਾਗਤ ‘ਚ ਗੁਰੂ ਨਾਨਕ ਸਾਹਿਬ ਦੀ ਨਗਰੀ ਨੇ ਵਿਛਾਈਆਂ ਪਲਕਾਂ

ਕਪੂਰਥਲਾ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 552ਵੇਂ ਪ੍ਰਕਾਸ਼ ਉਤਸਵ ਮੌਕੇ ਦੂਰ-ਦਰਾਜ ਤੋਂ ਆਉਣ ਵਾਲੀ ਸੰਗਤ ਦੇ ਸਵਾਗਤ ਲਈ ਗੁਰੂ ਨਾਨਕ ਸਾਹਿਬ ਦੀ ਨਗਰੀ ਨੇ ਸਜ-ਧਜ ਕੇ ਪਲਕਾਂ ਵਿਛਾ ਦਿੱਤੀਆਂ ਹਨ। ਰੰਗ-ਬਿਰੰਗੀਆਂ ਲਾਈਟਾਂ ਨਾਲ ਸਜੀ ਨਾਨਕ ਦੀ ਨਗਰੀ ਇੰਝ ਲੱਗਦੀ ਹੈ, ਜਿਵੇਂ ਤਾਰੇ ਜ਼ਮੀਨ ‘ਤੇ ਉਤਰ ਆਏ ਹੋਣ ਤੇ ਬਾਬਾ ਨਾਨਕ ਦੀ ਆਰਤੀ ਉਤਾਰਨ ‘ਚ ਲੱਗੇ ਹੋਣ। ਸੁਲਤਾਨਪੁਰ ਲੋਧੀ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਨਗਰੀ ਵੀ ਕਿਹਾ ਜਾਂਦਾ ਹੈ, ਇੱਥੇ ਉਨ੍ਹਾਂ ਸੰਤ ਘਾਟ ‘ਚ ਮੂਲ ਮੰਤਰ ਦਾ ਉਚਾਰਨ ਕੀਤਾ ਸੀ। ਕੋਰੋਨਾ ਕਾਰਨ ਪਿਛਲੇ ਵਰ੍ਹੇ ਦੇ ਮੁਕਾਬਲੇ ਇਸ ਵਾਰ ਸੰਗਤ ‘ਚ ਜ਼ਬਰਦਸਤ ਉਤਸ਼ਾਹ ਪਾਇਆ ਜਾ ਰਿਹਾ ਹੈ। ਵੀਰਵਾਰ ਤੋਂ ਸੰਗਤ ਸੁਲਤਾਨਪੁਰ ਲੋਧੀ ਪੁੱਜਣੀ ਸ਼ੁਰੂ ਹੋ ਜਾਵੇਗੀ। ਸਵੇਰੇ 11 ਵਜੇ ਗੁਰਦੁਆਰਾ ਸੰਤ ਘਾਟ ਤੋਂ ਨਗਰ ਕੀਰਤਨ ਆਰੰਭ ਹੋਵੇਗਾ। ਸ਼ੁੱਕਰਵਾਰ ਰਾਤ ਨੂੰ ਗੁਰਦੁਆਰਾ ਸ੍ਰੀ ਬੇਰ ਸਾਹਿਬ ‘ਚ ਰਾਤ ਨੂੰ ਲਗਪਗ ਡੇਢ ਵਜੇ ਨਨਕਾਣਾ ਸਾਹਿਬ ਦੇ ਨਾਲ ਹੀ ਗੁਰਦੁਆਰ ਸ੍ਰੀ ਬੇਰ ਸਾਹਿਬ ‘ਚ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ। ਦੂਰ-ਦਰਾਜ ਤੋਂ ਆਉਣ ਵਾਲੀ ਸੰਗਤ ਲਈ ਲੰਗਰਾਂ ਦੀ ਵਿਵਸਥਾ ਕੀਤੀ ਜਾ ਰਹੀ ਹੈ। ਸੰਤ ਕਰਤਾਰ ਸਿੰਘ ਜੀ ਕਾਰਸੇਵਾ ਜਥੇ ਵੱਲੋਂ ਗੁਰਦੁਆਰਾ ਸਾਹਿਬ ਅੰਦਰ ਲੰਗਰ ਹਾਲ ਕੋਲ ਹੀ ਵਿਸ਼ਾਲ ਲੰਗਰ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਸਮੇਂ ਗੁਰਦੁਆਰਾ ਬੇਰ ਸਾਹਿਬ, ਗੁਰਦੁਆਰਾ ਸੰਤ ਘਾਟ, ਗੁਰਦੁਆਰਾ ਹੱਟ ਸਾਹਿਬ, ਗੁਰਦੁਆਰਾ ਬੇਬੇ ਨਾਨਕੀ ਤੇ ਅੰਤਰਯਾਮਤਾ ਗੁਰਦੁਆਰਾ ਸਾਹਿਬ ‘ਚ ਸੰਗਤ ਸ਼ਰਧਾ ਨਾਲ ਮੱਥਾ ਟੇਕਣ ਲਈ ਪੁੱਜ ਰਹੀ ਹੈ।