ਗਿਆਨਵਾਪੀ ਮਸਜਿਦ ਦੇ ਖੂਹ ’ਚੋਂ ‘ਸ਼ਿਵਲਿੰਗ’ ਮਿਲਣ ਦਾ ਦਾਅਵਾ

ਵਾਰਾਨਸੀ: ਕੋਰਟ ਦੇ ਹੁਕਮਾਂ ’ਤੇ ਗਿਆਨਵਾਪੀ ਮਸਜਿਦ ਕੰਪਲੈਕਸ ਦੇ ਚੱਲ ਰਹੇ ਵੀਡੀਓਗ੍ਰਾਫ਼ੀ ਸਰਵੇਖਣ ਦੌਰਾਨ ਅੱਜ ਅਹਾਤੇ ਵਿੱਚ ਇਕ ਥਾਂ ਤੋਂ ਸ਼ਿਵਲਿੰਗ ਮਿਲਿਆ ਹੈ। ਹਿੰਦੂ ਪਟੀਸ਼ਨਰਾਂ ਦੇ ਵਕੀਲਾਂ ਵੱਲੋਂ ਕੀਤੀ ਪਹੁੰਚ ਮਗਰੋਂ ਵਾਰਾਨਸੀ ਕੋਰਟ ਦੇ ਹੁਕਮਾਂ ਉੱਤੇ ਸਬੰਧਤ ਥਾਂ ਨੂੰ ਸੀਲ ਕਰ ਦਿੱਤਾ ਗਿਆ ਹੈ। ਉਧਰ ਮਸਜਿਦ ਪ੍ਰਬੰਧਨ ਕਮੇਟੀ ਦੇ ਤਰਜਮਾਨ ਨੇ ਸ਼ਿਵਲਿੰਗ ਬਾਰੇ ਦਾਅਵੇ ਨੂੰ ਖਾਰਜ ਕਰਦਿਆਂ ਕਿਹਾ ਕਿ ਮਿਲਣ ਵਾਲੀ ਵਸਤੂ/ਚੀਜ਼ ਅਸਲ ਵਿੱਚ ‘ਫੁਹਾਰੇ’ ਦਾ ਹਿੱਸਾ ਹੈ। ਸਿਵਲ ਜੱਜ (ਸੀਨੀਅਰ ਡਿਵੀਜ਼ਨ) ਰਵੀ ਕੁਮਾਰ ਦਿਵਾਕਰ ਨੇ ਵਾਰਾਨਸੀ ਦੇ ਜ਼ਿਲ੍ਹਾ ਮੈਜਿਸਟਰੇਟ, ਪੁਲੀਸ ਕਮਿਸ਼ਨਰ ਤੇ ਸੀਆਰਪੀਐੱਫ ਕਮਾਂਡੈਂਟ ਨੂੰ ਸੀਲ ਕੀਤੇ ਖੇਤਰ ਦੀ ਸੁਰੱਖਿਆ ਯਕੀਨੀ ਬਣਾਉਣ ਦੇ ਹੁਕਮ ਦਿੱਤੇ ਹਨ। ਗਿਆਨਵਾਪੀ ਮਸਜਿਦ, ਕਾਸ਼ੀ ਵਿਸ਼ਵਨਾਥ ਮੰਦਿਰ ਦੇ ਕਾਫ਼ੀ ਨਜ਼ਦੀਕ ਹੈ ਤੇ ਸਥਾਨਕ ਕੋਰਟ ਮਹਿਲਾਵਾਂ ਦੇ ਸਮੂਹ ਵੱਲੋਂ ਦਾਇਰ ਪਟੀਸ਼ਨ ’ਤੇ ਸੁਣਵਾਈ ਕਰ ਰਹੀ ਹੈ ਜਿਸ ਵਿੱਚ ਮਸਜਿਦ ਅੰਦਰੋਂ ਹਿੰਦੂ ਦੇਵੀ-ਦੇਵਤਿਆਂ ਦੀ ਰੋਜ਼ਾਨਾ ਪੂਜਾ ਕਰਨ ਸਬੰਧੀ ਇਜਾਜ਼ਤ ਮੰਗੀ ਗਈ ਹੈ। ਉਂਜ ਮਸਜਿਦ ਕੰਪਲੈਕਸ ਅੰਦਰ ਵੀਡੀਓਗ੍ਰਾਫ਼ੀ ਸਰਵੇਖਣ ਦਾ ਅਮਲ ਅੱਜ ਮੁਕੰਮਲ ਹੋ ਗਿਆ। ਕੋਰਟ ਕਮਿਸ਼ਨ ਹੁਣ ਭਲਕੇ 17 ਮਈ ਨੂੰ ਆਪਣੀ ਰਿਪੋਰਟ ਕੋਰਟ ਨੂੰ ਸੌਂਪ ਸਕਦਾ ਹੈ। ਯੂਪੀ ਦੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਨੇ ਸਰਵੇਖਣ ਦੇ ਕੰਮ ’ਤੇ ਤਸੱਲੀ ਜ਼ਾਹਿਰ ਕੀਤੀ ਹੈ।

ਵਾਰਾਨਸੀ ਵਿੱਚ ਗਿਆਨਵਾਪੀ ਮਸਜਿਦ ਕੰਪਲੈਕਸ ਦੇ ਬਾਹਰ ਤਾਇਨਾਤ ਪੁਲੀਸ ਮੁਲਾਜ਼ਮ। -ਫੋਟੋ: ਪੀਟੀਆਈ
ਵਾਰਾਨਸੀ ਦੇ ਜ਼ਿਲ੍ਹਾ ਮੈਜਿਸਟਰੇਟ ਕੌਸ਼ਲ ਰਾਜ ਸ਼ਰਮਾ ਨੇ ਕਿਹਾ ਕਿ ਮਸਜਿਦ ਕੰਪਲੈਕਸ ਵਿੱਚ ਵੀਡੀਓਗ੍ਰਾਫ਼ੀ ਸਰਵੇਖਣ ਦਾ ਅਮਲ ਅੱਜ ਸਵੇਰੇ 8 ਵਜੇ ਸ਼ੁਰੂ ਹੋਇਆ ਸੀ ਤੇ ਕੋਰਟ ਕਮਿਸ਼ਨ ਨੇ ਸਵਾ ਦਸ ਵਜੇ ਦੇ ਕਰੀਬ ਇਸ ਨੂੰ ਪੂਰਾ ਕਰ ਲਿਆ। ਉਨ੍ਹਾਂ ਕਿਹਾ ਕਿ ਸਾਰੀਆਂ ਸਬੰਧਤ ਧਿਰਾਂ ਨੇ ਸਰਵੇਖਣ ਦੇ ਕੰਮ ’ਤੇ ਤਸੱਲੀ ਜ਼ਾਹਿਰ ਕੀਤੀ ਹੈ। ਇਸ ਦੌਰਾਨ ਹਿੰਦੂ ਧਿਰ ਦੀ ਅਗਵਾਈ ਕਰ ਰਹੇ ਵਕੀਲ ਮਦਨ ਮੋਹਨ ਯਾਦਵ ਨੇ ਦਾਅਵਾ ਕੀਤਾ ਕਿ ਸਰਵੇਖਣ ਟੀਮ ਨੂੰ ਗਿਆਨਵਾਪੀ ਮਸਜਿਦ ਕੰਪਲੈਕਸ ਵਿਚ ‘ਵਜ਼ੂਖਾਨਾ’(ਮਸਜਿਦ ਵਿੱਚ ਉਹ ਥਾਂ ਜਿੱਥੇ ਲੋਕ ਨਮਾਜ਼ ਅਦਾ ਕਰਨ ਤੋਂ ਪਹਿਲਾਂ ਹੱਥ ਧੋਂਦੇ ਹਨ) ਨਜ਼ਦੀਕ ਸ਼ਿਵਲਿੰਗ ਮਿਲਿਆ ਹੈ। ਯਾਦਵ ਨੇ ਕਿਹਾ ਕਿ ਉਨ੍ਹਾਂ ਸੀਨੀਅਰ ਐਡਵੋਕੇਟ ਹਰੀਸ਼ੰਕਰ ਜੈਨ ਨਾਲ ਮਿਲ ਕੇ ਸਿਵਲ ਜੱਜ ਦਿਵਾਕਰ ਦੀ ਕੋਰਟ ਵਿੱਚ ਅਰਜ਼ੀ ਦਾਖ਼ਲ ਕਰਕੇ ਸ਼ਿਵਲਿੰਗ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਅਪੀਲ ਕੀਤੀ ਹੈ।

ਜ਼ਿਲਾ ਮੈਜਿਸਟਰੇਟ ਸ਼ਰਮਾ ਨੇ ਸਰਵੇਖਣ ਦੀ ਤਫ਼ਸੀਲ ਦਿੰਦਿਆਂ ਕਿਹਾ, ‘‘ਅੱਜ 16 ਮਈ ਨੂੰ ਲਗਪਗ ਸਵਾ ਦੋ ਘੰਟਿਆਂ ਦੇ ਕੰਮ ਮਗਰੋਂ ਕਮਿਸ਼ਨ ਨੇ ਆਪਣਾ ਕੰਮ ਮੁਕੰਮਲ ਕਰ ਲਿਆ ਹੈ। ਕੋਰਟ ਵਿੱਚ ਅਪੀਲ ਦਾਖ਼ਲ ਕੀਤੀ ਗਈ ਹੈ। (ਸੁਪਰੀਮ) ਕੋਰਟ ਦੇ ਅਗਲੇੇ ਹੁਕਮਾਂ, ਜਿਨ੍ਹਾਂ ਬਾਰੇ 17 ਮਈ (ਮੰਗਲਵਾਰ) ਨੂੰ ਪਤਾ ਲੱਗੇਗਾ, ਤੱਕ ਅੱਗੇ ਦਾ ਕੰਮ ਬੰਦ ਰਹੇਗਾ। ਸਾਰੀਆਂ ਪਾਰਟੀਆਂ ਤਸੱਲੀਬਖ਼ਸ਼ ਤਰੀਕੇ ਨਾਲ ਮੁੜ ਆਈਆਂ ਹਨ ਅਤੇ ਸਾਰੀਆਂ ਸਬੰਧਤ ਧਿਰਾਂ ਨੇ ਕੋਰਟ ਦੇ ਹੁਕਮਾਂ ਦੀ ਪਾਲਣਾ ਕੀਤੀ ਹੈ।’’ ਉਨ੍ਹਾਂ ਕਿਹਾ ਕਿ ਕਮਿਸ਼ਨ ਵੱਲੋਂ ਕੀਤੇ ਜਾ ਰਹੇ ਵੀਡੀਓਗ੍ਰਾਫ਼ੀ ਸਰਵੇਖਣ ਦੌਰਾਨ ਕਾਸ਼ੀ ਵਿਸ਼ਵਨਾਥ ਮੰਦਿਰ ਦਾ ਚਾਰ ਨੰਬਰ ਗੇਟ ਸ਼ਰਧਾਲੂਆਂ ਲਈ ਬੰਦ ਰਿਹਾ। ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ ਕਿ ਕੋਰਟ ਕਮਿਸ਼ਨਰ ਨੇ ਕਿਹਾ ਸੀ ਕਿ ਰਿਪੋਰਟ 17 ਮਈ ਨੂੰ ਕੋਰਟ ਵਿੱਚ ਪੇਸ਼ ਕੀਤੀ ਜਾਵੇਗੀ ਤੇ ਉਦੋਂ ਤੱਕ ਕਿਸੇ ਨੂੰ ਵੀ ਇਹ ਦੱਸਣ ਦੀ ਲੋੜ ਨਹੀਂ ਕਿ ਮਸਜਿਦ ਕੰਪਲੈਕਸ ਵਿੱਚੋਂ ਕੀ ਮਿਲਿਆ ਹੈ। ਉਨ੍ਹਾਂ ਕਿਹਾ, ‘‘ਜੇਕਰ ਕੋਈ ਖ਼ੁਦ ਆਪਣੇ ਪੱਧਰ ’ਤੇ ਜਾਣਕਾਰੀ ਲੀਕ ਕਰ ਰਿਹਾ ਹੈ, ਤਾਂ ਇਸ ਦੀ ਪ੍ਰਮਾਣਿਕਤਾ ਨੂੰ ਸਾਬਤ ਨਹੀਂ ਕੀਤਾ ਜਾ ਸਕਦਾ। ਸਿਰਫ਼ ਕੋਰਟ ਹੀ ਇਸ ਜਾਣਕਾਰੀ ਦੀ ਕਸਟੋਡੀਅਨ ਹੈ। ਜੇਕਰ ਕਿਸੇ ਨੇ ਸੂਚਨਾ ਲੀਕ ਕੀਤੀ ਹੈ, ਤਾਂ ਕੋਰਟ ਕਮਿਸ਼ਨ ਨਾਲ ਇਸ ਦਾ ਕੋਈ ਲਾਗਾ ਦੇਗਾ ਨਹੀਂ ਹੈ।’’

ਸਰਵੇਖਣ ਵਿੱਚ ਸ਼ਾਮਲ ਕਿਸੇ ਮੈਂਬਰ ਨੂੰ ਕਮਿਸ਼ਨ ਦੀ ਕਾਰਵਾਈ ਤੋਂ ਲਾਂਭੇ ਕੀਤੇ ਜਾਣ ਬਾਰੇ ਪੁੱਛੇ ਜਾਣ ’ਤੇ ਸ਼ਰਮਾ ਨੇ ਕਿਹਾ, ‘‘ਲੰਘੇ ਦਿਨ ਸਾਨੂੰ ਜਾਣਕਾਰੀ ਮਿਲੀ ਸੀ ਕਿ ਇਕ ਮੈਂਬਰ ਨੂੰ ਕਮਿਸ਼ਨ ਦੀਆਂ ਸਰਗਰਮੀਆਂ ਤੋਂ 15-20 ਮਿੰਟ ਲਈ ਲਾਂਭੇ ਰੱਖਿਆ ਗਿਆ ਸੀ, ਹਾਲਾਂਕਿ ਮਗਰੋਂ ਉਸ ਨੂੰ ਇਸ ਪੂਰੇ ਅਮਲ ਦਾ ਹਿੱਸਾ ਬਣਨ ਦੀ ਪ੍ਰਵਾਨਗੀ ਦੇ ਦਿੱਤੀ ਗਈ। ਇਹ ਫੈਸਲਾ ਇਸ ਤੱਥ ’ਤੇ ਅਧਾਰਿਤ ਸੀ ਕਿ ਉਸ ਨੇ ਕੁਝ ਅਹਿਮ ਜਾਣਕਾਰੀ ਲੀਕ ਕੀਤੀ ਸੀ, ਜੋ ਕੋਰਟ ਦੀ ਭੇਤ ਗੁਪਤ ਰੱਖਣ ਨਾਲ ਸਬੰਧਤ ਕਲਾਜ਼ ਦੇ ਘੇਰੇ ਤੋਂ ਬਾਹਰ ਸੀ।’’ ਸ਼ਰਮਾ ਨੇ ਪੱਤਰਕਾਰਾਂ ਨੂੰ ਅਪੀਲ ਕੀਤੀ ਕਿ ਉਹ ਸਿਰਫ਼ ਅਧਿਕਾਰਤ ਬਿਆਨਾਂ ’ਤੇ ਹੀ ਧਿਆਨ ਦੇਣ। ਵਾਰਾਨਸੀ ਦੇ ਪੁਲੀਸ ਕਮਿਸ਼ਨਰ ਏ.ਸਤੀਸ਼ ਗਣੇਸ਼ ਨੇ ਕਿਹਾ ਕਿ ਸਰਵੇਖਣ ਕੰਮ ਦੌਰਾਨ ਅਮਨ ਤੇ ਕਾਨੂੰਨ ਦੀ ਸਥਿਤੀ ਠੀਕ ਰਹੀ। ਵਿਸ਼ਵ ਹਿੰਦੂ ਪ੍ਰੀਸ਼ਦ (ਵੀਐੱਚਪੀ) ਨੇ ਗਿਆਨਵਾਪੀ ਮਸਜਿਦ ਕੰਪਲੈਕਸ ਵਿੱਚ ‘ਸ਼ਿਵਲਿੰਗ’ ਮਿਲਣ ਦੇ ਦਾਅਵੇ ਨੂੰ ਉਸ ਥਾਂ ਮੰਦਿਰ ਦੀ ਹੋਂਦ ਹੋਣ ਦਾ ਸਬੂਤ ਕਰਾਰ ਦਿੱਤਾ ਹੈ। ਵੀਐੱਚਪੀ ਦੇ ਕੌਮੀ ਤਰਜਮਾਨ ਵਿਨੋਦ ਬਾਂਸਲ ਨੇ ਕਿਹਾ ਕਿ ਮਸਜਿਦ ਦੇ ਅਹਾਤੇ ਵਿੱਚ ਸ਼ਿਵਲਿੰਗ ‘ਮਿਲਣ’ ਨਾਲ ਸੱਚ ਲੁਕਾਉਣ ਵਾਲਿਆਂ ਦੇ ਮੂੰਹ ‘ਕਾਲੇ’ ਹੋ ਗੲੇ ਹਨ। ਜਥੇਬੰਦੀ ਦੇ ਕੌਮਾਂਤਰੀ ਵਰਕਿੰਗ ਪ੍ਰਧਾਨ ਆਲੋਕ ਕੁਮਾਰ ਨੇ ਵੀਡੀਓ ਸੁਨੇਹੇ ਵਿੱਚ ਕਿਹਾ, ‘‘ਇਹ ਮਸਲਾ ਅਦਾਲਤ ਵਿੱਚ ਹੈ, ਜਿਸ ਨੇ ਸਬੂਤ ਨੂੰ ਆਪਣੀ ਨਿਗਰਾਨੀ ਵਿੱਚ ਲੈ ਲਿਆ ਹੈ। ਪੁਲੀਸ ਨੂੰ ਸਬੂਤ ਨਾਲ ਕਿਸੇ ਤਰ੍ਹਾਂ ਦੀ ਛੇੜਖਾਨੀ ਨਾ ਕੀਤੇ ਜਾਣ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਅਸੀਂ ਆਸ ਕਰਦੇ ਹਾਂ ਕਿ ਇਸ ਮਸਲੇ ਦਾ ਤਰਕਸੰਗਤ ਹੱਲ ਨਿਕਲੇਗਾ।’’

ਗਿਆਨਵਾਪੀ ਮਸਜਿਦ ਸੀ ਅਤੇ ਕਿਆਮਤ ਤੱਕ ਰਹੇਗੀ: ਓਵਾਇਸੀ
ਨਵੀਂ ਦਿੱਲੀ:
ਗਿਆਨਵਾਪੀ ਮਸਜਿਦ ਵਿੱਚੋਂ ਸ਼ਿਵਲਿੰਗ ਮਿਲਣ ਦੇ ਦਾਅਵਿਆਂ ਦਰਮਿਆਨ ਏਆਈਐੱਮਆਈਐੱਮ ਆਗੂ ਤੇ ਹੈਦਰਾਬਾਦ ਤੋਂ ਸੰਸਦ ਮੈਂਬਰ ਅਸਦੂਦੀਨ ਓਵਾਇਸੀ ਨੇ ਕੋਰਟ ਵੱਲੋਂ ਸਬੰਧਤ ਥਾਂ ਨੂੰ ਸੀਲ ਕਰਨ ਦੇ ਦਿੱਤੇ ਹੁਕਮਾਂ ਦੀ ਨਿਖੇਧੀ ਕੀਤੀ ਹੈ। ਓਵਾਇਸੀ ਨੇ ਟਵੀਟ ਕੀਤਾ, ‘‘ਇਹ ਦਸੰਬਰ 1949 ਵਿੱਚ ਬਾਬਰੀ ਮਸਜਿਦ ਦਾ ਦੁਹਰਾਅ ਹੈ। ਇਸ ਹੁਕਮ ਨੇ ਮਸਜਿਦ ਦੀ ਧਾਰਮਿਕ ਖਸਲਤ ਨੂੰ ਹੀ ਬਦਲ ਦਿੱਤਾ ਹੈ। ਇਹ 1991 ਦੇ ਐਕਟ ਦੀ ਉਲਘਣਾ ਹੈ। ਮੈਨੂੰ ਇਸ ਗੱਲ ਦਾ ਭੈਅ/ਖ਼ਦਸ਼ਾ ਸੀ ਅਤੇ ਇਹ ਸੱਚ ਸਾਬਤ ਹੋਇਆ ਹੈ। ਗਿਆਨਵਾਪੀ ਮਸਜਿਦ ਸੀ ਤੇ ਕਿਆਮਤ ਤੱਕ ਮਸਜਿਦ ਹੀ ਰਹੇਗੀ, ਇਨਸ਼ਾਅੱਲ੍ਹਾ।’’

Leave a Reply

Your email address will not be published. Required fields are marked *