ਚੀਨ ਵੱਲੋਂ ਕਸ਼ਮੀਰ ਮੁੱਦੇ ’ਤੇ ਪਾਕਿ ਦਾ ਸਮਰਥਨ

ਇਸਲਾਮਾਬਾਦ : ਚੀਨ ਨੇ ਜੰਮੂ ਕਸ਼ਮੀਰ ਦੇ ਮਸਲੇ ’ਤੇ ਪਾਕਿਸਤਾਨ ਦੀ ਸਥਿਤੀ ਅਤੇ ਰੁਖ਼ ਦਾ ਪੂਰਨ ਸਮਰਥਨ ਕੀਤਾ ਹੈ ਅਤੇ ਇਸ ਦੇ ਨਾਲ ਹੀ ਪੇਈਚਿੰਗ ਨੇ ਇਸਲਾਮਾਬਾਦ ਵਲੋਂ ਬਾਹਰੀ ਸੁਰੱਖਿਆ ਮਾਪਦੰਡਾਂ ਦੇ ਸੰਦਰਭ ਵਿੱਚ ਆਪਣੀਆਂ ‘ਕੌਮੀ ਸਥਿਤੀਆਂ’ ਦੇ ਆਧਾਰ ’ਤੇ ਆਪਣੀ ਤਰੱਕੀ ਦਾ ਰਾਹ  ‘ਆਜ਼ਾਦਾਨਾ’ ਤੌਰ ’ਤੇ ਚੁਣਨ ’ਤੇ ਸਹਿਯੋਗ ਦੇਣ ਦਾ ਵਾਅਦਾ ਕੀਤਾ ਹੈ।  ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਅਤੇ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਵਿਚਾਲੇ ਹੋਈ ਵਾਰਤਾ ਮਗਰੋਂ ਜਾਰੀ ਸਾਂਝੇ ਬਿਆਨ ਅਨੁਸਾਰ, ‘‘ਚੀਨ ਨੇ ਦੁਹਰਾਇਆ ਕਿ ਪਾਕਿਸਤਾਨ ਅਤੇ ਚੀਨ ਵਿਚਾਲੇ ਭਰਾਵਾਂ ਵਾਲਾ ਰਿਸ਼ਤਾ ਹੈ ਅਤੇ ਖੇਤਰ ਵਿੱਚ ਪਾਕਿਸਤਾਨ ਚੀਨ ਦਾ ਸਭ ਤੋਂ ਵਫ਼ਾਦਾਰ ਭਾਈਵਾਲ ਹੈ।

ਚੀਨ ਪੂਰੀ ਤਰ੍ਹਾਂ ਨਾਲ ਪਾਕਿਸਤਾਨ ਦੀ ਖੇਤਰੀ ਅਖੰਡਤਾ, ਪ੍ਰਭੂਸੱਤਾ ਅਤੇ ਆਜ਼ਾਦੀ ਦੀ ਰੱਖਿਆ ਦਾ ਸਮਰਥਕ ਹੈ, ਅਤੇ ਬਾਹਰੀ ਸੁਰੱਖਿਆ ਮਾਪਦੰਡਾਂ ਦੇ ਸੰਦਰਭ ਵਿੱਚ ਆਪਣੀਆਂ ਕੌਮੀ ਸਥਿਤੀਆਂ ਦੇ ਆਧਾਰ ’ਤੇ ਆਜ਼ਾਦਾਨਾ ਤੌਰ ’ਤੇ ਤਰੱਕੀ ਦਾ ਰਾਹ ਚੁਣਨ ਅਤੇ ਕੌਮਾਂਤਰੀ ਤੇ ਖੇਤਰੀ ਮਾਮਲਿਆਂ ਵਿੱਚ ਵਧੇਰੇ ਊਸਾਰੂ ਭੂਮਿਕਾ ਨਿਭਾਊਣ ਦਾ ਹਾਮੀ ਹੈ।’’  ਕੁਰੈਸੀ ਦੀ ਦੋ ਰੋਜ਼ਾ ਫੇਰੀ ਦੌਰਾਨ ਹੋਈ ਬੈਠਕ ਵਿੱਚ ਕਸ਼ਮੀਰ ਦਾ ਮੁੱਦਾ ਵੀ ਵਿਚਾਰਿਆ ਗਿਆ। ਚੀਨ ਨੇ ਕਸ਼ਮੀਰ ਬਾਰੇ ਪਾਕਿਤਸਾਨ ਦੇ ਰੁਖ਼ ਦੀ ਹਮਾਇਤ ਕੀਤੀ ਅਤੇ ਕਿਹਾ ਕਿ ਪੁਰਾਣੇ ਸਮੇਂ ਤੋਂ ਭਾਰਤ ਅਤੇ ਪਾਕਿਸਤਾਨ ਵਿਚਾਲੇ ਵਿਵਾਦ ਚੱਲ ਰਿਹਾ ਹੈ। ਊਨ੍ਹਾਂ ਕਿਹਾ ਕਿ ਇਹ ਵਿਵਾਦ ਸ਼ਾਂਤੀਪੂਰਵਕ ਢੰਗ ਨਾਲ ਸੰਯੁਕਤ ਰਾਸ਼ਟਰ ਰਾਹੀਂ ਸਲਾਮਤੀ ਕੌਂਸਲ ਦੇ ਢੁਕਵੇਂ ਮਤਿਆਂ ਅਤੇ ਦੁਵੱਲੇ ਪ੍ਰਬੰਧਾਂ ਰਾਹੀਂ ਹੱਲ ਹੋਣਾ ਚਾਹੀਦਾ ਹੈ। ਚੀਨ ਨੇ ਕਿਹਾ, ‘‘ਚੀਨ ਅਜਿਹੀ ਕਿਸੇ ਵੀ ਤਰ੍ਹਾਂ ਦੀ ਇਕਪਾਸੜ ਕਾਰਵਾਈ ਦਾ ਵਿਰੋਧ ਕਰਦਾ ਹੈ, ਜੋ ਸਥਿਤੀ ਨੂੰ ਗੁੰਝਲਦਾਰ ਬਣਾਵੇ।’’   

ਕਸ਼ਮੀਰ ਮੁੱਦੇ ਤੋਂ ਇਲਾਵਾ ਚੀਨ ਵਲੋਂ ਪਾਕਿਸਤਾਨ ਨੂੰ ਆਪਣੇ ਕੌਮੀ ਹਿੱਤਾਂ ਦੇ ਮੱਦੇਨਜ਼ਰ ਆਜ਼ਾਦਾਨਾ ਫ਼ੈਸਲੇ ਲੈਣ ਦੀ ਦਿੱਤੀ ਸ਼ਹਿ ਨੇ ਅਰਬ ਮੁਲਕਾਂ ਨੂੰ ਚੌਕੰਨਾ ਕੀਤਾ ਹੈ, ਜੋ ਪਾਕਿਸਤਾਨ ’ਤੇ ਲਗਾਤਾਰ ਚੀਨ ਤੋਂ ਦੂਰੀ ਬਣਾਊਣ ਦਾ ਦਬਾਅ ਬਣਾ ਰਹੇ ਹਨ ਅਤੇ ਆਪਣੀ ਤਰੱਕੀ ਲਈ ਅਮਰੀਕਾ ਤੇ ਹੋਰ ਭਾਈਵਾਲਾਂ ਨਾਲ ਸਬੰਧਾਂ ਦੀ ਬਿਹਤਰੀ ਲਈ ਆਖ ਰਹੇ ਹਨ।

Leave a Reply

Your email address will not be published. Required fields are marked *