ਗਿਲ਼ੇ-ਸ਼ਿਕਵਿਆਂ ਦਾ ਨਾਮ ਨਹੀਂ ਹੈ ਜਿੰਦਗੀ- ਜਸਪਾਲ ਸਿੰਘ ਨਾਗਰਾ ‘ਮਹਿੰਦਪੁਰੀਆ’
ਗਿਣਤੀ ਕਰਨ ਨੂੰ ਸੱਠ-ਸੱਤਰ ਸਾਲ ਦਾ ਵਕਫ਼ਾ ਬਹੁਤ ਵੱਡਾ ਲੱਗਦਾ ਹੈ ਪਰ ਜਦੋਂ ਜਿੰਦਗੀ ਦੇ ਇੰਨੇ ਕੁ ਵਰ੍ਹੇ ਗੁਜਰ ਜਾਂਦੇ ਹਨ ਤਾਂ ਪੁਰਾਣੇ ਵਕਤ ਨੂੰ ਯਾਦ ਕਰਦਿਆਂ ਸਭ ਕੁੱਝ ਕੱਲ੍ਹ ਦੀਆਂ ਗੱਲਾਂ ਜਾਪਦੀਆਂ ਹਨ।ਪਿਛਲੇ ਦਿਨੀਂ ਅਸਟਰੇਲੀਆ ਰਹਿੰਦੇ ਦੋਸਤ ਦਾ ਫੋਨ ਆਇਆ ਸੀ।ਅਸੀਂ ਬੀ.ਐਡ. ਦੀ ਪੜ੍ਹਾਈ ਸੈਂਤੀ-ਅਠੱਤੀ ਸਾਲ ਪਹਿਲਾਂ ਇਕੱਠਿਆਂ ਨੇ ਕੀਤੀ ਸੀ। ਮੈਂ ਬਾਅਦ ਵਿੱਚ ਅਧਿਆਪਨ ਕਿੱਤੇ ਨਾਲ ਜੁੜ ਗਿਆ ਤੇ ਉਹ ਬੈਂਕ ਵਿੱਚ ਚਲਾ ਗਿਆ।ਸਾਲ ਕੁ ਪਹਿਲਾਂ ਹੀ ਬੈਂਕ ਮੈਨੇਜਰ ਦੇ ਅਹੁਦੇ ਤੋਂ ਸੇਵਾ ਮੁਕਤ ਹੋ ਕੇ ਉਹ ਅਸਟਰੇਲੀਆ ਆਪਣੇ ਬੇਟੇ ਕੋਲ ਗਿਆ ਹੈ। ਬਹੁਤ ਹੀ ਮਿਲਣਸਾਰ ਅਤੇ ਨਿੱਘੇ ਸੁਭਾਅ ਦਾ ਮਾਲਕ ਹੈ।ਅਕਸਰ ਹੀ ਜਦੋਂ ਫੋਨ ਤੇ ਵਾਰਤਾਲਾਪ ਹੁੰਦੀ ਹੈ ਤਾਂ ਪੁਰਾਣੇ ਸਮੇਂ ਦਾ ਜਿਕਰ ਛਿੜ ਜਾਂਦਾ ਹੈ।ਇਸ ਵਾਰ ਵੀ ਇਹੋ ਕੁੱਝ ਹੋਇਆ।ਉਹ ਆਖਣ ਲੱਗਾ ਕਿ ਸੈਂਤੀ-ਅਠੱਤੀ ਸਾਲ ਪਹਿਲਾਂ ਅਸੀਂ ਬੀ.ਐਡ.ਕਰਨ ਸਮੇਂ ਮਿਲੇ ਸੀ।ਐਨਾ ਅਰਸਾ ਬੀਤ ਗਿਆ ਹੈ ਪਰ ਅਜੇ ਇਹ ਸਾਰਾ ਕੁੱਝ ਕੱਲ੍ਹ ਦੀਆਂ ਗੱਲਾਂ ਹੀ ਲੱਗਦੀਆਂ ਹਨ।ਉਹ ਬਿਲਕੁੱਲ ਸਹੀ ਕਹਿ ਰਿਹਾ ਸੀ ਕਿਉਂਕਿ ਮੈਂਨੂੰ ਵੀ ਇੰਝ ਹੀ ਮਹਿਸੂਸ ਹੁੰਦਾ ਹੈ।ਜਿੰਦਗੀ ਸਦੀਵੀ ਨਹੀਂ ਹੈ।ਇਹ ਬਹੁਤ ਹੀ ਥੋੜਚਿਰੀ ਹੁੰਦੀ ਹੈ।ਬੀਤਿਆ ਅਰਸਾ ਲੰਬਾ ਹੋਈ ਜਾਂਦਾ ਹੈ।ਜੀਵਨ ਕਾਲ ਦਿਨੋਂ-ਦਿਨ ਘੱਟਦਾ ਜਾਂਦਾ ਹੈ।
ਜਿੰਦਗੀ ਜੀਣਾ ਵੀ ਇੱਕ ਕਲਾ ਹੈ।ਇਸ ਕਲਾ ਨੂੰ ਕੋਈ-ਕੋਈ ਹੀ ਸਮਝਦਾ ਹੈ।ਜਿਹੜਾ ਸਮਝ ਗਿਆ ਉਹ ਆਪਣੇ ਜੀਵਨ ਨੂੰ ਖੁਸ਼ਹਾਲ ਬਣਾ ਲੈਂਦਾ ਹੈ,ਜਿਹੜਾ ਨਹੀਂ ਸਮਝਿਆ ਉਹ ਹਮੇਸ਼ਾ ਹੀ ਝੋਰਿਆਂ ਵਿੱਚ ਰਹਿ ਕੇ ਆਪਣਾ ਜੀਵਨ ਗੁਜਾਰਦਾ ਹੈ।ਕੁੱਝ ਉਹ ਲੋਕ ਹੁੰਦੇ ਹਨ ਜਿਹੜੇ ਹਮੇਸ਼ਾ ਹੀ ਕਿਸੇ ਨਾ ਕਿਸੇ ਨਾਲ ਸਿੰਗ ਫਸਾਈ ਰੱਖਣਗੇ।ਉਹ ਨਾ ਆਪ ਸੁਖੀ ਰਹਿਣਗੇ ਨਾ ਦੂਜਿਆਂ ਨੂੰ ਰਹਿਣ ਦਿੰਦੇ ਨੇ।ਹਮੇਸ਼ਾ ਹੀ ਟਿੰਡ ਚ’ ਕਾਨਾ ਪਾਈ ਰੱਖਣਾ ਉਹਨਾਂ ਦੇ ਸੁਭਾਅ ਦਾ ਹਿੱਸਾ ਹੁੰਦਾ ਹੈ।ਕੁੱਝ ਉਹ ਹੁੰਦੇ ਨੇ ਜਿਹੜੇ ਹਰ ਵਕਤ ਸਭ ਕੁੱਝ ਕੋਲ ਹੁੰਦਿਆਂ -ਸੁੰਦਿਆਂ ਵੀ ਰੋਈ ਜਾਣਗੇ।ਦੂਜਿਆਂ ਦੀ ਤਰੱਕੀ ਵੇਖਕੇ ਸੜੀ ਜਾਣਗੇ।ਉਹਨਾਂ ਦਾ ਜੀਵਨ ਖੜੇ ਪਾਣੀ ਦੇ ਨਿਆਈਂ ਹੁੰਦਾ ਹੈ।
ਮਨੁੱਖੀ ਜੀਵਨ ਵਾਰ-ਵਾਰ ਨਹੀਂ ਮਿਲਦਾ।ਮਿਲੇ ਜੀਵਨ ਨੂੰ ਖੁਸ਼ੀ-ਖੁਸ਼ੀ ਜੀਣ ਦੀ ਲੋੜ ਹੈ।ਬੀਤਿਆ ਵਕਤ ਕਦੇ ਮੁੜ ਵਾਪਸ ਨਹੀਂ ਆਉਂਦਾ।ਜਿਹੜੇ ਪਲ਼ ਤੁਹਾਡੇ ਕੋਲ ਹਨ ਉਹਨਾਂ ਨੂੰ ਬਿਹਤਰ ਤਰੀਕੇ ਨਾਲ ਜੀਵੋ।ਜਿੰਦਗੀ ਦਾ ਕੋਈ ਭਰੋਸਾ ਨਹੀਂ।ਸਾਨੂੰ ਤਾਂ ਇਹ ਵੀ ਨਹੀਂ ਪਤਾ ਕਿ ਅਗਲਾ ਸਾਹ ਆਵੇ ਜਾਂ ਨਾ ਆਵੇ।ਫਿਰ ਅਸੀਂ ਆਪਣੇ ਜੀਵਨ ਨੂੰ ਗਿਲ਼ੇ-ਸ਼ਿਕਵਿਆਂ ਦੇ ਲੇਖੇ ਕਿਹੜੀ ਗੱਲੋਂ ਲਾ ਰਹੇ ਹਾਂ।ਨਿੱਕੀ ਮੋਟੀ ਗੱਲ ਤੋਂ ਮੂੰਹ ਵੱਟਕੇ ਬੈਠ ਜਾਣਾ ਮਾੜੀ ਗੱਲ ਹੈ।ਗਲਤੀ ਹਰੇਕ ਤੋਂ ਹੋ ਜਾਂਦੀ ਹੈ।ਕਦੇ ਨਾ ਕਦੇ ਗਲਤੀ ਕਰਨ ਵਾਲੇ ਨੂੰ ਆਪਣੀ ਗਲਤੀ ਦਾ ਅਹਿਸਾਸ ਵੀ ਜਰੂਰ ਹੁੰਦਾ ਹੈ,ਭਾਵੇਂ ਕਿ ਉਹ ਇਸ ਗੱਲ ਨੂੰ ਜ਼ਾਹਿਰ ਨਾ ਵੀ ਕਰ ਸਕੇ।ਜਿਹੜੇ ਗਲਤੀ ਹੋਣ ਮਗਰੋਂ ਆਪਣੀ ਗਲਤੀ ਕਬੂਲ ਲੈਂਦੇ ਹਨ,ਉਹ ਆਮ ਨਹੀਂ ਵਿਸ਼ਾਲ ਹਿਰਦੇ ਦੇ ਮਾਲਕ ਹੁੰਦੇ ਹਨ।ਗਲਤੀ ਮਾਫ ਕਰਨ ਵਾਲੇ ਉਹਨਾਂ ਤੋਂ ਵੀ ਵੱਡੇ ਹਿਰਦੇ ਵਾਲੇ ਹੁੰਦੇ ਹਨ।
ਕੱਲਾ ਮਨੁੱਖ ਕੁੱਝ ਵੀ ਨਹੀਂ ਸਿੱਖ ਸਕਦਾ।ਸਾਨੂੰ ਸਾਡਾ ਚੌਗਿਰਦਾ ਅਤੇ ਮਿੱਤਰਾਂ-ਦੋਸਤਾਂ ਦਾ ਸਾਥ ਹੀ ਸਿਖਾਉਂਦਾ ਹੈ।ਚੰਗੀ ਸੰਗਤ ਹੀ ਚੰਗੀ ਰੰਗਤ ਚਾੜ੍ਹਦੀ ਹੈ।ਦੂਜਿਆਂ ਦੇ ਚੰਗੇ ਗੁਣ ਅਪਣਾਈ ਜਾਓ, ਜੋ ਤੁਹਾਨੂੰ ਮਾੜੇ ਲੱਗਦੇ ਹਨ ਉਹ ਛੱਡੀ ਜਾਓ।ਇੱਕ ਦਿਨ ਐਸਾ ਆਵੇਗਾ ਜਦੋਂ ਤੁਹਾਡੇ ਅੰਦਰ ਚੰਗਿਆਈ ਹੀ ਚੰਗਆਈ ਨਜਰ ਆਵੇਗੀ।ਤੁਹਾਡੇ ਖਿਆਲ ਅਤੇ ਸੋਚ ਦੋਵੇਂ ਵਿਸ਼ਾਲ ਹੋਣਗੇ।ਤੁਹਾਡਾ ਜੀਵਨ ਖੁਸ਼ੀਆਂ ਨਾਲ ਭਰਦਾ ਜਾਵੇਗਾ।ਲੋਕ ਤੁਹਾਡੇ ਨਕਸ਼ੇ ਕਦਮਾਂ ਤੇ ਚੱਲਣ ਦੀ ਕੋਸ਼ਿਸ ਕਰਨਗੇ।
ਕੁੱਝ ਉਹ ਲੋਕ ਹੁੰਦੇ ਨੇ ਜਿਹੜੇ ਸਾਰੀ ਜਿੰਦਗੀ ਦੂਜਿਆਂ ਦੇ ਨੁਕਸ ਲੱਭਣ ਵਿੱਚ ਹੀ ਲੱਗੇ ਰਹਿੰਦੇ ਹਨ।ਉਹਨਾਂ ਦੀ ਹਾਲਤ ਖੁਹ ਦੇ ਡੱਡੂ ਵਾਲੀ ਹੀ ਰਹਿੰਦੀ ਹੈ।ਦੂਜਿਆਂ ਦੀ ਤਰੱਕੀ ਦੇ ਰਾਹ ਵਿੱਚ ਰੋੜਾ ਬਣੇ ਰਹਿਣ ਨੂੰ ਹੀ ਉਹ ਆਪਣੀ ਕਾਬਲੀਅਤ ਸਮਝਦੇ ਹਨ।ਧਰਤੀ ਤੇ ਕੋਈ ਵੀ ਅਜਿਹਾ ਮਨੁੱਖ ਨਹੀਂ ਹੁੰਦਾ ਜਿਸਦੀ ਜਿੰਦਗੀ ਵਿੱਚ ਉਤਰਾਅ-ਚੜ੍ਹਾਅ ਨਹੀਂ ਆਉਂਦੇ।ਦੁੱਖ-ਸੁੱਖ ਜਿੰਦਗੀ ਦਾ ਹਿੱਸਾ ਹਨ।ਇਹਨਾਂ ਨੂੰ ਖਿੜੇ ਮੱਥੇ ਕਬੂਲ ਕਰਨਾ ਚਾਹੀਦਾ ਹੈ।ਹਨੇਰੀ ਰਾਤ ਦੇ ਮਗਰ ਹੀ ਦਿਨ ਖੜਾ ਹੁੰਦਾ ਹੈ।ਦੂਜਿਆਂ ਦੇ ਕੰਮ ਆਉਣ ਦੀ ਕਾਬਲੀਅਤ ਰੱਖੋ,ਬੜਾ ਸਕੂਨ ਮਿਲੇਗਾ।
ਮੇਰੇ ਇੱਕ ਦੋਸਤ ਦਾ ਬਹੁਤ ਵੱਡਾ ਕਾਰੋਬਾਰ ਸੀ।ਉਸਦੇ ਇਸ ਚੱਲਦੇ ਕਾਰੋਬਾਰ ਵਿੱਚ ਇੱਕ ਵਿਅਕਤੀ ਭਾਈਵਾਲ ਬਣ ਗਿਆ।ਸਮੇਂ ਨੇ ਐਸੀ ਪੁੱਠੀ ਕਰਵਟ ਲਈ ਕਿ ਉਸਦਾ ਸਾਰਾ ਹੀ ਕਾਰੋਬਾਰ ਤਬਾਹ ਹੋ ਗਿਆ।ਉਸਦੀ ਮਾਤਾ ਨੇ ਉਸਨੂੰ ਕਿਹਾ ਕਿ ਇਹ ਸਾਰਾ ਕੁੱਝ ਤੇਰੇ ਨਵੇਂ ਬਣੇ ਭਾਈਵਾਲ ਦੇ ਕਰਕੇ ਹੋਇਆ ਹੈ।ਉਸਨੇ ਆਪਣੀ ਮਾਤਾ ਨੂੰ ਇੱਕ ਹੀ ਗੱਲ ਕਹੀ ਕਿ ਅੱਜ ਤੋਂ ਬਾਅਦ ਕਦੇ ਅਜਿਹੀ ਗੱਲ ਨਾ ਕਰਨਾ ਕਿਉਂਕਿ ਮੇਰਾ ਮੁਕੱਦਰ ਹੀ ਇਸ ਤਰਾਂ ਦਾ ਸੀ,ਉਹ ਤਾਂ ਇੱਕ ਬਹਾਨਾ ਬਣਨਾ ਸੀ ਜੋ ਬਣ ਗਿਆ।ਮੇਰਾ ਉਹ ਦੋਸਤ ਮੁੜ ਆਪਣੇ ਪੈਰਾਂ ਤੇ ਖਲੋ ਗਿਆ ਹੈ।ਉਹ ਆਪਣੇ ਜੀਵਨ ਤੋਂ ਪੂਰੀ ਤਰਾਂ ਸੰਤੁਸ਼ਟ ਹੈ।ਉਸਨੂੰ ਆਪਣੀ ਜਿੰਦਗੀ ਨਾਲ ਜਾਂ ਕਿਸੇ ਹੋਰ ਨਾਲ ਕੋਈ ਗਿਲ਼ਾ-ਸ਼ਿਕਵਾ ਨਹੀਂ ਹੈ।ਆਪਣੇ ਪਰਿਵਾਰ ਨਾਲ ਖੁਸ਼ਹਾਲ ਜੀਵਨ ਬਿਤਾਅ ਰਿਹਾ ਹੈ।
ਗਿਲ਼ੇ-ਸ਼ਿਕਵਿਆਂ ਦਾ ਨਾਮ ਜਿੰਦਗੀ ਨਹੀਂ ਹੁੰਦਾ।ਜਿੰਦਾਦਿਲੀ ਦਾ ਨਾਮ ਹੀ ਜਿੰਦਗੀ ਹੈ।ਇਸ ਨੂੰ ਹਮੇਸ਼ਾ ਹੀ ਉਤਸ਼ਾਹ ਨਾਲ ਜੀਓ।ਜੇ ਗਿਲ਼ੇ-ਸ਼ਿਕਵੇ ਕਰਦਿਆਂ ਹੀ ਜਿੰਦਗੀ ਲੰਘਾ ਦਿੱਤੀ ਤਾਂ ਅੰਤ ਵਿੱਚ ਪਛਤਾਵੇ ਤੋਂ ਸਿਵਾਏ ਪੱਲੇ ਕੁੱਝ ਨਹੀਂ ਰਹੇਗਾ।ਫਿਰ ਤਾਂ ਅਭ ਪਛਤਾਇਆ ਕਿਆ ਹੋਤ ਜਭ ਚਿੜੀਆ ਚੁੱਗ ਗਈ ਖੇਤ ਵਾਲੀ ਕਹਾਵਤ ਹੀ ਲਾਗੂ ਹੋਵੇਗੀ,ਹੋਰ ਕੁੱਝ ਨਹੀਂ ਹੋਣਾ।
ਜਸਪਾਲ ਸਿੰਘ ਨਾਗਰਾ ‘ਮਹਿੰਦਪੁਰੀਆ’
ਯੂਬਾ ਸਿਟੀ-ਕੈਲੇਫੋਰਨੀਆ (ਅਮਰੀਕਾ)
ਫੋਨ-੦੦੧-੩੬੦-੪੪੮-੧੯੮੯