ਭਾਰਤੀ ਮੂਲ ਦੀ ਔਰਤ ਨੇ ਨਵਜੰਮੇ ਬੱਚੇ ਨੂੰ ਤਾਕੀ ’ਚੋਂ ਬਾਹਰ ਸੁੱਟਿਆ

ਨਿਊਯਾਰਕ : ਨਵਜੰਮੇ ਬੱਚੇ ਨੂੰ ਗੁਸਲਖਾਨੇ ਦੀ ਤਾਕੀ ਵਿਚੋਂ ਬਾਹਰ ਸੁੱਟਣ ’ਤੇ ਅਮਰੀਕਾ ਵਿਚ ਭਾਰਤੀ ਮੂਲ ਦੀ 23 ਸਾਲਾ ਔਰਤ ’ਤੇ ਹੱਤਿਆ ਦੀ ਕੋਸ਼ਿਸ਼ ਦਾ ਕੇਸ ਦਰਜ ਕੀਤਾ ਗਿਆ ਹੈ। ਸਬਿਤਾ ਡੁਕਰਾਮ ਨਿਊ ਯਾਰਕ ਦੇ ਕੁਈਨਜ਼ ਵਿਚ ਰਹਿੰਦੀ ਹੈ। ਸ਼ਨਿਚਰਵਾਰ ਨੂੰ ਜਦ ਉਹ ਨਹਾ ਰਹੀ ਸੀ ਤਾਂ ਉਸ ਨੇ ਇਕ ਲੜਕੇ ਨੂੰ ਜਨਮ ਦਿੱਤਾ। ਇਸ ਤੋਂ ਬਾਅਦ ਉਹ ਸਹਿਮ ਗਈ ਤੇ ਬੱਚੇ ਨੂੰ ਤਾਕੀ ਵਿਚੋਂ ਬਾਹਰ ਗਲੀ ’ਚ ਸੁੱਟ ਦਿੱਤਾ। ‘ਨਿਊ ਯਾਰਕ ਪੋਸਟ’ ਦੀ ਰਿਪੋਰਟ ਮੁਤਾਬਕ ਇਸ ਤੋਂ ਬਾਅਦ ਉਹ ਕਿਸੇ ਨੂੰ ਦੱਸਣ ਦੀ ਬਜਾਏ ਨਹਾ ਕੇ ਸੌਂ ਗਈ। ਸਬਿਤਾ ਨੇ ਕਿਹਾ ਕਿ ਬੱਚੇ ਨਾਲ ਜੁੜਿਆ ਨਾੜੂ ਉਸ ਨੇ ਕੈਂਚੀ ਨਾਲ ਕੱਟ ਦਿੱਤਾ। ਬੱਚਾ ਡਿਗ ਕੇ ਤਾਂ ਬਚ ਗਿਆ ਪਰ ਉਸ ਦੇ ਗੰਭੀਰ ਸੱਟਾਂ ਲੱਗੀਆਂ ਹਨ। ਗੁਆਂਢੀਆਂ ਨੇ ਰੋਣਾ ਸੁਣ ਕੇ ਉਸ ਨੂੰ ਹਸਪਤਾਲ ਪਹੁੰਚਾਇਆ ਤੇ ਪੁਲੀਸ ਨੂੰ ਸੂਚਿਤ ਕੀਤਾ। ਬੱਚਾ ਹੁਣ ਵੈਂਟੀਲੇਟਰ ਉਤੇ ਹੈ। ਜਾਂਚਕਰਤਾਵਾਂ ਨੇ ਕਿਹਾ ਕਿ ਸਬਿਤਾ ਆਪਣੇ ਘਿਣਾਉਣੇ ਅਪਰਾਧ ਨੂੰ ਲੁਕਾਉਣ ਲਈ ‘ਕਈ ਝੂਠੇ ਬਿਆਨ’ ਦੇ ਰਹੀ ਹੈ।