ਇੰਡੋਨੇਸ਼ੀਆ ਵਿਚ 53 ਲੋਕਾਂ ਸਣੇ ਲਾਪਤਾ ਪਣਡੁੱਬੀ ਦੀ ਭਾਲ ਜਾਰੀ

ਜਕਾਰਤਾ: ਇੰਡੋਨੇਸ਼ੀਆ ਦੀ ਲਾਪਤਾ ਹੋਈ ਪਣਡੁੱਬੀ ਦੀ ਅੱਜ ਆਸਟਰੇਲੀਆ, ਸਿੰਗਾਪੁਰ ਤੇ ਹੋਰ ਦੇਸ਼ਾਂ ਦੀ ਮਦਦ ਨਾਲ ਸਾਰਾ ਦਿਨ ਭਾਲ ਚੱਲਦੀ ਰਹੀ। ਅਧਿਕਾਰੀਆਂ ਨੇ ਦੱਸਿਆ ਕਿ ਬਾਲੀ ਦੀਪ ਤੋਂ 96 ਕਿਲੋਮੀਟਰ ਉੱਤਰ ਵਿਚ ਜਿਸ ਥਾਂ ਪਣਡੁੱਬੀ ਨੇ ਆਖ਼ਰੀ ਵਾਰ ਗੋਤਾ ਲਾਇਆ ਸੀ, ਦੁਆਲੇ ਤੇਲ ਰਿਸਣ ਤੇ ਡੀਜ਼ਲ ਦੀ ਮੁਸ਼ਕ ਹੈ। ਜ਼ਿਕਰਯੋਗ ਹੈ ਕਿ ਕੇਆਰਆਈ ਨਾਂਗਲਾ 402 ਪਣਡੁੱਬੀ ਬੁੱਧਵਾਰ ਨੂੰ ਇਕ ਮਸ਼ਕ ਵਿਚ ਹਿੱਸਾ ਲੈਣ ਵੇਲੇ ਲਾਪਤਾ ਹੋ ਗਈ ਸੀ। ਇਸ ਵਿਚ 53 ਲੋਕ ਸਵਾਰ ਸਨ।
ਇੰਡੋਨੇਸ਼ੀਆ ਜਲ ਸੈਨਾ ਦੇ ਤਰਜਮਾਨ ਜੂਲੀਅਸ ਵਿਡਜੋਜੋਨੋ ਨੇ ਕਿਹਾ ਕਿ ਪਣਡੁੱਬੀ ਦੀ ਤਲਾਸ਼ੀ ਮੁਹਿੰਮ ਵਿਚ ਭਾਰਤ, ਆਸਟਰੇਲੀਆ ਤੇ ਸਿੰਗਾਪੁਰ ਸਣੇ ਕਈ ਅਜਿਹੇ ਦੇਸ਼ਾਂ ਦੀ ਮਦਦ ਲਈ ਜਾ ਰਹੀ ਹੈ ਜਿਨ੍ਹਾਂ ਕੋਲ ਸਮੁੰਦਰ ਦੀ ਡੂੰਘਾਈ ਵਿਚ ਜਾ ਕੇ ਬਚਾਅ ਕਾਰਜ ਕਰਨ ਦੀ ਸਮਰੱਥਾ ਵਾਲੇ ਵਾਹਨ ਹਨ। ਇੰਡੋਨੇਸ਼ੀਆ ਜਲ ਸੈਨਾ ਨੇ ਖੇਤਰ ਵਿਚ ਪਣਡੁੱਬੀ ਦੀ ਭਾਲ ਕਰਨ ਲਈ ਕਈ ਸਮੁੰਦਰੀ ਜਹਾਜ਼ ਲਗਾਏ ਗਏ ਹਨ। ਇਸੇ ਦੌਰਾਨ ਭਾਰਤੀ ਜਲ ਸੈਨਾ ਨੇ ਵੀ ਅੱਜ ਲਾਪਤਾ ਹੋਈ ਪਣਡੁੱਬੀ ਨੂੰ ਲੱਭਣ ਵਿਚ ਇੰਡੋਨੇਸ਼ੀਆ ਦੀ ਜਲ ਸੈਨਾ ਦੀ ਮਦਦ ਕਰਨ ਵਾਸਤੇ ਡੂੰਘਾਈ ਵਿਚ ਜਾ ਕੇ ਬਚਾਅ ਕਾਰਜ ਕਰਨ ਦੀ ਸਮਰੱਥਾ ਵਾਲਾ ਵਾਹਨ (ਵੈਸਲ) ਤਾਇਨਾਤ ਕਰ ਦਿੱਤਾ ਗਿਆ ਹੈ।