ਚੀਨ ਨਾਲ ਮੁਕਾਬਲੇਬਾਜ਼ੀ ਲਈ ਅਮਰੀਕੀ ਸੈਨੇਟ ’ਚ ਬਿੱਲ ਪਾਸ

ਵਾਸ਼ਿੰਗਟਨ: ਆਰਥਿਕ ਫਰੰਟ ’ਤੇ ਚੀਨ ਨਾਲ ਮੁਕਾਬਲੇਬਾਜ਼ੀ ਦੇ ਟਾਕਰੇ ਲਈ ਅਮਰੀਕੀ ਸੈਨੇਟ ਨੇ ਇਕ ਅਹਿਮ ਬਿੱਲ ’ਤੇ ਮੋਹਰ ਲਾ ਦਿੱਤੀ ਹੈ। ਇਸ ਬਿੱਲ ਦੇ ਕਾਨੂੰਨ ਦੀ ਸ਼ਕਲ ਲੈਣ ਨਾਲ ਚੀਨ ਦੀ ਕਮਿਊਨਿਸਟ ਸਰਕਾਰ ਨੂੰ ਉਸ ਦੀਆਂ ਲੁੱਟ-ਖਸੁੱਟ ਵਾਲੀਆਂ ਚਾਲਾਂ ਲਈ ਜੁਆਬਦੇਹ ਬਣਾਇਆ ਜਾ ਸਕੇਗਾ। ਅਮਰੀਕੀ ਸੈਨੇਟ ਨੇ ਚੀਨ ਵਿਰੋਧੀ ਇਸ ਬਿੱਲ ਨੂੰ 68-32 ਵੋਟਾਂ ਦੇ ਫ਼ਰਕ ਨਾਲ ਪਾਸ ਕਰ ਦਿੱਤਾ ਤੇ ਇਸ ਨੂੰ ਸੈਨੇਟ ਵਿੱਚ ਬਹੁਗਿਣਤੀ ਧਿਰ ਦੇ ਆਗੂ ਚੱਕ ਸ਼ੂਮਰ ਦੀ ਵੱਡੀ ਸਿਆਸੀ ਜਿੱਤ ਮੰਨਿਆ ਜਾ ਰਿਹਾ ਹੈ। ਸ਼ੂਮਰ ਨੇ ਇਸ ਬਿੱਲ ਨੂੰ ਸਿਖਰਲੀ ਤਰਜੀਹ ਬਣਾਇਆ ਸੀ। ਇਸ ਦੌਰਾਨ ਅਮਰੀਕੀ ਵਿਦੇਸ਼ ਮੰਤਰੀ ਟੋਨੀ ਬਲਿੰਕਨ ਨੇ ਕਿਹਾ ਕਿ ਚੀਨ ਇਕੋ ਇਕ ਅਜਿਹਾ ਮੁਲਕ ਹੈ, ਜੋ ਫੌਜੀ, ਆਰਥਿਕ, ਸਫ਼ਾਰਤੀ ਤੇ ਸਿਆਸੀ ਤੌਰ ’ਤੇ ਉਸ ਨੇਮ ਅਧਾਰਿਤ ਵਿਵਸਥਾ/ਪ੍ਰਬੰਧ ਨੂੰ ਵਿਗਾੜਨ ਦੀ ਕੋੋਸ਼ਿਸ਼ ਕਰਨ ਦੇ ਸਮਰੱਥ ਹੈ, ਜਿਸ ਦਾ ਅਮਰੀਕਾ, ਉਸ ਦੇ ਦੋਸਤਾਂ ਤੇ ਭਾਈਵਾਲਾਂ ਵੱਲੋਂ ਦ੍ਰਿੜਤਾ ਨਾਲ ਬਚਾਅ ਕੀਤਾ ਜਾਂਦਾ ਹੈ।
ਕਾਬਿਲੇਗੌਰ ਹੈ ਕਿ ਅਮਰੀਕੀ ਇਨੋਵੇਸ਼ਨ (ਨਵੀਆਂ ਕਾਢਾਂ) ਤੇ ਕੰਪੀਟੀਸ਼ਨ ਐਕਟ ਤਹਿਤ ਅਮਰੀਕੀ ਕਰਦਾਤਿਆਂ ਤੋਂ ਟੈਕਸਾਂ ਦੇ ਰੂਪ ਵਿੱਚ ਪ੍ਰਾਪਤ ਸੌ ਅਰਬ ਅਮਰੀਕੀ ਡਾਲਰ ਤੋਂ ਵੱਧ ਦੀ ਰਾਸ਼ੀ ਵਿਗਿਆਨਕ ਤੇ ਤਕਨੀਕੀ ਕਾਢਾਂ, ਜੋ ਕੌਮੀ ਸੁਰੱਖਿਆ ਤੇ ਆਰਥਿਕ ਮੁਕਾਬਲੇਬਾਜ਼ੀ ਲਈ ਅਹਿਮ ਹਨ, ਉੱਤੇ ਨਿਵੇਸ਼ ਕੀਤੀ ਜਾਂਦੀ ਹੈ। ਬਿੱਲ ਪਾਸ ਹੋਣ ਨਾਲ ਸੰਕਟ ਦੀ ਘੜੀ ਵਿੱਚ ਜ਼ਰੂਰੀ ਸਪਲਾਈ ਚੇਨਾਂ ਦੀ ਸੁਰੱਖਿਆ ਅਤੇ ਸਪਲਾਈ ਚੇਨ ਵਿੱੱਚ ਪੈਣ ਵਾਲੇ ਕਿਸੇ ਵੀ ਅੜਿੱਕੇ ਨੂੰ ਦੂਰ ਕਰਨ ਦੀ ਅਮਰੀਕੀ ਸਮਰੱਥਾ ਮਜ਼ਬੂਤ ਹੋਵੇਗੀ। ਇਹੀ ਨਹੀਂ ਕੌਮੀ ਸਾਇੰਸ ਫਾਊਂਡੇਸ਼ਨ ਸਰਗਰਮੀਆਂ ਲਈ ਮਿਲਦੇ ਫੰਡ ਵਿੱਚ ਵੀ ਇਜ਼ਾਫ਼ਾ ਹੋਵੇਗਾ। ਬਿੱਲ ਪਾਸ ਹੋਣ ਮਗਰੋਂ ਸ਼ੂੂਮਰ ਨੇ ਕਿਹਾ, ‘‘ਇਹ ਬਿੱਲ 21ਵੀਂ ਸਦੀ ਵਿੱਚ ਅਮਰੀਕੀ ਲੀਡਰਸ਼ਿਪ ਲਈ ਅਹਿਮ ਮੋੜ ਸਾਬਿਤ ਹੋਵੇਗਾ।’’