ਗਿਆਨੀ ਰਘੁਬੀਰ ਸਿੰਘ ਜੀ ਨੂੰ ਮੁੱਖ ਗ੍ਰੰਥੀ ਦੇ ਅਹੁਦੇ ਤੋਂ ਹਟਾਉਣਾ ਪੰਥਕ ਮਰਿਆਦਾ ਦਾ ਘਾਣ – ਕਰਨੈਲ ਸਿੰਘ ਪੀਰ ਮੁਹੰਮਦ
ਅੰਮ੍ਰਿਤਸਰ – ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਰਪ੍ਰਸਤ ਜਥੇ: ਕਰਨੈਲ ਸਿੰਘ ਪੀਰ ਮੁਹੰਮਦ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਘੁਬੀਰ ਸਿੰਘ ਜੀ ਨੂੰ ਅਚਾਨਕ ਅਹੁਦੇ ਤੋਂ ਹਟਾਉਣ ਦੇ ਫ਼ੈਸਲੇ ‘ਤੇ ਡੂੰਘੀ ਚਿੰਤਾ ਅਤੇ ਸਖ਼ਤ ਰੋਸ ਪ੍ਰਗਟ ਕੀਤਾ ਹੈ। ਉਨ੍ਹਾਂ ਇਸ ਕਾਰਵਾਈ ਨੂੰ ਪੰਥਕ ਰਵਾਇਤਾਂ ਦੇ ਬਿਲਕੁਲ ਉਲਟ, ਸਿਆਸੀ ਇੱਛਾਵਾਂ ਤੋਂ ਪ੍ਰੇਰਿਤ ਅਤੇ ਬੇਹੱਦ ਮੰਦਭਾਗਾ ਕਰਾਰ ਦਿੱਤਾ ਹੈ।
ਅੱਜ ਇੱਥੇ ਜਾਰੀ ਇੱਕ ਅਹਿਮ ਬਿਆਨ ਵਿੱਚ ਸ੍ਰ. ਪੀਰ ਮੁਹੰਮਦ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕੀ ਢਾਂਚੇ ‘ਤੇ ਕਾਬਜ਼ ਸਿਆਸੀ ਧਿਰਾਂ ਦੀ ਸਖ਼ਤ ਆਲੋਚਨਾ ਕੀਤੀ। ਉਨ੍ਹਾਂ ਸਪੱਸ਼ਟ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਵਰਗੀ ਪਵਿੱਤਰ ਅਤੇ ਸਰਵਉੱਚ ਸੰਸਥਾ ਦੇ ਅਹਿਮ ਧਾਰਮਿਕ ਅਹੁਦਿਆਂ ‘ਤੇ ਵਾਰ-ਵਾਰ ਫ਼ੇਰਬਦਲ ਕਰਨਾ ਸੰਸਥਾ ਦੀ ਸਥਿਰਤਾ, ਅਜ਼ਾਦ ਹਸਤੀ ਅਤੇ ਮਹਾਨ ਮਰਿਆਦਾ ਨੂੰ ਡੂੰਘੀ ਸੱਟ ਮਾਰਨ ਦੇ ਬਰਾਬਰ ਹੈ। ਉਨ੍ਹਾਂ ਇਸ਼ਾਰਾ ਕੀਤਾ ਕਿ ਧਾਰਮਿਕ ਅਦਾਰਿਆਂ ਵਿੱਚ ਇੱਕ ਖਾਸ ਸਿਆਸੀ ਪਰਿਵਾਰ ਦੇ ਏਕਾਧਿਕਾਰ ਅਤੇ ਬੇਲੋੜੀ ਦਖ਼ਲਅੰਦਾਜ਼ੀ ਕਾਰਨ ਸਿੱਖ ਸੰਸਥਾਵਾਂ ਦਾ ਮਾਣ ਘਟ ਰਿਹਾ ਹੈ ਅਤੇ ਕੌਮ ਵਿੱਚ ਭਾਰੀ ਨਿਰਾਸ਼ਾ ਪਾਈ ਜਾ ਰਹੀ ਹੈ।
ਗਿਆਨੀ ਰਘੁਬੀਰ ਸਿੰਘ ਜੀ ਦੀਆਂ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਗਿਆਨੀ ਜੀ ਦੀ ਸ਼ਖਸੀਅਤ ਅਤੇ ਉਨ੍ਹਾਂ ਵੱਲੋਂ ਨਿਭਾਈਆਂ ਗਈਆਂ ਪੰਥਕ ਸੇਵਾਵਾਂ ਬੇਮਿਸਾਲ ਅਤੇ ਨਿਰਵਿਵਾਦ ਹਨ। ਅਜਿਹੇ ਉੱਚ-ਕੋਟੀ ਦੇ ਗੁਰਸਿੱਖ ਅਤੇ ਸੁਲਝੇ ਹੋਏ ਵਿਦਵਾਨ ਨੂੰ ਬਿਨਾਂ ਕਿਸੇ ਠੋਸ ਕਾਰਨ ਦੇ ਅਚਾਨਕ ਅਹੁਦੇ ਤੋਂ ਲਾਂਭੇ ਕਰਨਾ ਦੇਸ਼-ਵਿਦੇਸ਼ ਵਿੱਚ ਵੱਸਦੀ ਸੰਗਤ ਦੇ ਹਿਰਦੇ ਵਲੂੰਧਰਨ ਵਾਲੀ ਕਾਰਵਾਈ ਹੈ।
ਉਨ੍ਹਾਂ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਨੂੰ ਸਖ਼ਤ ਅਪੀਲ ਕਰਦਿਆਂ ਕਿਹਾ ਕਿ ਅਜਿਹੇ ਗੰਭੀਰ ਫ਼ੈਸਲੇ ਲੈਣ ਵੇਲੇ ਨਿੱਜੀ ਜਾਂ ਸਿਆਸੀ ਹਿੱਤਾਂ ਦੀ ਪੂਰਤੀ ਦੀ ਬਜਾਏ ਪੰਥਕ ਭਾਵਨਾਵਾਂ ਅਤੇ ਯੋਗਤਾ ਨੂੰ ਮੁੱਖ ਰੱਖਿਆ ਜਾਣਾ ਚਾਹੀਦਾ ਹੈ। ਉਨ੍ਹਾਂ ਚੇਤਾਵਨੀ ਭਰੇ ਲਹਿਜ਼ੇ ਵਿੱਚ ਕਿਹਾ, “ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਦਾ ਅਹੁਦਾ ਕੋਈ ਆਮ ਪ੍ਰਬੰਧਕੀ ਜਾਂ ਸਿਆਸੀ ਅਹੁਦਾ ਨਹੀਂ ਹੈ, ਸਗੋਂ ਇਹ ਸਮੁੱਚੀ ਸਿੱਖ ਕੌਮ ਦੀ ਅਧਿਆਤਮਿਕ ਅਗਵਾਈ ਦਾ ਸਰਵਉੱਚ ਕੇਂਦਰ ਹੈ। ਉਨ੍ਹਾਂ ਅੱਗੇ ਕਿਹਾ ਕਿ ਗਿਆਨੀ ਰਘੁਬੀਰ ਸਿੰਘ ਜੀ ਨੂੰ ਜਾਰੀ ਕੀਤਾ ਗਿਆ 72 ਘੰਟਿਆਂ ਦਾ ਨੋਟਿਸ ਸਿਰਫ਼ ਇੱਕ ਸਿਆਸੀ ਡਰਾਮੇਬਾਜ਼ੀ ਹੈ, ਜਦਕਿ ਬਾਦਲ ਪਰਿਵਾਰ ਦੀਆਂ ਹਿਦਾਇਤਾਂ ਅਨੁਸਾਰ ਉਹਨਾਂ ਨੂੰ ਹਟਾਉਣ ਦੀ ਜ਼ੋਰਾਜਬਰੀ ਪਹਿਲਾਂ ਹੀ ਮੁਕੰਮਲ ਕੀਤੀ ਜਾ ਚੁੱਕੀ ਹੈ।
ਇਸ ਵਿੱਚ ਸਿਆਸੀ ਹੁਕਮਰਾਨਾਂ ਦੀ ਦਖ਼ਲਅੰਦਾਜ਼ੀ ਕੌਮ ਵਿੱਚ ਵੱਡੀ ਦੁਬਿਧਾ ਅਤੇ ਬੇਵਿਸਾਹੀ ਪੈਦਾ ਕਰ ਰਹੀ ਹੈ, ਜਿਸ ਦਾ ਖਮਿਆਜ਼ਾ ਪੰਥ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਧਿਰਾਂ ਨੂੰ ਭਵਿੱਖ ਵਿੱਚ ਭੁਗਤਣਾ ਪਵੇਗਾ।
