ਨਿੱਝਰ ਦੀ ਹੱਤਿਆ ਪਿੱਛੇ ਭਾਰਤ ਦਾ ਹੱਥ: ਰਿਪੋਰਟ
ਕੈਨੇਡਾ ਨੇ ਬਰਤਾਨੀਆ ਦੇ ਜਾਸੂਸਾਂ ਦੀ ਰਿਪੋਰਟ ਦੇ ਆਧਾਰ ’ਤੇ ਖ਼ਾਲਿਸਤਾਨੀ ਆਗੂ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਪਿੱਛੇ ਭਾਰਤ ਦਾ ਹੱਥ ਹੋਣ ਦੇ ਦੋਸ਼ ਲਾਏ ਸਨ। ਇਹ ਖੁਲਾਸਾ ਬਲੂਮਬਰਗ ਓਰੀਜਨਲਸ ਦੀ ਭਾਰਤ ਦੇ ਪੱਛਮ ਨਾਲ ਵਿਗੜੇ ਸਬੰਧਾਂ ਬਾਰੇ ਰਿਪੋਰਟ ’ਚ ਕਿਹਾ ਗਿਆ ਹੈ। ਇਸ ਵਿਚ ਕਿਹਾ ਗਿਆ ਹੈ ਕਿ ਬਰਤਾਨਵੀ ਖ਼ੁਫ਼ੀਆ ਏਜੰਸੀ ਨੇ ਕੁਝ ਗੁਪਤ ਕਾਲਾਂ ਨੂੰ ਸੁਣਿਆ ਸੀ, ਜਿਨ੍ਹਾਂ ’ਚ ਕੁਝ ਵਿਅਕਤੀ ਤਿੰਨ ਵਿਅਕਤੀਆਂ ਨੂੰ ਨਿਸ਼ਾਨਾ ਬਣਾਉਣ ਬਾਰੇ ਚਰਚਾ ਕਰ ਰਹੇ ਸਨ। ਵੀਡੀਓ ਦਸਤਾਵੇਜ਼ੀ ’ਚ ਦਾਅਵਾ ਕੀਤਾ ਗਿਆ ਹੈ ਕਿ ਉਹ ਤਿੰਨ ਸੰਭਾਵੀ ਨਿੱਝਰ, ਅਤਵਾਰ ਸਿੰਘ ਖੰਡਾ ਅਤੇ ਗੁਰਪਤਵੰਤ ਸਿੰਘ ਪੰਨੂ ਬਾਰੇ ਗੱਲ ਕਰ ਰਹੇ ਸਨ। ਬਾਅਦ ’ਚ ਇਕ ਹੋਰ ਗੱਲਬਾਤ ਸਾਹਮਣੇ ਆਈ ਕਿ ਕਿਵੇਂ ਨਿੱਝਰ ਨੂੰ ਖਤਮ ਕਰ ਦਿੱਤਾ ਗਿਆ ਹੈ। ਖ਼ਾਲਿਸਤਾਨੀ ਆਗੂ ਖੰਡਾ ਦੀ ਬਰਮਿੰਘਮ ਦੇ ਹਸਪਤਾਲ ’ਚ ਜੂਨ 2023 ’ਚ ਮੌਤ ਹੋ ਗਈ ਸੀ। ਕੁਝ ਜਥੇਬੰਦੀਆਂ ਨੇ ਦੋਸ਼ ਲਾਏ ਸਨ ਕਿ ਉਸ ਨੂੰ ਜਾਨੋਂ ਮਾਰਿਆ ਗਿਆ ਹੈ ਪਰ ਬਰਤਾਨਵੀ ਅਧਿਕਾਰੀਆਂ ਨੇ ਇਨ੍ਹਾਂ ਦੋਸ਼ਾਂ ਨੂੰ ਖਾਰਜ ਕਰ ਦਿੱਤਾ ਸੀ। -ਪੀਟੀਆਈ
