ਟਾਪਪੰਜਾਬ

ਪ੍ਰਧਾਨ ਮੰਤਰੀ ਵੱਲੋਂ ਦਿੱਤਾ 1600 ਕਰੋੜ ਰੁਪਏ ਦਾ ਰਾਹਤ ਪੈਕੇਜ ਨਿਰਾਸ਼ਾਜਨਕ – ਹਰਚੰਦ ਸਿੰਘ ਬਰਸਟ

ਚੰਡੀਗੜ੍ਹ – ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਅਤੇ ਆਮ ਆਦਮੀ ਪਾਰਟੀ, ਪੰਜਾਬ ਦੇ ਸੂਬਾ ਜਨਰਲ ਸਕੱਤਰ ਸ. ਹਰਚੰਦ ਸਿੰਘ ਬਰਸਟ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਹੜ੍ਹ ਪ੍ਰਭਾਵਤ ਪੰਜਾਬ ਨੂੰ 1600 ਕਰੋੜ ਰੁਪਏ ਦਾ ਰਾਹਤ ਪੈਕੇਜ ਦੇਣ ਤੇ ਪ੍ਰਤੀਕਿਰਿਆ ਦਿੰਦਿਆਂ ਇਸ ਨੂੰ ਨਿਰਾਸ਼ਾਜਨਕ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਵੱਲੋਂ ਹੜ੍ਹ ਪ੍ਰਭਾਵਿਤ ਪੰਜਾਬ ਲਈ ਐਲਾਨੀਆਂ ਰਾਹਤ ਪੈਕੇਜ ਸਿਰਫ਼ ਇੱਕ ਰਾਜਨੀਤਿਕ ਨਾਟਕ ਹੈ। ਹੜ੍ਹਾਂ ਕਰਕੇ ਪੰਜਾਬ ਅਤੇ ਪੰਜਾਬ ਵਾਸੀਆਂ ਦਾ ਭਾਰੀ ਨੁਕਸਾਨ ਹੋਇਆ ਹੈ, ਪਰ ਇਸ ਤੇ ਮਰਹੰਮ ਲਗਾਉਣ ਦੀ ਜਗ੍ਹਾਂ ਪ੍ਰਧਾਨ ਮੰਤਰੀ ਵੱਲੋਂ ਮਾਮੂਲੀ ਪੈਕੇਜ ਦਾ ਐਲਾਨ ਕਰਕੇ ਪੰਜਾਬ ਨਾਲ ਭੱਦਾ ਮਜਾਕ ਕੀਤਾ ਗਿਆ ਹੈ। ਇਸ ਤੋਂ ਲਗਦਾ ਹੈ ਕਿ ਕੇਂਦਰ ਸਰਕਾਰ ਪੰਜਾਬ ਤੋਂ ਕਿਸਾਨ ਅੰਦੋਲਨ ਦਾ ਬਦਲਾ ਲੈ ਰਹੀ ਹੈ, ਇਸੇ ਕਰਕੇ ਉਹ ਪੰਜਾਬ ਨੂੰ ਵੱਡੀ ਰਾਹਤ ਦੇਣ ਦੀ ਜਗ੍ਹਾਂ ਪੰਜਾਬੀਆਂ ਦੇ ਜਖ਼ਮਾਂ ਤੇ ਲੂਣ ਛਿੜਕਣ ਦਾ ਕੰਮ ਕਰ ਰਹੀ ਹੈ।

ਸ. ਬਰਸਟ ਨੇ ਕਿਹਾ ਕਿ ਪੰਜਾਬ ਨੇ ਅੱਜ ਤੱਕ ਦੇ ਭਿਆਨਕ ਹੜ੍ਹਾਂ ਵਿੱਚੋਂ ਇੱਕ ਦਾ ਸਾਹਮਣਾ ਕੀਤਾ ਹੈ, ਜਿਸ ਨੇ ਘਰਾਂ, ਫ਼ਸਲਾਂ ਅਤੇ ਰੋਜ਼ੀ-ਰੋਟੀ ਨੂੰ ਤਬਾਹ ਕਰਕੇ ਰੱਖ ਦਿੱਤਾ ਅਤੇ ਪੂਰੇ ਪਿੰਡ ਦੇ ਪਿੰਡ ਪਾਣੀ ਵਿੱਚ ਡੁੱਬ ਗਏ। ਪੰਜਾਬ ਵਿੱਚ ਹੜ੍ਹਾਂ ਕਾਰਨ ਬਹੁਤ ਵੱਡੇ ਪੱਧਰ ਤੇ ਜਾਨੀ ਅਤੇ ਮਾਲੀ ਨੁਕਸਾਨ ਹੋਇਆ ਹੈ ਅਤੇ ਹੁਣ ਤੱਕ 52 ਲੋਕਾਂ ਦੀ ਮੌਤ ਹੋ ਚੁੱਕੀ ਹੈ। ਪਹਿਲਾਂ ਤਾਂ ਹੜ੍ਹ ਪ੍ਰਭਾਵਤ ਪੰਜਾਬ ਵੱਲ ਕੇਂਦਰ ਸਰਕਾਰ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਗਿਆ ਅਤੇ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸਿਰਫ਼ 1600 ਕਰੋੜ ਰੁਪਏ ਜਾਰੀ ਕਰਕੇ ਪੰਜਾਬ ਦੇ ਹਾਲਾਤਾਂ ਨੂੰ ਅਣਦੇਖਾ ਕੀਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਲਈ ਕੇਂਦਰ ਸਰਕਾਰ ਵੱਲੋਂ ਆਰ.ਡੀ.ਐਫ. ਦੇ ਕਰੀਬ 8500 ਕਰੋੜ ਰੁਪਏ, ਹੈਲਥ ਮਿਸ਼ਨ ਦੇ ਲਗਭਗ 1200 ਕਰੋੜ ਰੁਪਏ, ਪ੍ਰਧਾਨ ਮੰਤਰੀ ਸੜਕ ਯੋਜਨਾ ਦੇ ਕਰੀਬ 900 ਕਰੋੜ ਰੁਪਏ ਜੀ.ਐਸ.ਟੀ. ਦਾ ਘਾਟਾ ਕਰੀਬ 50,000 ਕਰੋੜ ਸਮੇਤ ਰੋਕੇ ਹੋਏ 60,000 ਕਰੋੜ ਰੁਪਏ ਦੇ ਫੰਡ ਅਤੇ 20,000 ਕਰੋੜ ਰੁਪਏ ਰਾਹਤ ਪੈਕੇਜ ਜਾਰੀ ਕਰਨ ਦੀ ਲਗਾਤਾਰ ਮੰਗ ਕਰ ਰਹੀ ਹੈ, ਪਰ ਪ੍ਰਧਾਨ ਮੰਤਰੀ ਵੱਲੋਂ ਦਿੱਤੀ ਗਈ ਸਹਾਇਤਾ ਪੰਜਾਬ ਪ੍ਰਤੀ ਕੇਂਦਰ ਸਰਕਾਰ ਦੀ ਘਟੀਆ ਸੋਚ ਨੂੰ ਦਰਸਾਉਂਦੀ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਆਪਣੀ ਫੇਰੀ ਦੌਰਾਨ ਪੰਜਾਬੀ ਮਾਂ ਬੋਲੀ ਦਾ ਵੀ ਅਪਮਾਨ ਕਰਦਿਆਂ ਪੰਜਾਬ ਅਤੇ ਪੰਜਾਬੀਆਂ ਦਾ ਅਪਮਾਨ ਕੀਤਾ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਦੇਸ਼ ਦੇ ਅੰਨ ਭੰਡਾਰ ਭਰਦਾ ਹੈ। ਪੰਜਾਬ ਦੇ ਨੌਜਵਾਨ ਦੇਸ਼ ਦੀ ਸਰਹੱਦ ਤੇ ਰੱਖਿਆ ਕਰ ਰਹੇ ਹਨ। ਜਦੋਂ ਵੀ ਦੇਸ਼ ਵਿੱਚ ਕਿੱਥੇ ਕੋਈ ਆਪਦਾ ਆਉਂਦੀ ਹੈ, ਤਾਂ ਪੰਜਾਬ ਦੇ ਲੋਕ ਸਭ ਤੋਂ ਅੱਗੇ ਆ ਕੇ ਸੇਵਾ ਕਰਦੇ ਹਨ, ਪਰ ਅੱਜ ਪੰਜਾਬ ਪ੍ਰਤੀ ਕੇਂਦਰ ਸਰਕਾਰ ਦਾ ਰਵੱਈਆ ਸਿਰਫ਼ ਮੰਗਾ ਤੋਂ ਮੂੰਹ ਫੇਰਨ ਵਾਲਾ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਹਰ ਮੰਤਰੀ, ਐਮ.ਐਲ.ਏ., ਵਲੰਟੀਅਰ, ਵਰਕਰ ਲੋਕਾਂ ਦੀ ਸੇਵਾ ਵਿੱਚ ਦਿਨ-ਰਾਤ ਲੱਗੇ ਹੋਏ ਹਨ, ਜਦਕਿ ਦੂਜੇ ਪਾਸੇ ਕੇਂਦਰ ਸਰਕਾਰ ਵੱਲੋਂ ਪੰਜਾਬ ਅਤੇ ਪੰਜਾਬ ਵਾਸੀਆਂ ਨਾਲ ਲਗਾਤਾਰ ਵਿਤਕਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਹਰ ਸੰਕਟ ਵਿੱਚ ਦੇਸ਼ ਦੇ ਨਾਲ ਖੜ੍ਹੇ ਰਹੇ ਹਨ ਅਤੇ ਹੁਣ ਅਸੀਂ ਉਮੀਦ ਕਰਦੇ ਹਾਂ ਕਿ ਕੇਂਦਰ ਸਰਕਾਰ ਸਾਡੇ ਨਾਲ ਖੜ੍ਹੇ।

Leave a Reply

Your email address will not be published. Required fields are marked *