ਬਰੈਂਪਟਨ ਵਿੱਚ ‘ਸੀਰੀ’ ਫ਼ਿਲਮ ਨੂੰ ਮਿਲ਼ਿਆ ਭਰਵਾਂ ਹੁੰਗਾਰਾ
ਟਰਾਂਟੋ:- ‘ਪ੍ਰੋਗਰੈਸਿਵ ਪੰਜਾਬੀ ਆਰਟਸ, ਥੀਏਟਰ ਐਂਡ ਹੈਰੀਟੇਜ (ਪਾਥ)’ ਵੱਲੋਂ ਬਰੈਂਪਟਨ ਵਿੱਚ ਵਿਖਾਈ ਗਈ ਪੰਜਾਬੀ ਫ਼ਿਲਮ
‘ਸੀਰੀ’ ਨੂੰ ਦਰਸ਼ਕਾਂ ਵੱਲੋਂ ਬਹੁਤ ਹੀ ਭਰਵਾਂ ਹੁੰਗਾਰਾ ਮਿਲ਼ਿਆ ਅਤੇ ਦਰਸ਼ਕਾਂ ਵੱਲੋਂ ਫ਼ਿਲਮ ਦੀ ਕਹਾਣੀ ਅਤੇ ਪੇਸ਼ਕਾਰੀ ਦੀ ਭਰਪੂਰ
ਸ਼ਲਾਘਾ ਕੀਤੀ ਗਈ। ਰਜੀਵ ਕੁਮਾਰ ਵੱਲੋਂ ਨਿਰਦੇਸ਼ਤ ਕੀਤੀ ਗਈ ਸੁਰਿੰਦਰ ਸ਼ਰਮਾ ਦੀ ਮੁੱਖ ਭੂਮਿਕਾ ਅਧੀਨ ਬਣੀ ‘ਸੀਰੀ’ ਫ਼ਿਲਮ
ਨੂੰ 400 ਦੇ ਕਰੀਬ ਦਰਸ਼ਕਾਂ ਵੱਲੋਂ ‘pin drop silence’ ਦੇ ਮਾਹੌਲ ਵਿੱਚ ਵੇਖਿਆ ਗਿਆ ਅਤੇ ਇਸਦੀ ਤੁਲਨਾ ਪੰਜਾਬ ਦੀ
ਮੌਜੂਦਾ ਸਥਿਤੀ ਨਾਲ਼ ਕਰਦਿਆਂ ਹੋਇਆਂ ਬਹੁਤ ਸਾਰੇ ਦਰਸ਼ਕਾਂ ਵੱਲੋਂ ਕਿਹਾ ਗਿਆ ਕਿ ਇਸ ਫ਼ਿਲਮ ਵਿੱਚ “ਬਿਲਕੁਲ ਸੱਚ
ਬਿਆਨਿਆ ਗਿਆ ਹੈ”।
ਸਮਾਗਮ ਦੇ ਸ਼ੁਰੂ ਵਿੱਚ ਬੋਲਦਿਆਂ ਕੁਲਵਿੰਦਰ ਖਹਿਰਾ ਨੇ ਕਿਹਾ ਕਿ ਇਸ ਗੱਲ ਦੀ ਸਿਫ਼ਤ ਕਰਨੀ ਬਣਦੀ ਹੈ ਕਿ ਸਾਡੇ ਕੁਝ ਸਾਥੀ
ਮੰਡੀ ਦੀ ਦੌੜ ਵਿੱਚ ਪੈਣ ਦੀ ਬਜਾਇ ਸਮਾਜ ਨੂੰ ਸੇਧ ਦੇਣ ਵਾਲ਼ੇ ਸਾਹਿਤ ਅਤੇ ਕਲਾ-ਕ੍ਰਿਤਾਂ ਨਾਲ਼ ਲੋਕਾਂ ਨੂੰ ਲੱਚਰਵਾਦ ਅਤੇ ਮਾਰੂ
ਕਿਸਮ ਦੇ ਪ੍ਰਦੂਸ਼ਣ ਦਾ ਬਦਲ ਦੇ ਰਹੇ ਹਨ। ਸੁਰਿੰਦਰ ਸ਼ਰਮਾ ਨੇ ਕਿਹਾ ਕਿ ਅਜਿਹੀਆਂ ਕੋਸ਼ਿਸ਼ਾਂ ਲੋਕ-ਸਮਰਥਨ ਤੋਂ ਬਗੈਰ ਹੋਣੀਆਂ
ਅਸੰਭਵ ਹਨ ਤੇ ਉਨ੍ਹਾਂ ਲੋਕਾਂ ਦਾ ਧੰਨਵਾਦ ਕੀਤਾ ਕਿ ਸਮੇਂ ਸਮੇਂ ਸਿਰ ਉਨ੍ਹਾਂ ਵੱਲੋਂ ਦਿੱਤੇ ਗਏ ਸਹਿਯੋਗ ਸਦਕਾ ‘ਨਾਬਰ’, ‘ਚੰਮ’,
‘ਸੀਰੀ’ ਆਦਿ ਫ਼ਿਲਮਾਂ ਬਣ ਸਕੀਆਂ ਹਨ ਅਤੇ ਆਣ ਵਾਲ਼ੀ ਫ਼ਿਲਮ `ਤੇ ਕੰਮ ਹੋ ਰਿਹਾ ਹੈ। ਬਲਦੇਵ ਰਹਿਪਾ ਸਹਿਯੋਗੀ ਸੰਸਥਾਵਾਂ,
ਸਪੌਂਸਰਾਂ, ਸਮੁੱਚੇ ਸਹਿਯੋਗੀ ਮੀਡੀਆ ਅਤੇ ਦਰਸ਼ਕਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਸਦਕਾ ਇਹ ਉਪਰਾਲਾ ਕਾਮਯਾਬ ਹੋ ਸਕਿਆ।