ਮੇਰੇ ਮਰਨ ਤੋਂ ਬਾਅਦ ਸਸਕਾਰ ਕਰਨ ਤਕ-ਗੁਰਚਰਨ ਸਿੰਘ ਜਿਉਣ ਵਾਲਾ
ਬਹੁਤੇ ਮਰਦਾਂ ਔਰਤਾਂ ਦੀ ਇਹ ਖੁਆਸ਼ ਹੁੰਦੀ ਹੈ ਕਿ ਮਰਨ ਤੋਂ ਬਾਅਦ ਮੈਨੂੰ ਵੱਡਾ ਕੀਤਾ ਜਾਵੇ। ਪੁਰਾਣੇ ਜ਼ਮਾਨੇ ਵਿੱਚ ਲੋਕ ਕਹਿੰਦੇ ਹੁੰਦੇ ਸਨ ਕਿ “ਕੀ ਤੁਸੀਂ “ਗਦੌੜਾ ਫੇਰਿਆ ਐ”। ਇਸ ਦਾ ਮਤਲਬ ਇਹ ਸੀ ਕਿ ਕਿਸੇ ਬਜ਼ੁਰਗ ਦੇ ਮਰਨ ਤੋਂ ਬਾਅਦ ਸਾਰੇ ਪਿੰਡ ਵਿੱਚ ਥਾਲੀ ਥਾਲੀ ਗੁੜ ਦਾ ਕੜਾਹ ਵੰਡਣਾ। ਇਹ ਕੰਮ ਵੀ ਆਪਣੇ ਵਿਤ ਅਨੁਸਾਰ ਕੋਈ ਕੋਈ ਹੀ ਕਰ ਸਕਦਾ ਸੀ। ਇਹ ਰਿਵਾਜ਼ ਚੱਲਦੇ ਚੱਲਦੇ ਅੱਜ-ਕੱਲ੍ਹ ਲੱਡੂ ਜਲੇਬੀਆਂ ਦਾ ਰੂਪ ਧਾਰਣ ਕਰ ਗਏ ਅਤੇ ਅਸੀਂ ਕਰਜ਼ੇ ਦੇ ਭਾਰ ਨੂੰ ਨਾ ਸਹਾਰਦੇ ਹੋਏ ਆਤਮ ਹੱਤਿਆਵਾਂ ਦੇ ਰਾਹ ਪੈ ਗਏ। ਇਸ ਕਰਕੇ ਅੱਜ ਮੈਂ ਆਪਣੀ ਆਖਰੀ ਖੁਆਸ਼ ਲਿਖਣ ਦਾ ਕੰਮ ਸ਼ੁਰੂ ਕੀਤਾ ਹੈ ਤੇ ਗੁਰਬਾਣੀ ਦੇ ਆਸਰੇ ਇਸ ਨੂੰ ਮੁਕੰਮਲ ਕਰਕੇ ਦੋਸਤਾਂ, ਮਿਤਰਾਂ, ਸਨੇਹੀਆਂ ਅਤੇ ਪਾਠਕਾਂ ਦੇ ਸਪੁਰਦ ਕਰਨ ਦਾ ਮਨ ਬਣਾ ਲਿਆ ਹੈ। ਹੋ ਸਕਦਾ ਹੈ ਕਿ ਇਹ ਹੋਰ ਕਿਸੇ ਵੀਰ ਦੇ ਵੀ ਕੰਮ ਆ ਜਾਵੇ।ਗੁਰਬਾਣੀ ਸਾਨੂੰ ਸਸਕਾਰ ਕਰਨ ਦੇ ਕੁੱਝ ਤਰੀਕੇ ਦੱਸਦੀ ਹੈ। ਜਿਵੇਂ:
ਇਕ ਦਝਹਿ ਇਕ ਦਬੀਅਹਿ ਇਕਨਾ ਕੁਤੇ ਖਾਹਿ ॥
ਇਕਿ ਪਾਣੀ ਵਿਚਿ ਉਸਟੀਅਹਿ ਇਕਿ ਭੀ ਫਿਰਿ ਹਸਣਿ ਪਾਹਿ ॥
ਨਾਨਕ ਏਵ ਨ ਜਾਪਈ ਕਿਥੈ ਜਾਇ ਸਮਾਹਿ ॥੨॥ ਪੰਨਾ 648, ਮ:1 ॥
ਕੋਈ ਮੁਰਦੇ ਨੂੰ ਸਾੜ ਦਿੰਦਾ ਹੈ, ਕੋਈ ਦੱਬ ਦਿੰਦਾ ਹੈ, ਕੋਈ ਕੁਤਿਆਂ ਮੂਹਰੇ ਸੁੱਟ ਦਿੰਦਾ ਹੈ ਤੇ ਕੋਈ ਜਲ ਪ੍ਰਵਾਹ ਕਰਕੇ ਹੱਸਦੇ ਹਨ। ਹਿੰਦੂ ਮੱਤ ਅਨੁਸਾਰ ਮਰਨ ਤੋਂ ਬਾਅਦ ਸਰੀਰ ਵਿਚੋਂ ਆਤਮਾ ਨਿਕਲਦੀ ਹੈ ਤੇ ਧਰਮਰਾਜ ਕੋਲ ਜਾਂਦੀ ਹੈ। ਇਸੇ ਕਰਕੇ ਗੁਰੂ ਜੀ ਅਖੀਰਲੀ ਪੰਗਤੀ ਵਿੱਚ ਸਵਾਲ ਖੜਾ ਕਰਦੇ ਹਨ ਕਿ ਭਾਈ ਪਤਾ ਨਹੀਂ ਕਿ ਮਰਨ ਤੋਂ ਬਾਅਦ ਕੌਣ ਕਿੱਥੇ ਜਾਂਦਾ ਹੈ। ਗੁਰਬਾਣੀ ਵਿਚੋਂ ਇਸ ਸਵਾਲ ਦਾ ਜਵਾਬ ਲੈ ਕੇ ਆਪਾਂ ਅੱਗੇ ਚੱਲਦੇ ਹਾਂ।
ਕਾਯਉ ਦੇਵਾ ਕਾਇਅਉ ਦੇਵਲ ਕਾਇਅਉ ਜੰਗਮ ਜਾਤੀ ॥
ਕਾਇਅਉ ਧੂਪ ਦੀਪ ਨਈਬੇਦਾ ਕਾਇਅਉ ਪੂਜਉ ਪਾਤੀ ॥੧॥
ਕਾਇਆ ਬਹੁ ਖੰਡ ਖੋਜਤੇ ਨਵ ਨਿਧਿ ਪਾਈ ॥
ਨਾ ਕਛੁ ਆਇਬੋ ਨਾ ਕਛੁ ਜਾਇਬੋ ਰਾਮ ਕੀ ਦੁਹਾਈ ॥੧॥ ਰਹਾਉ ॥
ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ ॥
ਪੀਪਾ ਪ੍ਰਣਵੈ ਪਰਮ ਤਤੁ ਹੈ ਸਤਿਗੁਰੁ ਹੋਇ ਲਖਾਵੈ ॥੨॥੩॥ ਪੰਨਾ 695, ਭਗਤ ਪੀਪਾ ਜੀ ॥
ਜਿਸ ਮਨੁੱਖ ਦੇ ਸਰੀਰ ਵਿੱਚ ਰਾਮ ਦੀ ਯਾਦ ਦੀ ਦੁਹਾਈ ਮੱਚ ਜਾਂਦੀ ਹੈ, ਉਹ ਦੇਸ ਦੇਸਾਂਤਰਾਂ ਦੇ ਤੀਰਥਾਂ ਤੇ ਮੰਦਰਾਂ ਵਲ ਭਟਕਣ ਦੇ ਥਾਂ ਰਾਮ ਨੂੰ ਆਪਣੇ ਸਰੀਰ ਵਿੱਚ ਹੀ ਲੱਭ ਲੈਂਦਾ ਹੈ। ਸੋ, ਉਸ ਰਾਮ ਨੂੰ ਆਪਣੇ ਸਰੀਰ ਦੇ ਅੰਦਰ ਲੱਭੋ, ਏਹੀ ਅਸਲ ਦੇਵਤੇ ਦੀ ਭਾਲ ਹੈ, ਏਹੀ ਅਸਲ ਮੰਦਰ ਹੈ, ਏਹੀ ਅਸਲ ਪੂਜਾ ਹੈ। ਪਰ ਉਸ ਪਰਮ-ਤੱਤ (ਪਰਮਾਤਮਾ) ਨੂੰ ਨਿਰਾ ਆਪਣੇ ਸਰੀਰ ਵਿੱਚ ਹੀ ਨਾਹ ਸਮਝੋ, ਉਹ ਸਾਰੇ ਬ੍ਰਹਮੰਡ ਵਿੱਚ ਭੀ ਵੱਸਦਾ ਵੇਖੋ। ਇਹ ਸੂਝ ਸਤਿਗੁਰੂ ਪਾਸੋਂ ਮਿਲਦੀ ਹੈ। ਰਹਾਉ ਦੀ ਪੰਗਤੀ ਵਿੱਚ ਫੁਰਮਾਉਂਦੇ ਹਨ; ਨਾ ਕਛੁ ਆਇਬੋ ਨਾ ਕਛੁ ਜਾਇਬੋ ਰਾਮ ਕੀ ਦੁਹਾਈ। ਪ੍ਰਮਾਤਮਾ ਦਾ ਵਾਸਤਾ ਪਾ ਕੇ ਮੈਂ ਕਹਿਦਾ ਹਾਂ ਕਿ ਬਾਹਰੋਂ ਇਸ ਸੰਸਾਰ ਵਿੱਚ ਕੁੱਝ ਨਹੀਂ ਆਉਂਦਾ ਤੇ ਨਾ ਹੀ ਬਾਹਰ ਕੁੱਝ ਜਾਂਦਾ ਹੈ।
ਹੁਣ ਸਵਾਲ ਪੈਦਾ ਹੁੰਦਾ ਹੈ ਕਿ ਮਰਦਾ ਕੀ? ਇਸ ਬਾਰੇ ਗੁਰਬਾਣੀ ਦਾ ਕੀ ਫੁਰਮਾਣ ਹੈ:
ਪਵਨੈ ਮਹਿ ਪਵਨੁ ਸਮਾਇਆ ॥
ਜੋਤੀ ਮਹਿ ਜੋਤਿ ਰਲਿ ਜਾਇਆ ॥
ਮਾਟੀ ਮਾਟੀ ਹੋਈ ਏਕ ॥
ਰੋਵਨਹਾਰੇ ਕੀ ਕਵਨ ਟੇਕ ॥੧॥
ਕਉਨੁ ਮੂਆ ਰੇ ਕਉਨੁ ਮੂਆ ॥
ਬ੍ਰਹਮ ਗਿਆਨੀ ਮਿਲਿ ਕਰਹੁ ਬੀਚਾਰਾ ਇਹੁ ਤਉ ਚਲਤੁ ਭਇਆ ॥੧॥ ਰਹਾਉ ॥
ਅਗਲੀ ਕਿਛੁ ਖਬਰਿ ਨ ਪਾਈ ॥
ਰੋਵਨਹਾਰੁ ਭਿ ਊਠਿ ਸਿਧਾਈ ॥
ਭਰਮ ਮੋਹ ਕੇ ਬਾਂਧੇ ਬੰਧ ॥
ਸੁਪਨੁ ਭਇਆ ਭਖਲਾਏ ਅੰਧ ॥੨॥
ਇਹੁ ਤਉ ਰਚਨੁ ਰਚਿਆ ਕਰਤਾਰਿ ॥
ਆਵਤ ਜਾਵਤ ਹੁਕਮਿ ਅਪਾਰਿ ॥
ਨਹ ਕੋ ਮੂਆ ਨ ਮਰਣੈ ਜੋਗੁ ॥
ਨਹ ਬਿਨਸੈ ਅਬਿਨਾਸੀ ਹੋਗੁ ॥੩॥
ਜੋ ਇਹੁ ਜਾਣਹੁ ਸੋ ਇਹੁ ਨਾਹਿ ॥
ਜਾਨਣਹਾਰੇ ਕਉ ਬਲਿ ਜਾਉ ॥
ਕਹੁ ਨਾਨਕ ਗੁਰਿ ਭਰਮੁ ਚੁਕਾਇਆ ॥
ਨਾ ਕੋਈ ਮਰੈ ਨ ਆਵੈ ਜਾਇਆ ॥੪॥੧੦॥ ਪੰਨਾ 885, ਮ:5 ॥
ਇਸ ਸਲੋਕ ਦੀਆਂ ਅਖੀਰਲੀਆਂ ਪੰਗਤੀਆਂ ਤੋਂ ਵੀਚਾਰ ਸ਼ੁਰੂ ਕਰਦੇ ਹਾਂ। ਇਸ ਸਲੋਕ ਵਿੱਚ ਗੁਰੂ ਜੀ ਨੇ ਜੰਮਣ-ਮਰਨ ਦੀ ਅਸਲੀਅਤ ਦੱਸ ਕੇ ਸਾਡਾ ਭਰਮ ਖਤਮ ਕਰ ਦਿੱਤਾ ਹੈ ਕਿ ਕੋਈ ਨਾ ਮਰਦਾ ਹੈ, ਨਾ ਕੋਈ ਕਿਤੋਂ ਆਉਂਦਾ ਹੈ ਤੇ ਨਾ ਹੀ ਕੋਈ ਕਿਤੇ ਜਾਂਦਾ ਹੈ। ਇਸ ਸਰੀਰ ਦੇ ਤੱਤ; ਹਵਾ, ਪਾਣੀ, ਅੱਗ (ਗਰਮਾਇਸ਼ ਜੋ ਪੇਟ ਵਿੱਚ ਖਾਣਾ ਪਾ ਲੈਣ ਨਾਲ ਪੈਦਾ ਹੁੰਦੀ ਹੈ) ਮਿੱਟੀ ਤੇ ਅਕਾਸ਼, ਤੱਤਾਂ ਵਿੱਚ ਮਿਲ ਗਏ ਪਰ ਅਸੀਂ ਭਰਮ ਅਤੇ ਮੋਹ ਦੇ ਬੰਧਨ ਵਿੱਚ ਬੱਧੇ ਹੋਏ ਆਪਣੀ ਜੀਵਨ ਲੀਲਾ ਪੂਰੀ ਕਰ ਚੁੱਕੇ ਮਨੁੱਖ ਨੂੰ ਰੋ ਰਹੇ ਹੁੰਦੇ ਹਾਂ ਜਦੋਂ ਕਿ ਕੱਲ੍ਹ ਨੂੰ ਸਾਡੇ ਨਾਲ ਵੀ ਇਹੋ ਕੁੱਝ ਵਾਪਰਨ ਵਾਲਾ ਹੈ। ਰੱਬੀ ਨਿਯਮਾਂ ਨੂੰ ਸਾਹਮਣੇ ਰੱਖ ਕੇ ਵੀਚਾਰ ਕਰੋ ਤੁਹਾਡੇ ਸਾਰੇ ਭੁਲੇਖੇ ਦੂਰ ਹੋ ਜਾਣਗੇ। ਇਹ ਕੁਦਰਤੀ ਨਿਯਮਾਂ ਵਿੱਚ ਪੈਦਾ ਕੀਤਾ ਸੰਸਾਰ ਹੈ ਤੇ ਇਨ੍ਹਾਂ ਹੀ ਨਿਯਮਾਂ ਵਿੱਚ ਅਸੀਂ ਇਥੋਂ ਕੂਚ ਕਰ ਜਾਣਾ ਹੈ। ਕੁਦਰਤੀ ਨਿਯਮ ਸਦਾ ਰਹਿਣ ਵਾਲੇ ਹਨ ਅਤੇ ਜੋ ਕੁੱਝ ਆਪਾਂ ਸਮਝਦੇ ਹਾਂ ਇਹ ਓਹ ਨਹੀਂ। ਜਿਹੜੇ ਇਸ ਸਿਧਾਂਤ ਨੂੰ ਸਮਝਦੇ ਹਨ ਉਨ੍ਹਾਂ ਤੋਂ ਕੁੱਝ ਸਿੱਖੋ! ਪੁਨਰ-ਜਨਮ ਦੇ ਸਿਧਾਂਤ ਦਾ ਇਸ ਸਲੋਕ ਵਿੱਚ ਖੰਡਣ ਕੀਤਾ ਹੈ।
ਪੰਚ ਤਤੁ ਮਿਲਿ ਕਾਇਆ ਕੀਨੀ ॥
ਤਿਸ ਮਹਿ ਰਾਮ ਰਤਨੁ ਲੈ ਚੀਨੀ ॥
ਆਤਮ ਰਾਮੁ ਰਾਮੁ ਹੈ ਆਤਮ ਹਰਿ ਪਾਈਐ ਸਬਦਿ ਵੀਚਾਰਾ ਹੇ ॥੭॥ 1030, ਮ:1 ॥
ਦਰਅਸਲ ਗੁਰੂ ਸਾਹਿਬ ਸਾਨੂੰ ਇਹ ਸਮਝਾਉਣ ਚਾਹੁੰਦੇ ਹਨ ਕਿ ਬੰਦਿਆ ਤੂੰ ਬੰਦੇ ਦਾ ਪੁੱਤ ਬਣ। ਲੋਕ ਸੰਸਾਰਕ ਜ਼ੁਮੇਵਾਰੀ ਤੋਂ ਭੱਜ ਕੇ ਜੰਗਲਾਂ ਬੇਲਿਆਂ ਵਿੱਚ ਰੱਬ ਨੂੰ ਲੱਭਦੇ ਫਿਰਦੇ ਸਨ ਪਰ ਗੁਰੂ ਜੀ ਸਮਝਾਉਂਦੇ ਹਨ ਕਿ ਪੜ੍ਹ ਲਿਖ ਕੇ ਗਿਆਨ ਪ੍ਰਾਪਤ ਕਰਕੇ, ਚੰਗੇ ਕੰਮ ਕਰ ਏਹੀ ਪ੍ਰਮਾਤਮਾ ਨੂੰ ਪਾਉਣਾ ਹੈ। ਇਹ ਹੈ ਸਾਡਾ ਇਸ ਸੰਸਾਰ ਵਿੱਚ ਆਉਣ ਦਾ ਅਸਲ ਮਕਸਦ।
ਜੇ ਮਿਰਤਕ ਕਉ ਚੰਦਨੁ ਚੜਾਵੈ ॥
ਉਸ ਤੇ ਕਹਹੁ ਕਵਨ ਫਲ ਪਾਵੈ ॥
ਜੇ ਮਿਰਤਕ ਕਉ ਬਿਸਟਾ ਮਾਹਿ ਰੁਲਾਈ ॥
ਤਾਂ ਮਿਰਤਕ ਕਾ ਕਿਆ ਘਟਿ ਜਾਈ ॥੩॥
ਕਹਤ ਕਬੀਰ ਹਉ ਕਹਉ ਪੁਕਾਰਿ ॥
ਸਮਝਿ ਦੇਖੁ ਸਾਕਤ ਗਾਵਾਰ ॥
ਦੂਜੈ ਭਾਇ ਬਹੁਤੁ ਘਰ ਗਾਲੇ ॥
ਰਾਮ ਭਗਤ ਹੈ ਸਦਾ ਸੁਖਾਲੇ ॥੪॥੪॥੧੨॥ ਪੰਨਾ 1160, ਮ:5 ॥
ਜੇਕਰ ਮਰੇ ਹੋਏ ਪ੍ਰਾਣੀ ਨੂੰ ਚੰਦਨ ਦੀ ਲੱਕੜੀ, ਜੋ ਬਹੁਤ ਹੀ ਕੀਮਤੀ ਹੈ, ਜਾਂ ਦੇਸੀ ਘੀਓ ਪਾ ਕੇ ਜਲਾਈਏ ਜਿਵੇਂ ਟਕਸਾਲੀਆਂ ਨੇ ਅਖਾੜੇ ਵਾਲੇ ਗੁਰਬਚਨ ਸਿੰਘ ਨੂੰ 18-20 ਪੀਪੇ ਦੇਸੀ ਘਿਓ ਦੇ ਪਾ ਕੇ ਸਾੜਿਆ ਸੀ ਅਤੇ ਨਾਲ ਹੀ ਕੁੰਦਨ ਸਿੰਘ ਨਾਮੀ ਇਕ ਸ਼ਰਧਾਲੂ ਆਤਮ ਹੱਤਿਆ ਕਰ ਗਿਆ ਸੀ ਤਾਂ ਦੱਸੋ ਮਿਰਤਕ ਨੂੰ ਕੀ ਮਿਲਿਆ? ਜੇਕਰ ਮਿਰਤਕ ਨੂੰ ਗੰਦਗੀ ਵਿੱਚ ਸੁੱਟ ਦੇਈਏ ਤਾਂ ਦੱਸੋ ਕਿ ਉਸਦਾ ਕੀ ਘੱਟ ਜਾਵੇਗਾ? ਕਬੀਰ ਜੀ ਦੇ ਇਹ ਸਵਾਲ ਸਾਡੇ ਵਾਸਤੇ ਹਨ। ਕਬੀਰ ਸਾਹਿਬ ਪੁਕਾਰ ਪੁਕਾਰ ਕੇ ਕਹਿ ਰਹੇ ਹਨ; ਐ ਮੂਰਖ ਲੋਕੋ! ਸਮਝੋ ਕੁੱਝ। ਕੀਮਤੀ ਗਹਿਣੇ, ਚੰਦਨ ਦੀ ਲੱਕੜੀ ਅਤੇ ਘਿਓ ਆਦਿਕ ਜਲਾ ਕੇ ਆਪਾਂ ਆਪਣੇ ਘਰਾਂ ਨੂੰ ਬਰਬਾਦ ਕਰ ਰਹੇ ਹਾਂ। ਨਾਲ ਹੀ ਜਵਾਬ ਹੈ ਜਿਨ੍ਹਾਂ ਨੂੰ ਮੇਰੀ ਗੱਲ ਦੀ ਸਮਝ ਪੈ ਗਈ ਉਹ ਸਦਾ ਸੌਖੇ ਰਹਿਣਗੇ। ਇਸਦਾ ਮਤਲਬ ਇਹ ਹੋਇਆ ਕਿ ਕਿਸੇ ਪ੍ਰਾਣੀ ਦੇ ਮਰਨ ਤੋਂ ਬਾਅਦ ਜੋ ਨਹਾਉਣ ਤੇ, ਨਵੇਂ ਕਪੜੇ ਪਾਉਣ ਤੇ, ਅਰਥੀ ਵਾਲੇ ਡੱਬੇ, ਗੁਰਦਵਾਰੇ ਲੰਗਰ ਵਗੈਰਾ ਛਕਾਉਣ ਅਤੇ ਭਾਈਆਂ ਨੂੰ ਅਰਦਾਸ ਕਰਨ ਕਰਾਉਣ ਅਤੇ ਪਾਠ ਕਰਾਉਣ ਲਈ ਦਿੱਤਾ ਜਾਂਦਾ ਹੈ ਉਹ ਬਿਲਕੁਲ ਖੂਹ ਵਿੱਚ ਸੁੱਟਣ ਬਰਾਬਰ ਹੈ। ਗੁਰਬਾਣੀ ਮੁਤਾਬਕ ਜਿਵੇਂ;
ਕਵਨੁ ਨਰਕੁ ਕਿਆ ਸੁਰਗੁ ਬਿਚਾਰਾ ਸੰਤਨ ਦੋਊ ਰਾਦੇ ॥
ਹਮ ਕਾਹੂ ਕੀ ਕਾਣਿ ਨ ਕਢਤੇ ਅਪਨੇ ਗੁਰ ਪਰਸਾਦੇ ॥੫॥
ਅਬ ਤਉ ਜਾਇ ਚਢੇ ਸਿੰਘਾਸਨਿ ਮਿਲੇ ਹੈ ਸਾਰਿੰਗਪਾਨੀ ॥
ਰਾਮ ਕਬੀਰਾ ਏਕ ਭਏ ਹੈ ਕੋਇ ਨ ਸਕੈ ਪਛਾਨੀ ॥੬॥੩॥ ਪੰਨਾ 969, ਭਗਤ ਕਬੀਰ ਜੀ॥
ਜਦੋਂ ਕੋਈ ਨਰਕ-ਸਵਰਗ ਹੈ ਹੀ ਨਹੀਂ ਤਾਂ ਸਾਡੇ ਗੁਰਦਵਾਰਿਆਂ ਵਿੱਚ ਬੈਠੇ ਕਾਬਜ਼ ਲੋਕ ਸਾਡੇ ਕਿਸੇ ਮਰੇ ਹੋਏ ਨੂੰ ਕਿਵੇਂ ਅਰਦਾਸਾਂ ਕਰ ਕਰ ਕੇ ਪ੍ਰਮਾਤਮਾ ਦੇ ਚਰਣਾਂ ਵਿੱਚ ਨਿਵਾਸ ਦੇਈ ਜਾਂਦੇ ਹਨ? ਕੋਈ ਦੱਸ ਸਕਦਾ ਹੈ? ਪੰਡਿਤ ਮੁਲਾਂ ਜੋ ਲਿਖਿ ਦੀਆ ॥ ਛਾਡਿ ਚਲੇ ਹਮ ਕਛੂ ਨ ਲੀਆ ॥੩॥ ਪੰਨਾ 1159॥ ਜੋ ਕੁੱਝ ਵੀ ਪੰਡਿਤ, ਮੁਲਾਂ ਜਾਂ ਕਿਸੇ ਹੋਰ ਦਾ ਲਿਖਿਆ ਹੋਇਆ ਉਹ ਅਸੀਂ ਬਿਲਕੁੱਲ ਛੱਡਣਾ ਹੈ ਇਹ ਸਾਡੇ ਸ਼ਬਦ ਗੁਰੂ ਦਾ ਹੁਕਮ ਹੈ ਇਸ ਕਰਕੇ ਨਾ ਕੋਈ ਧਰਮਰਾਜ ਹੈ, ਨਾ ਕੋਈ ਜਮਦੂਤ, ਨਾ ਆਤਮਾ, ਨਾ ਲੇਖਾ-ਜੋਖਾ, ਨਾ ਸਵਰਗ ਨਾ ਨਰਕ ਆਦਿ।
ਸੰਤਨ ਮੋ ਕਉ ਪੂੰਜੀ ਸਉਪੀ ਤਉ ਉਤਰਿਆ ਮਨ ਕਾ ਧੋਖਾ ॥
ਧਰਮ ਰਾਇ ਅਬ ਕਹਾ ਕਰੈਗੋ ਜਉ ਫਾਟਿਓ ਸਗਲੋ ਲੇਖਾ ॥੩॥ ਪੰਨਾ 614॥
ਧਰਮ ਰਾਇ ਹੈ ਹਰਿ ਕਾ ਕੀਆ ਹਰਿ ਜਨ ਸੇਵਕ ਨੇੜਿ ਨ ਆਵੈ ॥ ਜੋ ਹਰਿ ਕਾ ਪਿਆਰਾ ਸੋ ਸਭਨਾ ਕਾ ਪਿਆਰਾ ਹੋਰ ਕੇਤੀ ਝਖਿ ਝਖਿ ਆਵੈ ਜਾਵੈ ॥੧੭॥ ਪੰਨਾ 555, ਮ:4॥
ਧਰਮ ਰਾਇ ਤਿਨ ਕਾ ਮਿਤੁ ਹੈ ਜਮ ਮਗਿ ਨ ਪਾਵੈ ॥
ਹਰਿ ਨਾਮੁ ਧਿਆਵਹਿ ਦਿਨਸੁ ਰਾਤਿ ਹਰਿ ਨਾਮਿ ਸਮਾਵੈ ॥੧੪॥ ਪੰਨਾ 1091, ਮ:3॥
ਉਪਰਲੀਆਂ ਤਿੰਨਾਂ ਉਦਾਰਹਣਾਂ ਦਾ ਮਤਲਬ ਇਕੋ ਹੈ ਕਿ ਜਿਹੜੇ ਮਨੁੱਖ ਸੱਚਾ-ਸੁਚਾ ਜੀਵਨ ਜਿਉਂਦੇ ਹਨ ਧਰਮ ਰਾਇ ਉਨ੍ਹਾਂ ਦਾ ਮਿਤਰ ਬਣ ਜਾਂਦਾ ਹੈ ਤੇ ਜਮ ਕੁੱਝ ਨਹੀਂ ਕਹਿੰਦੇ। ਚੰਗੇ ਗੁਣਾਂ ਕਰਕੇ ਮੇਰੇ ਮਨ ਦਾ ਭਰਮ ਖਤਮ ਹੋ ਗਿਆ ਹੈ ਅਤੇ ਧਰਮ ਰਾਇ ਦਾ ਪੂਰਾ ਲੇਖਾ-ਜੋਖਾ ਹੀ ਫਾੜ ਦਿੱਤਾ ਗਿਆ ਹੈ ਸਗੋਂ ਸੱਚੇ-ਸੁਚੇ ਜੀਵਨ ਬਿਤਾਉਣ ਵਾਲੇ ਦੀ ਧਰਮ ਰਾਇ ਸੇਵਾ ਕਰਦਾ ਹੈ। ਗੁਰਬਾਣੀ ਮੁਤਾਬਕ ਧਰਮ ਰਾਇ ਵਗੈਰਾ ਵੀ ਨਹੀਂ ਹਨ ਪਰ ਲੋਕਾਂ ਨੂੰ ਸਮਝਾਉਣ ਵਾਸਤੇ ਇਹ ਨਾਮ ਵਰਤੇ ਹਨ। ਇਸ ਨੂੰ ਕਹਿੰਦੇ ਹਨ; “ ਜਾਣੇ ਗਿਆਨ ਰਾਹੀ ਅਣਜਾਣੇ ਗਿਆਨ ਦੀ ਜਾਣਕਾਰੀ ਦੇਣੀ ”। ਅੱਜ-ਕੱਲ੍ਹ ਦੇ ਮਨੋਵਿਗਿਆਨੀ ਵੀ ਇਹ ਤਰੀਕਾ ਵਰਤ ਕੇ ਲੋਕਾਂ ਦਾ ਇਲਾਜ਼ ਕਰਦੇ ਹਨ ਜੋ ਗੁਰੂ ਸਾਹਿਬ 500-600 ਸਾਲ ਪਹਿਲਾਂ ਵਰਤਦੇ ਸਨ।
ਸਿੱਖ ਹੋਣ ਦੇ ਨਾਤੇ ਮੇਰਾ ਫਰਜ਼ ਬਣਦਾ ਹੈ ਕਿ ਗੁਰਮਤਿ ਅਨੁਸਾਰ ਸਾਰੇ ਕ੍ਰਿਆ-ਕਰਮ ਕੀਤੇ ਜਾਣ। ਮੇਰਾ ਭੋਗ ਉਦੋਂ ਪੈ ਗਿਆ ਜਦੋਂ ਮੈਂ ਮਰ ਗਿਆ। ਉਪਰਲੀ ਸਾਰੀ ਲਿਖਤ ਮੁਤਾਬਕ ਮਰਨ ਤੋਂ ਬਾਅਦ ਇਸ਼ਨਾਨ ਕਰਵਾਉਣਾ, ਨਵੇਂ ਕਪੜੇ ਪਾਉਣੇ, ਅਰਦਾਸ ਕਰਾਉਣੀ, ਪਾਠ ਕਰਵਾਉਣਾ, ਲੋਕਾਂ ਨੂੰ ਅੰਨ-ਪਾਣੀ ਛਕਾਉਣਾ ਆਦਿ ਸਭ ਵਿਆਰਥ ਹਨ। ਮੇਰੇ ਸਰੀਰ ਨੂੰ ਮਰਨ ਉਪਰੰਤ ਉਸੇ ਵਕਤ ਜਲਾਉਣ ਲਈ ਭੇਜ ਦਿੱਤਾ ਜਾਵੇ। ਜੇ ਮੁਮਕਿਨ ਹੋਵੇ ਤਾਂ ਕਿਸੇ ਰੀਸਰਚ ਕਰਨ ਵਾਲੇ ਹੱਸਪਤਾਲ ਨੂੰ ਮੇਰੀ ਦੇਹ ਸੌਂਪ ਦਿੱਤੀ ਜਾਵੇ। ਕਿਸੇ ਨੂੰ ਵੀ ਸੱਦਣ-ਸਦਾਉਣ ਤੇ ਦੱਸਣ ਦੀ ਲੋੜ ਨਹੀਂ। ਜੇਕਰ ਪਾਠ ਆਪ ਕਰ ਸਕਦੇ ਹੋ ਤਾਂ ਆਪਣੇ ਲਈ ਕਰੋ ਨਹੀਂ ਤਾਂ ਇਸ ਕੀਤੇ ਪਠ ਦਾ ਫਲ ਜਿਵੇਂ ਅਰਦਾਸੀਏ ਲੋਕ ਕਹਿੰਦੇ ਹਨ; “ਪੜੀ ਸੁਣੀ ਬਾਣੀ ਦਾ ਫਲ ਵਿਛੜੀ ਰੂਹ ਨੂੰ ਪਹੁੰਚਾਉਣਾ”। ਗਲਤ ਹੈ। ਪਤਾ ਨਹੀਂ ਕੌਣ ਤੇ ਕਿਹੜੇ ਡੀ.ਐਚ.ਐਲ. ਰਾਹੀਂ, ਕਿਹੜੇ ਲੈਟਰਬਾਕਸ ਵਿੱਚ ਬੈਠੀ, ਵਿਛੜ ਚੁੱਕੀ ਰੂਹ ਨੂੰ ਪਹੁੰਚਾਉਣਗੇ। ਇਹ ਸਭ ਝੂਠ ਹੈ, ਪੈਸੇ ਬਟੋਰਨ ਦਾ ਤਰੀਕਾ ਹੈ, ਇਸ ਤੋਂ ਬਚੋ ਜੇ ਹੋ ਸਕੇ ਤਾਂ। ਜੇਕਰ ਬੱਚਿਆਂ ਨੇ ਸੇਵਾ ਕੀਤੀ ਹੈ ਤਾਂ ਠੀਕ ਹੈ ਤੇ ਆਪਣੀ ਜਾਇਦਾਦ ਉਨ੍ਹਾਂ ਨੂੰ ਦੇ ਜਾਓ। ਜੇ ਨਹੀਂ ਤਾਂ ਸਾਰੀ ਜਾਇਦਾਦ ਕਿਸੇ ਚੈਰੀਟੀ ਨੂੰ ਦੇਣੀ ਹੀ ਮੁਨਾਸਬ ਹੈ। ਮਰਣ ਤੋਂ ਬਾਅਦ ਕੋਈ ਕਿਸੇ ਦਾ ਨਹੀਂ।
ਨਾਨਕ ਸਤਿਗੁਰੁ ਸੇਵਹਿ ਆਪਣਾ ਸੇ ਜਨ ਸਚੇ ਪਰਵਾਣੁ ॥
ਹਰਿ ਕੈ ਨਾਇ ਸਮਾਇ ਰਹੇ ਚੂਕਾ ਆਵਣੁ ਜਾਣੁ ॥੨॥ ਪੰਨਾ 648, ਮ:3॥
ਹੇ ਨਾਨਕ! ਜੋ ਮਨੁੱਖ ਆਪਣੇ ਸਤਿਗੁਰੂ ਦੀ ਦੱਸੀ ਕਾਰ ਕਰਦੇ ਹਨ ਉਹ ਮਨੁੱਖ ਸੱਚੇ ਤੇ ਕਬੂਲ ਹਨ, ਉਹ ਹਰੀ ਦੇ ਨਾਮ ਵਿੱਚ ਲੀਨ ਰਹਿੰਦੇ ਹਨ ਤੇ ਉਹਨਾਂ ਦਾ ਜੰਮਣਾ ਮਰਣਾ ਮੁੱਕ ਜਾਂਦਾ ਹੈ।
ਗੁਰਚਰਨ ਸਿੰਘ ਜਿਉਣ ਵਾਲਾ # +1647 966 3132
Website: singhsbhacanada.ca , Email: [email protected]
