ਟਾਪਫ਼ੁਟਕਲ

ਰਿਸ਼ਤਿਆਂ ਦੀ ਅਹਿਮੀਅਤ ਸਮਝੋ-ਸੁਖਪਾਲ ਸਿੰਘ ਗਿੱਲ ਅਬਿਆਣਾ ਕਲਾਂ 

ਖੋਖਲੇ ਹੋ ਚੁੱਕੇ ਪੰਜਾਬੀ ਸਮਾਜ ਵਿੱਚ ਰਿਸ਼ਤਿਆਂ ਦੀ ਅਹਿਮੀਅਤ ਸਮਝੋ,ਕਰੋ ਅਤੇ ਰੱਖੋ।ਪੰਜਾਬੀਆਂ ਦਾ ਖਾਸ ਪਹਿਲੂ ਇਹ ਰਿਹਾ ਹੈ ਕਿ ਪੰਜਾਬੀ ਹਮੇਸ਼ਾ ਰਿਸ਼ਤਿਆਂ ਦੀ ਅਹਿਮੀਅਤ ਨੂੰ ਬਣਾਈ ਰੱਖਣ ਵਿੱਚ ਹੀ ਜੀਉਂਦਾ ਮਰਦਾਂ ਰਿਹਾ ਹੈ। ਇਸ ਪ੍ਰਤੀ ਤਰ੍ਹਾਂ ਤਰ੍ਹਾਂ ਦੇ ਸੱਭਿਆਚਾਰ ਵੀ ਕਿਤਾਬਾਂ ਵਿੱਚ ਲਿਖੇ ਗਏ ਹਨ। ਰਿਸ਼ਤਿਆਂ ਨਾਲ ਸੰਬੰਧਿਤ ਲੋਕ ਗੀਤਾਂ ਵਿੱਚ ਵੀ ਰਿਸ਼ਤਿਆਂ ਦੀ ਅਹਿਮੀਅਤ ਮਿਲਦੀ ਹੈ। ਸੁਰਿੰਦਰ ਕੌਰ ਨੇ ਪੁੱਖਤਾ ਕੀਤਾ ਹੈ,”ਸੱਸਾਂ ਦੇਵਣ ਮੱਤਾਂ ਉਮਰ ਸੰਵਾਰਨ ਲਈ” ਪੰਜਾਬੀ ਸਮਾਜ ਵਿੱਚ ਰਿਸ਼ਤੇ ਜਿਉਂਦੇ -ਜਾਗਦੇ, ਬੋਲਦੇ- ਸੁਣਦੇ, ਹੱਸਦੇ- ਖੇਡਦੇ, ਰੋਂਦੇ ਜੰਮਦੇ ਅਤੇ ਲੜਦੇ-ਝਗੜਦੇ ਹੁੰਦੇ ਹਨ। ਅਹਿਮੀਅਤ ਸਭ ਵਿੱਚ ਜ਼ਰੂਰੀ ਹੁੰਦੀ ਹੈ। ਹਰ ਰਿਸ਼ਤੇ ਦਾ ਮਨੋ ਵਿਗਿਆਨਿਕ ਵਿਸ਼ਲੇਸ਼ਣ ਕਰਨਾ ਵੀ ਜ਼ਰੂਰੀ ਹੈ। ਰਿਸ਼ਤਾ ਨਾਤਾ ਪ੍ਰਬੰਧ ਸੰਕਲਪ ਵਿੱਚ ਮਾਨਵੀ ਵਿਗਿਆਨ ਨੇ ਇਸ ਨੂੰ ਮਨੁੱਖ ਦੀ ਸਮਾਜਿਕ ਹੋਂਦ ਵਿੱਚ ਉਸਦੇ ਰਾਹੀਂ ਸਿਰਜੇ ਗਏ ਰਿਸ਼ਤਿਆਂ ਨੂੰ ਪ੍ਰਗਟਾਉਣ ਵਾਲਾ ਮੰਨਿਆ ਹੈ। ਇਹ ਰਿਸ਼ਤੇ ਪ੍ਰਕਿਰਤਕ ਜੀਵ ਵਿਗਿਆਨਕ ਅਤੇ ਸਭਿਆਚਾਰ ਦੇ ਆਧਾਰ ਤੇ ਬਣਾਏ ਗਏ ਹਨ। ਕੁੱਲ ਮਿਲਾ ਕੇ ਰਿਸ਼ਤੇ ਜਿਹੋ ਜਿਹੇ ਮਰਜ਼ੀ ਹੋਣ ਸਮਾਜ ਇਹਨਾਂ ਦੀ ਅਹਿਮੀਅਤ ਜ਼ਰੂਰੀ ਹੋਣੀ ਚਾਹੀਦੀ ਹੈ ਤਾਂ ਹੀ ਆਪਣੀ ਹੋਂਦ ਸੁਖਾਲੀ ਹੋਵੇਗੀ।

 ਵਣ ਮਾਨਸ਼,  ਅਤੇ ਬਾਂਦਰ ਤੋਂ ਲਮਾਰਕ ਦੇ ਸਿਧਾਂਤ ਅਨੁਸਾਰ ਬੰਦਾ ਬਣਿਆ ਸੀ। ਬੰਦਾ ਸਮਾਜ ਸਥਾਪਿਤ ਕਰਨ ਵਿੱਚ ਕਾਮਯਾਬ ਰਿਹਾ। ਇਸ ਦੇ ਨਾਲ ਹੀ ਰਿਸ਼ਤਾ ਨਾਤਾ ਪ੍ਰਣਾਲੀ ਵੀ ਉਜਾਗਰ ਕਰ ਸਕਿਆ।ਸਭ ਕਾਸੇ ਪਿੱਛੇ ਰਿਸ਼ਤਿਆਂ ਦੀ ਅਹਿਮੀਅਤ ਸੀ।ਇਸ ਲਈ ਅੱਜ ਦਾ ਮਨੁੱਖ ਕਈ ਪੈਂਡੇ ਤੈਅ ਕਰਕੇ ਅੱਜ ਦੀ ਸਥਿਤੀ ਚ ਪਹੁੰਚਿਆ ਹੈ ।ਅੱਜ ਦੇ ਆਦਮੀ ਅਤੇ ਸਮਾਜ ਦੀ ਰਿਸ਼ਤਾ ਪ੍ਰਣਾਲੀ ਇਸ ਨੂੰ ਹੋਰ ਵੀ ਸਭਿਅਤਾ ਬਣਾਉਂਦੀ ਹੈ। ਸਾਡੀ ਰੂਹੇ-ਰਵਾਂ-ਰਿਸ਼ਤਾ ਪ੍ਰਣਾਲੀ ਵਿੱਚ ਸੱਭਿਅਤਾ ਤੇ ਸਭਿਆਚਾਰਕ ਲੋਕ ਹੁੰਦੇ ਹਨ। ਰਿਸ਼ਤੇ ਲਹੂ ਵਾਲੇ ਅਤੇ ਬਿਨਾਂ ਲਹੂ ਦੇ ਵੀ ਹੁੰਦੇ ਹਨ। ਰਿਸ਼ਤਾ ਨਾਤਾ ਪ੍ਰਣਾਲੀ ਦਾ ਮਹੱਤਵਪੂਰਨ ਪਹਿਲੂ ਇਹ ਹੈ, ਕਿ ਇਹਨਾਂ ਚ ਹਰ ਸਕੇ ਸਬੰਧੀ ਦਾ ਨਿਵੇਕਲਾ ਪਿਆਰ ਅਤੇ ਸਤਿਕਾਰ ਵੱਖ ਵੱਖ  ਨਿਸ਼ਚਿਤ ਬੌਧਕ ਸ਼ਬਦਾਂ ਤੋਂ ਪ੍ਰਗਟ ਹੁੰਦਾ ਹੈ ਲਿੰਗ ਅਤੇ ਇਸਦੀ ਲਿੰਗ ਅਤੇ ਇਸਤਰੀ ਲਿੰਗ ਆਧਾਰਤ ਰਿਸ਼ਤੇ ਸਮਾਜ ਚ ਵੱਖ ਵੱਖ ਪ੍ਰਭਾਵ ਪਾਉਂਦੇ ਹਨ ਇਹਨਾਂ ਦੀ ਦਾਸਤਾਨ ਵਿੱਚ ਕਈ ਵਾਰ ਲਹੂ ਵਾਲੇ ਰਿਸ਼ਤੇ ਤੇ ਬਿਨਾਂ ਲਹੂ ਦੇ ਰਿਸ਼ਤੇ ਮਿਲਦੇ ਹਨ।
ਰਿਸ਼ਤਾ ਨਾਤਾ ਪ੍ਰਣਾਲੀ ਦੀ ਅਹਿਮੀਅਤ ਤੋਂ ਬਿਨਾਂ ਨਿਰਜੀਵ ਹੀ ਹੋ ਜਾਂਦੀ ਹੈ। ਰਿਸ਼ਤੇ, ਸਮਾਜ ਅਤੇ ਅਹਿਮੀਅਤ ਦੀ ਹਮੇਸ਼ਾ ਹੀ ਜਿਸਮ ਰੂਹ ਵਰਗੀ ਸੁਮੇਲਤਾ ਰਹੀ ਹੈ। ਨੁਕਰੇ ਲੱਗੇ ਬਜ਼ੁਰਗਾਂ ਨੂੰ ਤੜਫਦੇ ਨੂੰ ਜੇ ਕੋਈ ਵੀ ਨਹੀਂ ਪੁੱਛਦਾ ਤਾਂ ਉਥੇ ਰਿਸ਼ਤੇ ਦੀ ਕਸੌਟੀ ਤੇ ਅਹਮੀਅਤ ਦਰਕਿਨਾਰ ਹੋ ਜਾਂਦੀ ਹੈ। ਹਰ ਰਿਸ਼ਤੇ ਦੀ ਰਿਸ਼ਤੇ ਪੱਖੋਂ ਅਤੇ ਸੱਭਿਅਤਾ ਪੱਖੋਂ ਵੱਧ ਤੋਂ ਵੱਧ ਅਹਿਮੀਅਤ ਹੁੰਦੀ ਹੈ। ਹੁਣ ਦੇ ਸਮੇਂ ਦੇਖਿਆ ਗਿਆ ਹੈ ਕਿ ਸਭਿਅਤਾ ਪੱਖ ਨਾਲੋਂ ਰਿਸ਼ਤੇ ਦੇ ਪੱਖ, ਰਿਸ਼ਤੇ ਦੇ ਪੱਖ ਨਾਲੋਂ ਸੱਭਿਆਚਾਰਕ ਪੱਖ, ਸਭਿਆਚਾਰਕ ਪੱਖ ਨਾਲੋਂ ਲਾਲਚ ਪ੍ਸਤੀ  ਹੁੰਦੀ ਹੈ।ਸੱਭਿਅਤਾ ਰਿਸ਼ਤਾ ਅਹਿਮੀਅਤ ਇੱਕਾ ਦੁੱਕਾ ਹੀ ਰਹਿ ਗਈ ਹੈ।ਸਮਾਜ ਵਿੱਚ ਰਹਿੰਦਿਆਂ ਸਭ ਇੱਛਾਵਾਂ ਸਹੀ ਹਨ। ਪਰ ਕਿਸੇ ਰਿਸ਼ਤੇ ਨੂੰ ਦੁਖੀ ਕਰਕੇ ਨਾ ਹੀ ਹੋਣ ਤਾਂ ਚੰਗਾ ਹੁੰਦਾ ਹੈ।ਰਿਸ਼ਤਿਆਂ ਦੀ ਅਹਿਮੀਅਤ ਜੀਵਨ ਲਈ ਹੁੰਦੀ ਹੈ। ਲਾਲਚ ਅਤੇ ਦਿਖਾਵੇ ਦੇ ਲਈ ਨਹੀਂ ਹੁੰਦੀ। ਘਰ ਚਲਾਉਣ ਅਤੇ ਰਿਸ਼ਤੇ ਨਿਭਾਉਣ ਲਈ ਸਹੀ ਸੰਸਕਾਰ ਸੱਭਿਅਤਾ ਦੀ ਲੋੜ ਹੁੰਦੀ ਹੈ। ਕਿਸੇ ਕਾਨੂੰਨ ਦੀ ਲੋੜ ਨਹੀਂ ਹੁੰਦੀ। ਰਿਸ਼ਤਾ ਵੱਡਮੁੱਲੀ ਦਾਤ ਹੈ, ਜੋ ਸਮਾਜ ਸਾਨੂੰ ਦਿੰਦਾ ਹੈ ਪਰ ਜੋ ਇਸਨੂੰ ਅਹਿਮੀਅਤ ਸਮਝ ਕੇ ਵਿਸ਼ਵਾਸ ਕਰਦਾ ਹੈ ਉਹ ਇਸ ਤੋਂ ਵੀ ਵਡਮੁੱਲਾ ਹੈ। ਬਦ-ਇੰਤਜਾਮੀ ਹੈ ਕਿ ਸਭਿਅਤਾ ਅਤੇ ਸਮਾਜੀਕਰਨ ਤੋਂ ਬਿਨਾਂ ਰਿਸ਼ਤੇ ਨਿਭਾਉਣ ਦੀ ਦਸ਼ਾ ਨਾਲ ਰਿਸ਼ਤਾ ਨਾਤੇ ਦੀ ਅਹਿਮੀਅਤ ਦਰਕਿਨਾਰ ਹੁੰਦੀ ਹੈ। ਪੰਜਾਬੀ ਸਮਾਜ ਵਿੱਚ ਇਹ ਸਮਾਜਿਕ ਕਲੰਕ ਹੈ।
         ਰਿਸ਼ਤੇ ਸਮਾਜਿਕ, ਸਭਿਆਚਾਰਕ, ਆਰਥਿਕ ਵਿਦਿਅਕ ਵਗੈਰਾ ਵਗੈਰਾ ਹੁੰਦੇ ਹਨ। ਸਭ ਤੋਂ ਉੱਤਮ ਜੀਵ ਵਿਗਿਆਨਕ ਖੂਨ ਦੇ ਰਿਸ਼ਤੇ ਹੋਣ ਕਰਕੇ ਇਹਨਾਂ ਦੀ ਅਹਿਮੀਅਤ ਵੱਧ ਹੁੰਦੀ ਹੈ। ਇੱਕ ਹੋਰ ਰਿਸ਼ਤੇ ਕਿਤਾਬ ਦਾ ਪੰਨਾ ਹਨ ਉਹ ਇਹ ਹਨ ਜੋ ਜੀਵਨ ਨੂੰ ਪਹਿਲੀ ਕਿਲਕਾਰੀ ਹੋਣ ਤੋਂ ਕਬਰ ਤੱਕ ਲੈ ਕੇ ਜਾਂਦਾ ਸੀ। ਦਾਈ, ਨਾਈ, ਭਾਈ, ਦਾਈ ਜਨਮ ਸਮੇਂ ਨਾਈ ਵਿਆਹ ਸਮੇਂ ਅਤੇ ਭਾਈ ਮਰਨ ਵੇਲੇ ਨਾਲ ਖੜ੍ਹਦੇ ਸਨ। ਹੁਣ ਇਹ ਰਿਵਾਜ਼ ਘੱਟ ਗਿਆ ਹੈ।ਇਹਨਾਂ ਸੱਭਿਆਚਾਰਕ ਅਤੇ ਸਮਾਜ ਬਦਲ ਦੇ ਰਹਿਣ ਵਾਲਾ ਵਿਸ਼ਾਲ ਵਰਤਾਰਾ ਹੈ ਪਰ ਇਸ ਦੀ ਸੀਮਾ ਨਿਸ਼ਚਿਤ ਨਹੀਂ ਹੋ ਸਕਦੀ ਜਦੋਂ ਕਿ ਇਸ ਰਿਸ਼ਤੇ-ਨਾਤੇ ਪ੍ਰਣਾਲੀ ਦੀ ਸੀਮਾਂ ਨਿਰਧਾਰਤ ਹੈ। ਹਾਂ, ਇੱਕ ਗੱਲ ਹੋਰ ਵੀ ਹੈ ਰਿਸ਼ਤੇ-ਨਾਤੇ ਨੂੰ ਅਹਿਮੀਅਤ ਪੱਖੋਂ ਸਮੇਂ ਦਾ ਹਾਣੀ ਤਾਂ ਬਣਾਇਆ ਜਾ ਸਕਦਾ ਹੈ ਪਰ ਅਣਦੇਖੀ ਨਹੀਂ ਕੀਤੀ ਜਾ ਸਕਦੀ। ਸਮਾਜ ਵਿੱਚ ਮਚੀ ਪਦਾਰਥਵਾਦ ਦੀ ਆਪੋ-ਧਾਪੀ ਨੇ ਅੱਜ ਦੇ ਰਿਸ਼ਤੇ ਨਿਖੇੜ ਕੇ ਰੱਖ ਦਿੱਤੇ ਹਨ। ਘਰਾਂ ਵਿੱਚ ਉਹ ਪਿਆਰ ਨਹੀਂ ਰਿਹਾ ਜੋ ਸਾਂਝੇ ਪਰਿਵਾਰਾਂ ਵਿੱਚ ਰਿਸ਼ਤਿਆਂ ਦੀ ਅਹਿਮੀਅਤ ਲਈ ਹੁੰਦਾ ਸੀ। ਹੁਣ ਤਾਂ ਸਾਂਝੇ ਪਰਿਵਾਰ ਨਹੀਂ ਰਹੇ ਇਸ ਨੇ ਰਿਸ਼ਤੇ ਦੀ ਅਹਿਮੀਅਤ ਨੂੰ ਸੱਟ ਮਾਰੀ ਹੈ। ਇੱਕ ਹੋਰ ਗੱਲ ਵੀ ਹੈ ਪੈਸੇ ਨਾਲ ਪਿਆਰ, ਸਕੂਨ ਅਤੇ ਰਿਸ਼ਤਾ ਨਹੀਂ ਖਰੀਦਿਆ ਜਾ ਸਕਦਾ, ਇਹ ਅੰਦਰੋਂ ਉਪਜੇ ਬਲਬਲੇ ਹੁੰਦੇ ਹਨ। ਅਜੋਕੇ ਦੌਰ ਵਿੱਚ ਰੱਖੜੀਆਂ ਅਤੇ ਕਿੱਕਲੀਆਂ ਵੀ ਰਿਸ਼ਤੇ ਦੀ ਅਹਿਮੀਅਤ ਨਹੀਂ ਸਮਝਦੀਆਂ। ਬਲਕਿ ਰਿਸ਼ਤੇ ਨਾਤਿਆਂ ਵਿੱਚ ਪਿਆਰ ਭਾਵਨਾ ਨਹੀਂ ਰਹੀ ਅਤੇ ਰਿਸ਼ਤੇ ਦੀ ਅਹਿਮੀਅਤ ਵਾਲੀ ਪਹੁੰਚ ਨੂੰ ਘਸਮੰਡਿਆ ਜਾ ਚੁੱਕਾ ਹੈ।
ਪੰਜਾਬ ਅਤੇ ਪੰਜਾਬੀ ਭਾਸ਼ਾ ਵਿੱਚ ਰਿਸ਼ਤੇ ਦੀ ਅਹਿਮੀਅਤ ਅਤੇ ਸਤਿਕਾਰ ਬਹੁਤ ਵੱਧ ਹੁੰਦਾ ਸੀ। ਇਸ ਦਾ ਪਹਿਲਾ ਦੁਸ਼ਮਣ ਅੱਜ ਦੇ ਸਮੇਂ ਸੋਸ਼ਲ ਮੀਡੀਆ ਹੈ। ਦੂਰ ਵਾਲੇ ਨੇੜੇ ਅਤੇ ਨੇੜੇ ਵਾਲੇ ਦੂਰ ਹੋ ਗਏ ਹਨ। ਰਿਸ਼ਤੇਦਾਰੀਆਂ ਚ ਜਾਵਾਂਗੇ ਮੋਬਾਈਲ ਫੋਨ ਖੋਲ ਕੇ ਵੇਖੀ ਜਾਵਾਂਗੇ। ਇਸਦਾ ਪ੍ਰਭਾਵ ਬਹੁਤ ਹੀ ਬੁਰਾ ਪੈਂਦਾ ਹੈ। ਦੇਸੀ ਟੱਟੂ ਖੁਰਾਸਾਨੀ ਦੁਲੱਤੇ ਵਾਲਿਆਂ ਨੇ ਵੀ ਭਾਸ਼ਾ  ਨਾਲ ਰਿਸ਼ਤਿਆਂ ਦਾ ਨਾਸ ਮਾਰਿਆ ਪਿਆ ਹੈ। ਦਾਦੇ, ਚਾਚੇ, ਤਾਏ, ਮਾਮੇ, ਫੁੱਫੜ ਆਦਿ ਗੁਆਚੇ ਜਾ ਰਹੇ ਹਨ। ਜ਼ਬਾਨ ਰਾਹੀਂ ਰਿਸ਼ਤਾ ਹੀ ਨਾ ਸਾਂਭੋ,ਅਹਿਮੀਅਤ ਪਹਿਲਾਂ ਜ਼ਰੂਰੀ ਹੈ।ਇਸ ਤੋਂ ਸਪੱਸ਼ਟ ਹੈ ਕਿ ਜਦੋਂ ਰਿਸ਼ਤੇ ਦੀ ਕਿਸਮ ਦਾ ਹੀ ਪਤਾ ਨਹੀਂ ਹੈ ਤਾਂ ਅਹਿਮੀਅਤ ਅਤੇ ਸਤਿਕਾਰ ਕਿਸ ਤਰ੍ਹਾਂ ਮਿਲੂ। ਹੋਰ ਵੀ ਸਪੱਸ਼ਟ ਹੈ ਕਿ ਪੱਛਮੀਕਰਨ ਵਿੱਚ ਰਿਸ਼ਤੇਦਾਰ ਵੀ ਭਾਰੂ ਨਹੀਂ ਹਨ। ਪੰਜਾਬੀ ਚ ਚਾਚਾ, ਤਾਇਆ, ਮਾਮਾ, ਭੂਆ, ਮਾਸੀ, ਭੈਣ, ਭਣੋਈਆ ਵਗੈਰਾ ਵਗੈਰਾ ।ਸਭ  ਮੂੰਹੋਂ ਬੋਲਣ ਲਾਉਂਦੇ ਨੇ ਇਸ ਪ੍ਰਤੀ ਡਾਕਟਰ ਸੁਰਜੀਤ ਪਾਤਰ ਨੇ, “ਮਰ ਰਹੀ ਮੇਰੀ ਭਾਸ਼ਾ” ਕਵਿਤਾ ਵਿੱਚ ਸਿਰੇ ਤੇ ਗੰਢ ਮਾਰੀ।  “ਮਰ ਰਹੀ ਹੈ ਮੇਰੀ ਭਾਸ਼ਾ, ਮਰ ਰਹੀ ਹੈ ਮੇਰੀ ਭਾਸ਼ਾ ਸ਼ਬਦ-ਸ਼ਬਦ, ਮਰ ਰਹੀ ਮੇਰੀ ਭਾਸ਼ਾ ਵਾਕ ਵਾਕ,ਅੰਮੀ ਤੇ ਅੱਬਾ ਵੀ ਨਹੀਂ ਰਹੇ, ਬੀਜੀ ਤੇ ਭਾਪਾ ਜੀ ਦੀ ਤੁਰ ਗਏ,ਦਦੇਸਾਂ, ਫਫੇਸਾਂ, ਮਮੇਸਾਂ ਦੀ ਛੱਡੋ, ਕਿੰਨੇ ਰਿਸ਼ਤੇ ਆਂਟੀ ਤੇ ਅੰਕਲ ਨੇ ਕਰ ਦਿੱਤੇ ਹਾਲੋ-ਬੇਹਾਲ,ਨਾਲ ਕਰ ਰਿਹਾ ਸੀ,ਪੰਜਾਬ ਦੇ ਵਿਹੜੇ ਵਿੱਚ ਇੱਕ ਛੋਟਾ ਜਿਹਾ ਲਾਲ,ਪਾਪਾ ਆਪਣੇ ਟ੍ਰੀ ਤੇ ਸਾਰੇ ਲੀਵਜ਼ ਕਰ ਰਹੇ ਨੇ ਫਾਲ” ਪਿਓ ਕਹਿੰਦਾ ਮੈਂ ਵੀ ਵੈਰੀ ਬਣ ਜਾਵਾਂ ਉਸ ਦਾ ਉੱਤਰ ਸੀ, “ਹਾਂ ਬੇਟਾ ਸਾਰੇ ਲੀਵਜ਼ ਕਰ ਰਹੇ ਨੇ ਫਾਲ” ਲੱਖ ਕੋਸ਼ਿਸ਼ਾਂ ਹੋਣ ਪਰ ਪੰਜਾਬੀਆਂ ਦੇ ਰਿਸ਼ਤੇ  ਕਦੇ ਖਤਮ ਨਹੀਂ ਹੋਣਗੇ। ਪੰਜਾਬੀਆਂ ਵਿੱਚ ਮਾਮਾ, ਤਾਇਆ,ਚਾਚਾ, ਮਾਮੀ, ਮਾਸੀ, ਭੈਣਾਂ, ਭਣੋਈਆ ਰਹਿਣਗੇ, ਪਰ ਜਿਸ ਤਰ੍ਹਾਂ ਦੀ ਅਹਿਮੀਅਤ ਰਿਸ਼ਤਿਆਂ ਵਿੱਚ ਘੱਟਦੀ ਜਾ ਰਹੀ ਹੈ। ਇਸ ਤੋਂ ਲਗਾਤਾਰ ਗਿਰਾਵਟ ਜਾਰੀ ਰਹੇਗੀ।ਇਸ ਨਾਲ ਪੰਜਾਬੀਆਂ ਦੀ ਰੂਹ ਦੀ ਖੁਰਾਕ ਮੁੱਕੇਗੀ।ਪਰ ਇੱਕ ਮੌਕਾ ਰਿਸ਼ਤਿਆਂ ਦੀ ਅਹਿਮੀਅਤ ਨੂੰ ਬਰਕਰਾਰ ਰੱਖਣ ਲਈ ਵੀ ਗੂੰਜਦਾ ਰਹੇਗਾ, “ਵਫਾ ਦੇ ਵਾਅਦੇ, ਇਹ ਅਹਿਦ ਇਸਦੇ ਰਹੀ ਨਾ, ਸ਼ਿੱਦਤ ਤਾਂ ਫਿਰ ਕਾਹਦੇ, ਇਹ ਰੀਤਾਂ ਰਸਮਾਂ ਇਹ ਕੋਲ ਕਸਮਾਂ, ਤੂੰ ਸਿਦਤਾਂ ਦੇ ਅਧੀਨ ਰੱਖੀ” ਹਾਂ ਇੱਕ ਗੱਲ, ਹੋਰ ਵੀ ਹੈ ਅਸੀਂ ਜੇ ਰਿਸ਼ਤੇ ਦੀ ਅਹਿਮੀਅਤ ਨੂੰ ਪਾਸੇ ਕਰਕੇ ਉਸਦਾ ਸਤਿਕਾਰ ਨਹੀਂ ਕਰਦੇ ਤਾਂ ਮਨ ਤੇ ਬਹੁਤ  ਬੋਝ ਜ਼ਰੂਰ ਹੀ ਬਣਿਆ ਰਹਿੰਦਾ ਹੈ। ਕਈ ਵਾਰ ਰਿਸ਼ਤੇ ਦੇ ਇਸ ਦੁਨੀਆਂ ਤੋਂ ਵਿਛੜਨ ਤੋਂ ਬਾਅਦ ਪਿਛਲਿਆਂ ਨੂੰ ਆਪਣੀ ਕਰਤੂਤਾਂ ਅਤੇ ਸਮਾਜ ਵਿੱਚ  ਅੰਦਰੂਨੀ ਆਤਮਾ ਹੀ ਮਾਰ ਦਿੰਦੀ ਹੈ।
        ਰਿਸ਼ਤਿਆਂ ਦੀ ਅਹਮੀਅਤ ਦਾ ਇੱਕ ਪੱਖ ਇਹ ਵੀ ਸੀ ਕਿ ਸਾਡੇ ਰਿਵਾਜ਼ ਹੈ ਕਿ ਵਿਆਹ ਤੋਂ ਇੱਕ ਦਿਨ ਪਹਿਲਾਂ ਦੋਵੇਂ ਮੁੰਡੇ ਤੇ ਕੁੜੀ ਵਾਲੇ ਜਾਗੋ ਕੱਢਦੇ ਹਨ। ਇਸਦਾ ਮਤਲਬ ਇਹ ਸੀ ਕਿ ਨਾਨਕਿਆਂ ਵਾਲਿਆਂ ਦੇ ਜਾਗਦੇ ਰਹਿਣ ਦਾ ਸੱਭਿਆਚਾਰਕ ਹੋਕਾ ਦਿੰਦੇ ਸੀ। ਇਸ ਨਾਲ ਨਾਨਕਿਆਂ ਦੀ ਅਹਿਮੀਅਤ ਬਹੁਤ ਵਾਧੀ ਸੀ। ਹੁਣ ਤਾਂ ਜਾਗੋ ਨੂੰ ਨਾਨਕਿਆਂ ਤੋਂ ਇਲਾਵਾ ਹੋਰ ਰਿਸ਼ਤੇ ਵੀ ਚੁੱਕੀ ਫਿਰਦੇ ਹਨ। ਇਸਤੋਂ ਇਲਾਵਾ ਬਿਰਧ ਆਸ਼ਰਮ ਰਿਸ਼ਤਿਆ ਨੂੰ ਖਤਮ ਸਮਝਣ ਵਿੱਚ ਕਾਫ਼ੀ ਹਨ।ਇਸ ਨਾਲ ਭਵਿੱਖ ਚ ਰਿਸ਼ਤੇ ਦੀ ਖੁਸ਼ਬੂ ਖਤਮ ਹੋ ਜਾਵੇਗੀ।ਸਾਡੇ ਸਮਾਜ ਦੀ ਅੱਜ ਇਹ ਤ੍ਰਾਸਦੀ ਹੈ ਕਿ ਅਸੀਂ ਆਪਣੇ ਰਿਸ਼ਤੇ ਭੁਲਾ ਕੇ ਇਹਨਾਂ ਦੀ ਅਹਿਮੀਅਤ ਘਸਾ ਤੇ ਘਟਾ ਦਿੱਤੀ ਹੈ। ਸਾਨੂੰ ਲੋੜ ਹੈ ਰਿਸ਼ਤਿਆਂ ਦੀ ਅਹਿਮੀਅਤ ਸਮਝ ਕੇ ਇਹਨਾਂ ਨਾਲ ਵਰਤਾਓ ਕਰਨ ਦੀ ਤਾਂ ਜੋ ਸਾਡੀਆਂ ਬਰੂਹਾਂ ਤੇ ਦੁਬਾਰੇ ਸੱਭਿਆਚਾਰ ਗੂੰਜਦਾ ਦਿਖੇ। ਰਿਸ਼ਤਿਆਂ ਦੀ ਅਹਿਮੀਅਤ ਸਮਝਣਾ ਪੰਜਾਬ ਦੀ ਰੂਹ-ਏ- ਰਵਾਂ ਰਹੀ ਹੈ। ਇਸ ਲਈ ਇਸ ਵਿਸ਼ੇ ਨੂੰ ਸਮਝਣਾ ਅਤੇ ਵਿਵਹਾਰ ਕਰਨਾ ਮਨੁੱਖਤਾ ਦੀ ਕਚਹਿਰੀ ਵਿੱਚ ਲੰਬਿਤ ਪਿਆ ਹੈ।
ਸੁਖਪਾਲ ਸਿੰਘ ਗਿੱਲ ਅਬਿਆਣਾ ਕਲਾਂ
9878111445

Leave a Reply

Your email address will not be published. Required fields are marked *