ਟਾਪਪੰਜਾਬ

ਸਰਕਾਰੀ ਹਸਪਤਾਲਾਂ ਨਿੱਜੀ ਕੰਪਨੀਆਂ ਨੂੰ ਸੌਂਪਣ ਦੇ ਲੋਕ ਵਿਰੋਧੀ ਰਾਹ ਉਤੇ ਤੁਰੀ ਭਗਵੰਤ ਮਾਨ ਸਰਕਾਰ: ਬਲਬੀਰ ਸਿੱਧੂ

ਐਸ.ਏ.ਐਸ ਨਗਰ, 7 ਨਵੰਬਰ: ਪੰਜਾਬ ਦੇ ਸਾਬਕਾ ਸਿਹਤ ਮੰਤਰੀ ਤੇ ਸੀਨੀਅਰ ਕਾਂਗਰਸੀ ਆਗੂ ਬਲਬੀਰ ਸਿੰਘ ਸਿੱਧੂ ਨੇ ਸੂਬਾ ਸਰਕਾਰ ਵਲੋਂ ਸਰਕਾਰੀ ਹਸਪਤਾਲਾਂ ਨੂੰ ਪ੍ਰਾਈਵੇਟ ਕੰਪਨੀਆਂ ਨੂੰ ਸੌਂਪਣ ਦਾ ਤਿੱਖਾ ਵਿਰੋਧ ਕਰਦਿਆਂ ਕਿਹਾ ਹੈ ਕਿ ‘ਆਮ ਆਦਮੀ ਕਲਿਨਕਾਂ’ ਰਾਹੀ ਲੋਕਾਂ ਦੇ ਦਰਾਂ ਉਤੇ ਮਿਆਰੀ ਸਿਹਤ ਸਹੂਲਤਾਂ ਪ੍ਰਦਾਨ ਕਰਨ ਦੀ ਗਰੰਟੀ ਦੇਣ ਵਾਲੀ ਭਗਵੰਤ ਮਾਨ ਸਰਕਾਰ ਸਿਹਤ ਵਿਭਾਗ ਦੇ ਬਣੇ ਬਣਾਏ ਸਮੁੱਚੇ ਢਾਂਚੇ ਨੂੰ ਨਿੱਜੀ ਕੰਪਨੀਆਂ ਨੂੰ ਸੌਂਪਣ ਦੇ ਲੋਕ-ਵਿਰੋਧੀ ਰਾਹ ਉਤੇ ਤੁਰ ਪਈ ਹੈ।
ਸ਼੍ਰੀ ਸਿੱਧੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪਹਿਲੇ ਗੇੜ ਵਿਚ ਰਾਜਪੁਰਾ, ਮੋਗਾ, ਫਿਰੋਜ਼ਪੁਰ ਅਤੇ ਅਤੇ ਮੂਨਕ ਦੇ ਹਸਪਤਾਲਾਂ ਨੂੰ ਪ੍ਰਾਈਵੇਟ ਹੱਥਾਂ ਵਿਚ ਸੌਂਪਣ ਦਾ ਮੁੱਢਲਾ ਅਮਲ ਪੂਰਾ ਕਰ ਲਿਆ ਹੈ। ਉਹਨਾਂ ਕਿਹਾ ਕਿ ਉਸ ਤੋਂ ਬਾਅਦ ਹੌਲੀ ਹੌਲੀ ਸਾਰੇ ਸਰਕਾਰੀ ਹਸਪਤਾਲਾਂ ਨੂੰ ਨਿੱਜੀ ਕੰਪਨੀਆਂ ਨੂੰ ਦੇ ਦਿਤਾ ਜਾਵੇਗਾ।
ਸ਼੍ਰੀ ਸਿੱਧੂ ਨੇ ਕਿਹਾ ਕਿ ਸਰਕਾਰ ਦੇ ਇਸ ਫੈਸਲੇ ਨਾਲ ਸਮਾਜ ਦਾ ਗਰੀਬ ਤਬਕਾ ਸਰਕਾਰੀ ਹਸਪਤਾਲਾਂ ਵਿਚ ਮਿਲਦੀਆਂ ਨਿਗੂਣੀਆਂ ਸਿਹਤ ਸਹੂਲਤਾਂ ਤੋਂ ਵੀ ਵਾਂਝਾ ਹੋ ਜਾਵੇਗਾ। ਉਹਨਾਂ ਕਿਹਾ ਕਿ ਸੂਬੇ ਵਿਚ ਪਹਿਲਾਂ ਚੱਲ ਰਹੇ ਪ੍ਰਾਈਵੇਟ ਹਸਪਤਾਲਾਂ ਵਾਂਗ ਇਹ ਹਸਪਤਾਲ ਵੀ ਸਿਰਫ਼ ਅਮੀਰ ਲੋਕਾਂ ਲਈ ਹੀ ਰਹਿ ਜਾਣਗੇ। ਉਹਨਾਂ ਕਿਹਾ ਕਿ ਇਸ ਤੋਂ ਬਿਨਾਂ ਪ੍ਰਾਈਵੇਟ ਕੰਪਨੀਆਂ ਨੇ ਇਹਨਾਂ ਹਸਪਤਾਲਾਂ ਵਿਚ ਸੂਬਾ ਸਰਕਾਰ ਤੇ ਕੇਂਦਰ ਸਰਕਾਰੀ ਦੀ ਕਿਸੇ ਸਕੀਮ ਨੁੰ ਵੀ ਲਾਗੂ ਨਹੀਂ ਕਰਨਾ।
ਕਾਂਗਰਸੀ ਆਗੂ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਸਰਕਾਰੀ ਹਸਪਤਾਲਾਂ ਦਾ ਨਿੱਜੀਕਰਨ ਦਾ ਅਮਲ ਇਹਨਾਂ ਹਸਪਤਾਲਾਂ ਵਿਚ ਪ੍ਰਾਈਵੇਟ ਲੈਬਾਰਟਰੀਆਂ ਨੂੰ ਲਿਆ ਕੇ ਸ਼ੁਰੂ ਕਰ ਦਿੱਤਾ ਸੀ। ਉਹਨਾਂ ਕਿਹਾ ਕਿ ਉਸ ਤੋਂ ਬਾਅਦ ਸਰਕਾਰੀ ਹਸਪਤਾਲਾਂ ਵਿਚ ਵੱਖ ਵੱਖ ਬਿਮਾਰੀਆਂ ਦੇ ਸਪੈਸ਼ਲਿਸਟ ਡਾਕਟਰਾਂ ਦੀ ਖੁਦ ਭਰਤੀ ਕਰਨ ਦੀ ਥਾਂ ਪ੍ਰਾਈਵੇਟ ਪ੍ਰੈਕਟਿਸ ਕਰ ਰਹੇ ਸਪੈਸ਼ਲਿਸਟ ਡਾਕਟਰਾਂ ਨੂੰ ਸਰਕਾਰੀ ਹਸਪਤਾਲਾਂ ਵਿਚ ਮਰੀਜ਼ ਵੇਖਣ ਦੀ ਸਕੀਮ ਬਣਾਈ।। ਉਹਨਾਂ ਹੋਰ ਕਿਹਾ ਕਿ ਹੁਣ ਤਾਂ ਸਰਕਾਰੀ ਹਸਪਤਾਲਾਂ ਨੂੰ ਹੀ ਨਿੱਜੀ ਕੰਪਨੀਆਂ ਨੂੰ ਸੌਂਪ ਕੇ ਲੋਕਾਂ ਨੂੰ ਸਸਤੇ ਰੇਟਾਂ ਉਤੇ ਮਿਆਰੀ ਸਹੂਲਤਾਂ ਪ੍ਰਾਦਾਨ ਕਰਨ ਦੇ ਆਪਣੇ ਮੁੱਢਲੇ ਫ਼ਰਜ਼ ਅਤੇ ਦਾਅਵਿਆਂ ਤੋਂ ਭੱਜ ਰਹੀ ਹੈ।।
ਸ਼੍ਰੀ ਸਿੱਧੂ ਨੇ ਕਿਹਾ ਕਿ ਸੂਬੇ ਦੇ ਸਿਹਤ ਮੰਤਰੀ ਇਸ ਦਾਅਵੇ ਵਿਚ ਕੋਈ ਦਮ ਨਹੀਂ ਹੈ ਕਿ ਪ੍ਰਾਈਵੇਟ ਕੰਪਨੀਆਂ ਨੂੰ ਦਿੱਤੇ ਗਏ ਸਰਕਾਰੀ ਹਸਪਤਾਲਾਂ ਵਿਚ ਵੀ ਲੋਕਾਂ ਨੂੰ ਪਹਿਲਾਂ ਵਾਲੀਆਂ ਸਹੂਲਤਾਂ ਮਿਲਦੀਆਂ ਰਹਿਣਗੀਆਂ। ਉਹਨਾਂ ਉਦਾਹਰਣ ਦਿੰਦਿਆਂ ਕਿਹਾ ਕਿ ਅਕਾਲੀ ਸਰਕਾਰ ਨੇ ਮੈਕਸ ਕੰਪਨੀ ਨੂੰ ਮੋਹਾਲੀ ਅਤੇ ਬਠਿੰਡਾ ਵਿਚ ਇਹ ਕਹਿ ਕੇ ਹੀ ਸਰਕਾਰੀ ਜ਼ਮੀਨਾਂ ਕੌਡੀਆਂ ਦੇ ਭਾਅ ਦਿੱਤੀਆਂ ਸਨ ਕਿ ਇਹਨਾਂ ਹਸਪਤਾਲਾਂ ਵਿਚ ਸਿਹਤ ਸਹੂਲਤਾ ਸਸਤੇ ਰੇਟਾਂ ਉਤੇ ਮਿਲਣਗੀਆਂ, ਪਰ ਇਹ ਨਿਰਾ ਫਰਾਡ ਸਿੱਧ ਹੋਇਆ ਸੀ। ਉਹਨਾਂ ਅੱਗੇ ਕਿਹਾ ਕਿ ਆਮ ਅਦਮੀ ਪਾਰਟੀ ਦਾ ਦਾਅਵਾ ਵੀ ਫਰਾਡ ਹੀ ਸਿੱਧ ਹਵੇਗਾ। ਸ਼੍ਰੀ ਸਿੱਧੂ ਨੇ ਇਹ ਵੀ ਕਿਹਾ ਕਿ ਜੇ ਮੈਕਸ ਹਸਪਤਾਲ ਨੂੰ ਮੋਹਾਲੀ ਹਸਪਲਤਾਲ ਦੀ ਜਗ੍ਹਾ ਨਾ ਦਿੱਤੀ ਹੁੰਦੀ ਤਾਂ ਇਥੇ ਬਣ ਰਹੇ ਸਰਕਾਰੀ ਮੈਡੀਕਲ ਕਾਲਜ ਲਈ ਜ਼ਮੀਨ ਲਈ ਸਰਕਾਰ ਨੂੰ ਇਧਰ ਉਧਰ ਨਾ ਵੇਖਣਾ ਪੈਂਦਾ।
ਕਾਂਗਰਸੀ ਆਗੂ ਨੇ ਕਿਹਾ ਕਿ ਸੂਬੇ ਵਿਚ 16 ਮੈਡੀਕਲ ਕਾਲਜ ਬਣਾਉਣ ਦੀ ‘ਸ਼ੇਖਚਿੱਲੀ ਗਰੰਟੀ’ ਦੇਣ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਤਕਰੀਬਨ ਚਾਰ ਸਾਲ ਬੀਤ ਜਾਣ ਦੇ ਬਾਵਜੂਦ ਇੱਕ ਵੀ ਕਾਲਜ ਹੋਂਦ ਵਿਚ ਨਹੀਂ ਆਇਆ। ਉਹਨਾਂ ਦਸਿਆ ਕਿ ਸੰਗਰੂਰ ਤੇ ਨਵਾਂ ਸ਼ਹਿਰ ਵਿਖੇ ਜਿਹੜੇ ਮੈਡੀਕਲ ਕਾਲਜ ਬਣਾਉਣ ਦਾ ਦਾਅਵਾ ਕੀਤਾ ਜਾ ਰਿਹਾ ਹੈ ਉਹ ਵੀ ਪੀ.ਪੀ.ਪੀ. ਮਾਡਲ ਤਹਿਤ ਨਿੱਜੀ ਕੰਪਨੀਆਂ ਦੀ ਭਾਈਵਾਲੀ ਨਾਲ ਹੀ ਬਣਾਏ ਜਾਣ ਦੀ ਸਕੀਮ ਬਣਾਈ ਗਈ ਹੈ।
ਸ਼੍ਰੀ ਸਿੱਧੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪਹਿਲਾਂ ਪੰਜਾਬ ਦੀ ਆਰਥਿਕਤਾ ਤਬਾਹ ਕੀਤੀ ਅਤੇ ਹੁਣ ਇਸ ਦਾ ਬੁਨਿਆਦੀ ਢਾਂਚਾ ਵੀ ਵੇਚਣ ਦੇ ਰਾਹ ਤੁਰ ਪਈ ਹੈ ਜੋ ਸੂਬੇ ਅਤੇ ਇਸ ਦੇ ਲੋਕਾਂ ਦੀ ਤਬਾਹੀ ਦਾ ਕਾਰਨ ਬਣੇਗਾ।

Leave a Reply

Your email address will not be published. Required fields are marked *