ਟਾਪਪੰਜਾਬ

ਸਿਰਫ਼ ਰੇਤ ਚੁੱਕਣ ਦੀ ਇਜਾਜ਼ਤ ਦੇ ਕੇ ਕਿਸਾਨਾਂ ਨਾਲ ਧੋਖਾ ਨਾ ਕਰੇ ‘ਆਪ’ ਸਰਕਾਰ, ਜ਼ਮੀਨਾਂ ਨੂੰ ਮੁੜ ਵਸਾਉਣ ਦਾ ਪੂਰਾ ਖਰਚਾ ਚੁੱਕੇ – ਬ੍ਰਹਮਪੁਰਾ

ਤਰਨ ਤਾਰਨ – ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ, ਸਾਬਕਾ ਵਿਧਾਇਕ ਅਤੇ ਹਲਕਾ ਖਡੂਰ ਸਾਹਿਬ ਦੇ ਇੰਚਾਰਜ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਅੱਜ ‘ਆਪ’ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਹੜ੍ਹਾਂ ਕਾਰਨ ਕਿਸਾਨਾਂ ਦੇ ਖੇਤਾਂ ਵਿੱਚ ਜਮ੍ਹਾਂ ਹੋਈ ਰੇਤ ਦੇ ਮੁੱਦੇ ‘ਤੇ ਸਿਰਫ਼ ਬਿਆਨਬਾਜ਼ੀ ਕਰਕੇ ਆਪਣੀ ਜ਼ਿੰਮੇਵਾਰੀ ਤੋਂ ਨਾ ਭੱਜੇ। ਉਨ੍ਹਾਂ ਕਿਹਾ ਕਿ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਸਾਨਾਂ ਦੇ ਹੱਕ ਵਿੱਚ ਡੱਟ ਕੇ ਪਹਿਰਾ ਦਿੱਤਾ ਹੈ, ਉੱਥੇ ‘ਆਪ’ ਸਰਕਾਰ ਦਾ “ਵਿਚਾਰ ਕਰ ਰਹੇ ਹਾਂ” ਵਾਲਾ ਬਿਆਨ ਕਿਸਾਨਾਂ ਨਾਲ ਇੱਕ ਹੋਰ ਧੋਖਾ ਕਰਨ ਦੀ ਨੀਅਤ ਨੂੰ ਦਰਸਾਉਂਦਾ ਹੈ।
ਸ੍ਰ. ਬ੍ਰਹਮਪੁਰਾ ਨੇ ਅੱਜ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ, “‘ਆਪ’ ਸਰਕਾਰ ਦਾ ਇਹ ਕਹਿਣਾ ਕਿ ਉਹ ਰੇਤ ਚੁੱਕਣ ਬਾਰੇ ‘ਵਿਚਾਰ’ ਕਰ ਰਹੀ ਹੈ, ਕਿਸਾਨਾਂ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਦੇ ਬਰਾਬਰ ਹੈ। ਅਸਲ ਮੁੱਦਾ ਸਿਰਫ਼ ਰੇਤ ਚੁੱਕਣਾ ਨਹੀਂ, ਸਗੋਂ ਬਰਬਾਦ ਹੋਈ ਜ਼ਮੀਨ ਨੂੰ ਮੁੜ ਖੇਤੀ ਯੋਗ ਬਣਾਉਣਾ ਹੈ, ਜਿਸ ‘ਤੇ ਪ੍ਰਤੀ ਏਕੜ ਲੱਖਾਂ ਰੁਪਏ ਦਾ ਖਰਚ ਆਵੇਗਾ। ਸਿਰਫ਼ ਰੇਤ ਚੁੱਕਣ ਦੀ ਇਜਾਜ਼ਤ ਦੇ ਦੇਣਾ ਕਿਸਾਨਾਂ ਨੂੰ ਉਨ੍ਹਾਂ ਦੇ ਹਾਲ ‘ਤੇ ਛੱਡਣ ਦੇ ਬਰਾਬਰ ਹੈ।
ਉਨ੍ਹਾਂ ਸਰਕਾਰ ਸਾਹਮਣੇ ਇੱਕ “ਜ਼ਮੀਨ ਬਚਾਓ, ਕਿਸਾਨ ਬਚਾਓ” ਪੈਕੇਜ ਦੀ ਮੰਗ ਰੱਖਦਿਆਂ ਕਿਹਾ ਕਿ ਜੇਕਰ ਸਰਕਾਰ ਕਿਸਾਨਾਂ ਦੀ ਅਸਲ ਵਿੱਚ ਮਦਦ ਕਰਨਾ ਚਾਹੁੰਦੀ ਹੈ ਤਾਂ ਉਸਨੂੰ ਤੁਰੰਤ ਠੋਸ ਕਦਮ ਚੁੱਕਣੇ ਚਾਹੀਦੇ ਹਨ। ਸਭ ਤੋਂ ਪਹਿਲਾਂ, ਸਰਕਾਰ ਰੇਤ ਹਟਾਉਣ ਲਈ 50 ਹਜ਼ਾਰ ਰੁਪਏ ਪ੍ਰਤੀ ਏਕੜ ਦੀ ਗ੍ਰਾਂਟ ਦੇਵੇ। ਇਸਦੇ ਨਾਲ ਹੀ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਮਾਹਿਰਾਂ ਤੋਂ ਜ਼ਮੀਨ ਦੀ ਉਪਜਾਊ ਸ਼ਕਤੀ ਦੇ ਹੋਏ ਨੁਕਸਾਨ ਦਾ ਮੁਲਾਂਕਣ ਕਰਵਾ ਕੇ ਅਗਲੇ 5 ਸਾਲਾਂ ਲਈ ਇੱਕ ਵੱਖਰਾ ਮੁਆਵਜ਼ਾ ਦਿੱਤਾ ਜਾਵੇ। ਤੀਜਾ, ਕਿਸਾਨਾਂ ਨੂੰ ਖੇਤਾਂ ਨੂੰ ਮੁੜ ਉਪਜਾਊ ਬਣਾਉਣ ਲਈ ਨਵੀਂ ਉਪਜਾਊ ਮਿੱਟੀ ਅਤੇ ਖਾਦ ਸਬਸਿਡੀ ‘ਤੇ ਮੁਹੱਈਆ ਕਰਵਾਈ ਜਾਵੇ ਅਤੇ ਅੰਤ ਵਿੱਚ, ਇਸ ਸਾਰੀ ਪ੍ਰਕਿਰਿਆ ਲਈ ਇੱਕ ਸਰਲ, “ਇੱਕ-ਖਿੜਕੀ” ਨੀਤੀ ਬਣਾਈ ਜਾਵੇ ਤਾਂ ਜੋ ਕਿਸਾਨ ਦਫ਼ਤਰਾਂ ਵਿੱਚ ਖੱਜਲ-ਖੁਆਰ ਨਾ ਹੋਣ।
ਸ੍ਰ. ਬ੍ਰਹਮਪੁਰਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਸਿਰਫ਼ ਸਤਹੀ ਤੌਰ ‘ਤੇ ਨਹੀਂ, ਸਗੋਂ ਉਨ੍ਹਾਂ ਦੀ ਜੜ੍ਹ ਤੋਂ ਸਮਝਦਾ ਹੈ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਨੂੰ ਛਲਾਵੇ ਵਾਲੀ ਰਾਜਨੀਤੀ ਛੱਡ ਕੇ ਠੋਸ ਕਦਮ ਚੁੱਕਣੇ ਚਾਹੀਦੇ ਹਨ, ਨਹੀਂ ਤਾਂ ਪਾਰਟੀ ਇਸ ਸੰਪੂਰਨ ਪੈਕੇਜ ਲਈ ਸੰਘਰਸ਼ ਕਰੇਗੀ।

Leave a Reply

Your email address will not be published. Required fields are marked *