ਟਾਪਦੇਸ਼-ਵਿਦੇਸ਼

ਸੱਚਿਓਂ ਏਆਈ ਇਹਨਾਂ ਕਾਮਿਆਂ ਦੀ ਜਗ੍ਹਾ ਲੈ ਰਿਹਾ ਹੈੈ?-ਡਾ.ਦਵਿੰਦਰ ਕੌਰ ਖੁਸ਼ ਧਾਲੀਵਾਲ,ਖੋਜਕਾਰ ਮੁਹਾਲੀ 8847227740

ਸੂਚਨਾ ਤਕਨੀਕ (ਆਈਟੀ) ਖੇਤਰ ਵਿੱਚ ਪਿਛਲੇ ਕੁੱਝ ਸਾਲਾਂ ਤੋਂ ਚੱਲ ਰਿਹਾ ਛਾਂਟੀਆਂ ਦਾ ਸਿਲਸਿਲਾ 2025 ਦੇ ਅੰਤ ਤੱਕ ਵੀ ਜਾਰੀ ਹੈ ਤੇ ਸੰਭਾਵਨਾ ਹੈ ਕਿ ਇਹ ਇਸ ਸਾਲ ਵੀ ਜਾਰੀ ਰਹੇਗਾ। ਸਾਲ 2023 ਦੀ ਸ਼ੁਰੂਆਤ ਵਿੱਚ ਜਿਸ ਤਰ੍ਹਾਂ ‘ਗੂਗਲ’ ਨੇ ਇੱਕੋ ਝਟਕੇ ਵਿੱਚ 12,000 ਕਾਮਿਆਂ ਨੂੰ ਨੌਕਰੀਓਂ ਕੱਢਿਆ, ਉਹ ਸਿਰਫ ਇੱਕ ਸ਼ੁਰੂਆਤ ਸੀ। ਉਸੇ ਸਾਲ ‘ਐਮਾਜੌਨ’ ਨੇ 18,000 ਅਤੇ ‘ਮਾਈਕ੍ਰੋਸਾਫਟ’ ਨੇ 10,000 ਕਾਮਿਆਂ ਨੂੰ ਬਾਹਰ ਕੱਢਿਆ। ਇਹਨਾਂ ਤੋਂ ਇਲਾਵਾ ਲੱਗਭੱਗ 285 ਹੋਰ ਕੰਪਨੀਆਂ ਨੇ ਛਾਂਟੀ ਕੀਤੀ ਸੀ। ਉਸ ਸਮੇਂ ਇਹ ਤਰਕ ਦਿੱਤਾ ਜਾ ਰਿਹਾ ਸੀ ਕਿ ਕਰੋਨਾ ਲਾਕਡਾਊਨ ਦੌਰਾਨ ਜਦ ਆਨਲਾਈਨ ਮਾਧਿਅਮਾਂ ਦੀ ਮੰਗ ਵਧੀ ਤਾਂ ਉਸ ਸਮੇਂ “ਲੋੜੋਂ ਵੱਧ ਭਰਤੀ” ਕੀਤੀ ਗਈ ਸੀ ਜਿਸ ਨੂੰ ਹੁਣ ਨਵੀਆਂ ਹਾਲਤਾਂ ਅਨੁਸਾਰ ਠੀਕ ਕੀਤਾ ਜਾ ਰਿਹਾ ਹੈ। ਪਰ ਹੁਣ ਇਹ “ਤਰਕ” ਅਸਲ ਵਿੱਚ ਬਦਲ ਗਿਆ ਹੈ। ਹੁਣ ‘ਆਰਟੀਫੀਸ਼ੀਅਲ ਇੰਟੈਲੀਜੈਂਸ’ (ਏਆਈ) ਨੂੰ ਇਹਨਾਂ ਛਾਟੀਆਂ ਲਈ ਨਵੇਂ ਹਥਿਆਰ ਵਜੋਂ ਵਰਤਿਆ ਜਾ ਰਿਹਾ ਹੈ।
ਸਾਲ 2025 ਵਿੱਚ ਦੁਨੀਆ ਭਰ ਦੀਆਂ ਸਿੱਖਰਲੀਆਂ ਤਕਨੀਕੀ ਕੰਪਨੀਆਂ ਨੇ 1,26,352 ਤੋਂ ਵੱਧ ਅਮਰੀਕੀ ਕਾਮਿਆਂ ਨੂੰ ਬਾਹਰ ਦਾ ਰਸਤਾ ਦਿਖਾਇਆ ਹੈ, ਜਦਕਿ ਕਈ ਰਿਪੋਰਟਾਂ ਅਨੁਸਾਰ ਇਹ ਗਿਣਤੀ 2,45,953 ਤੱਕ ਪਹੁੰਚ ਗਈ ਹੈ। ‘ਇੰਟੈਲ’ ਵਰਗੀ ਵੱਡੀ ਕੰਪਨੀ ਵੱਲੋਂ ਜੁਲਾਈ 2025 ਵਿੱਚ 24,000 ਕਾਮਿਆਂ (ਕੁੱਲ ਸਟਾਫ਼ ਦੇ 15%) ਦੀ ਇਤਿਹਾਸਕ ਛਾਂਟੀ ਕੀਤੀ ਗਈ। ਮੱਧਵਰਗੀ ‘ਸਫੈਦ ਕਾਲਰ’ ਕਾਮੇ, ਜਿਹਨਾਂ ਨੂੰ ਕਦੇ ਇਹ ਭਰਮ ਸੀ ਕਿ ਉਸ ਦੀ ਤਕਨੀਕੀ ਮੁਹਾਰਤ ਅਤੇ ਉੱਚੀਆਂ ਤਨਖਾਹਾਂ ਉਹਨਾਂ ਨੂੰ ਆਰਥਿਕ ਮਾਰਾਂ ਤੋਂ ਸੁਰੱਖਿਅਤ ਰੱਖਣਗੀਆਂ, ਅੱਜ, ਇਹ ਭਰਮ ਟੁੱਟਦਾ ਜਾ ਰਿਹਾ ਹੈ।
ਕੀ ਸੱਚਿਓਂ ਇਹਨਾਂ ਕਾਮਿਆਂ ਦੀ ਜਗ੍ਹਾ ਏਆਈ ਲੈ ਰਿਹਾ ਹੈ
ਇਹਨਾਂ ਕੰਪਨੀਆਂ ਵੱਲੋਂ ਤੇ ਮੀਡੀਆ ਵਿੱਚ ਵੀ ਲਗਾਤਾਰ ਇਹ ਪ੍ਰਚਾਰਿਆ ਜਾ ਰਿਹਾ ਹੈ ਕਿ ਇਹਨਾਂ ਛਾਂਟੀਆਂ ਪਿਛਲੀ ਅਸਲੀ ਵਜ੍ਹਾ ਏਆਈ ਹੈ, ਕਿ ਏਆਈ ਹੁਣ ਇਹਨਾਂ ਕਾਮਿਆਂ ਦੀ ਜਗ੍ਹਾ ਲੈ ਰਿਹਾ ਹੈ। ਪਰ ਕੀ ਸੱਚਿਓਂ ਅਜਿਹਾ ਹੈ? ਇਹਨਾਂ ਛਾਂਟੀਆਂ ਲਈ ਦਿੱਤੇ ਜਾ ਰਹੇ ਤਰਕਾਂ ਦੀ ਜੇਕਰ ਡੂੰਘਾਈ ਨਾਲ਼ ਪਰਖ ਕੀਤੀ ਜਾਵੇ ਤਾਂ ਇਹਨਾਂ ਛਾਂਟੀਆਂ ਪਿਛਲਾ ਮੂਲ ਕਾਰਨ ਵੀ ਉਹੀ ਸਾਹਮਣੇ ਆਉਂਦਾ ਹੈ ਜੋ ਕਰੋਨਾ ਲਾਕਡਾਊਨ ਤੋਂ ਬਾਅਦ ਦੀਆਂ ਛਾਂਟੀਆਂ ਦੌਰਾਨ ਸੀ। ਇਹ ਕਾਰਨ ਹੈ, ਮੁਨਾਫੇ ਦੀ ਦਰ ਕਾਇਮ ਰੱਖਣ ਲਈ ਲਾਗਤਾਂ ਵਿੱਚ ਕਟੌਤੀ। ਅਸਲ ਵਿੱਚ, ਲਾਕਡਾਊਨ ਦੌਰਾਨ ਜਦੋਂ ਪੂਰੀ ਦੁਨੀਆ ਘਰਾਂ ਵਿੱਚ ਕੈਦ ਸੀ, ਇਹਨਾਂ ਕੰਪਨੀਆਂ ਨੇ ਰਿਕਾਰਡ ਮੁਨਾਫ਼ੇ ਕਮਾਏ ਅਤੇ ਉਹ ਤਰੱਕੀ ਕੁਝ ਹੱਦ ਤੱਕ ਅੱਜ ਵੀ ਜਾਰੀ ਹੈ। ਸੰਸਾਰ ਪੱਧਰ ’ਤੇ ਮਾਈਕ੍ਰੋਸਾਫਟ ਅਤੇ ਗੂਗਲ ਵਰਗੀਆਂ ਕੰਪਨੀਆਂ ਦੇ ਮੁਨਾਫ਼ੇ 2021 ਦੇ ਮੁਕਾਬਲੇ 30% ਤੋਂ 50% ਤੱਕ ਵਧੇ ਹਨ—2021 ਵਿੱਚ ਐਲਫਾਬੈੱਟ (ਗੂਗਲ) ਦੀ ਆਮਦਨ 257 ਅਰਬ ਡਾਲਰ ਸੀ, ਜੋ 2025 ਵਿੱਚ 350 ਅਰਬ ਡਾਲਰ ਤੱਕ ਪਹੁੰਚ ਗਈ ਹੈ, ਜਦਕਿ ਮਾਈਕ੍ਰੋਸਾਫਟ ਨੇ 168 ਅਰਬ ਡਾਲਰ ਤੋਂ ਵਧਾ ਕੇ 281.7 ਅਰਬ ਡਾਲਰ ਕੀਤਾ। ਇਸ ਦੇ ਬਾਵਜੂਦ ਕਾਮਿਆਂ ਨੂੰ ਕੱਢਿਆ ਜਾ ਰਿਹਾ ਹੈ ਕਿਉਂਕਿ ਸਰਮਾਏਦਾਰੀ ਲਈ ਮੁਨਾਫ਼ੇ ਦੀ ਸਿਰਫ਼ ਹੋਂਦ ਕਾਫ਼ੀ ਨਹੀਂ, ਸਗੋਂ ਉਸ ਮੁਨਾਫ਼ੇ ਦੀ ਦਰ ਨੂੰ ਲਗਾਤਾਰ ਉੱਚਾ ਰੱਖਣਾ ਲਾਜਮੀ ਹੈ।
ਇੱਕ ਰਿਪੋਰਟ ਮੁਤਾਬਕ ਮੁਤਾਬਕ, ਇਕੱਲੇ 2024-25 ਵਿੱਚ ਐਪਲ ਨੇ 96.67 ਅਰਬ ਡਾਲਰ ਅਤੇ ਗੂਗਲ ਨੇ 70 ਅਰਬ ਡਾਲਰ ਦੇ ਸਟਾਕ ‘ਬਾਈਬੈਕ’ (ਆਪਦੇ ਸ਼ੇਅਰ ਮੁੜ ਖਰੀਦਣਾ) ਪ੍ਰੋਗਰਾਮ ਚਲਾਏ, ਜੋ ਕੁੱਲ 180 ਅਰਬ ਡਾਲਰ ਤੋਂ ਵੱਧ ਬਣਦੇ ਹਨ— ਇਹ ਪੈਸਾ ਨਿਵੇਸ਼ਕਾਂ ਦੀਆਂ ਜੇਬਾਂ ਭਰਨ ਲਈ ਖਰਚ ਹੋਇਆ। ਮੌਜੂਦਾ ਛਾਂਟੀਆਂ ਇਸ ਖੇਤਰ ਦੇ ਸਰਮਾਏਦਾਰਾਂ ਲਈ ਰਣਨੀਤਕ ਚੋਣ ਹੈ ਜੋ ਮੁਨਾਫੇ ਲਈ ਕਾਮਿਆਂ ਦੀ ਬਲੀ ਦੇ ਰਹੀ ਹੈ।
ਮੌਜੂਦਾ ਦੌਰ ਵਿੱਚ ਏਆਈ ਨੂੰ ਛਾਂਟੀਆਂ ਦਾ ਸਭ ਤੋਂ ਵੱਡਾ ਬਹਾਨਾ ਬਣਾਇਆ ਜਾ ਰਿਹਾ ਹੈ, ਜੋ ਕਿ ਅਸਲ ਵਿੱਚ ਸੂਚਨਾ ਤਕਨੀਕ ਖੇਤਰ ਵਿੱਚ ਇੱਕ ਨਵਾਂ ‘ਸੱਟੇਬਾਜੀ ਦਾ ਬੁਲਬੁਲਾ’ ਬਣਦਾ ਜਾ ਰਿਹਾ ਹੈ। ਕਈ ਮਾਹਰਾਂ ਅਨੁਸਾਰ ਇਹ ਬੁਲਬੁਲਾ ‘ਡੌਟ-ਕਾਮ ਬੁਲਬੁਲੇ’ ਨਾਲ਼ੋਂ ਵੀ ਵੱਡਾ ਹੈ। ਸਰਮਾਏਦਾਰ ਇਸ ਸਮੇਂ ਪੈਦਾਵਾਰ ਖੇਤਰਾਂ ਵਿੱਚ ਨਿਵੇਸ਼ ਕਰਨ ਦੀ ਬਜਾਏ ਏਆਈ ਵਰਗੇ ਖੇਤਰਾਂ ਵਿੱਚ ਵਧੇਰੇ ਪੈਸਾ ਝੋਕ ਰਹੇ ਹਨ, ਜਿੱਥੇ 2025 ਵਿੱਚ ਬਿਗ-ਟੈਕ ਕੰਪਨੀਆਂ ਨੇ ਏਆਈ ਬੁਨਿਆਦੀ ਢਾਂਚੇ, ਡਾਟਾ ਸੈਂਟਰਾਂ ਅਤੇ ਚਿੱਪਾਂ ’ਤੇ 332 ਅਰਬ ਡਾਲਰ ਸਰਮਾਇਆ ਨਿਵੇਸ਼ ਕੀਤਾ ਹੈ। ‘ਗੋਲਡਮੈਨ ਸਾਕਸ’ ਅਤੇ ‘ਆਈਓ ਫੰਡ’ ਦੀਆਂ ਰਿਪੋਰਟਾਂ ਮੁਤਾਬਕ, ਇਹ ਨਿਵੇਸ਼ ਸ਼ੁਰੂਆਤੀ ਅਨੁਮਾਨ 250 ਅਰਬ ਡਾਲਰ ਤੋਂ ਵਧ ਕੇ 405 ਅਰਬ ਡਾਲਰ ਤੱਕ ਪਹੁੰਚ ਗਏ ਹਨ, ਜਿਸ ਵਿੱਚ ਐਮਾਜੌਨ, ਮਾਈਕ੍ਰੋਸਾਫਟ, ਐਲਫਾਬੈੱਟ ਅਤੇ ਮੈਟਾ ਨੇ ਇਕੱਠੇ 300 ਅਰਬ ਡਾਲਰ ਤੋਂ ਵੱਧ ਖਰਚ ਕੀਤੇ ਹਨ। ਪਰ ‘ਐੱਮਆਈਟੀ’ ਅਤੇ ‘ਗੋਲਡਮੈਨ ਸਾਕਸ’ ਦੀਆਂ ਰਿਪੋਰਟਾਂ ਦੱਸਦੀਆਂ ਹਨ ਕਿ ਸਿਰਫ਼ 10% ਕੰਪਨੀਆਂ ਹੀ ਏਆਈ ਤੋਂ ਅਸਲ ਮੁਨਾਫ਼ਾ ਕਮਾ ਰਹੀਆਂ ਹਨ, ਅਤੇ ‘ਐੱਮਆਈਟੀ’ ਦੀ ਅਗਸਤ 2025 ਦੀ ਰਿਪੋਰਟ ਮੁਤਾਬਕ 95% ‘ਜਨਰੇਟਿਵ ਏਆਈ’ ਪਾਈਲਟ ਪ੍ਰੋਜੈਕਟ ਫੇਲ ਹੋ ਰਹੇ ਹਨ, ਜਦਕਿ ਗੋਲਡਮੈਨ ਸਾਕਸ ਨੇ ਅਕਤੂਬਰ 2025 ਵਿੱਚ ਚੇਤਾਵਨੀ ਜਾਰੀ ਕੀਤੀ ਕਿ ਏਆਈ ਵਾਲ਼ੀਆਂ ਕੰਪਨੀਆਂ ਦੀਆਂ ‘ਵੈਲੂਏਸ਼ਨਾਂ’ ਵਿੱਚ ਵਾਧਾ ਇੱਕ ਨਵੇਂ ਬੁਲਬੁਲੇ ਦੀ ਨਿਸ਼ਾਨੀ ਹੈ।
ਅਮਰੀਕੀ ਸ਼ੇਅਰ ਬਜਾਰ ਵਿੱਚ ‘ਦਾ ਮੈਗਨੀਫੀਸੈਂਟ 7’ : ਨਵੀਡੀਆ, ਅਲਫਾਬੈਟ (ਗੂਗਲ), ਮਾਈਕਰੋਸੌਫਟ, ਮੈਟਾ, ਟੈਸਲਾ, ਐਪਲ, ਐਮਾਜੌਨ, ਦਿਆਂ ਸ਼ੇਅਰਾਂ ਦੀ ਕੀਮਤ ਕੁੱਲ ਅਮਰੀਕੀ ਸ਼ੇਅਰ ਬਜਾਰ ਦਾ 35% ਫੀਸਦੀ ਹੋ ਗਈ ਹੈ। ਇਹਨਾਂ 7 ’ਚ ਇਕੱਲੇ ਨਵੀਡੀਆ ਦੇ ਸ਼ੇਅਰਾਂ ਦੀ ਕੀਮਤ ਹੀ 19% ਹੈ। ਅਮਰੀਕੀ ਇਤਿਹਾਸ ਵਿੱਚ ‘ਐਸ ਐਂਡ ਪੀ-500’ (ਵੱਡੀਆਂ 500 ਕੰਪਨੀਆਂ ਦਾ ਇੰਡੈਕਸ) ਕਦੇ ਵੀ ਏਨਾ ਜਿਆਦਾ ਇੱਕ ਸ਼ੇਅਰ ਵਿੱਚ ਕੇਂਦਰਤ ਨਹੀਂ ਹੋਇਆ, ਇਕੱਲਾ ਨਵੀਡੀਆ ਹੀ ਇਸਦਾ 8% ਹੈ। ਨਵੀਡੀਆ ਉਹ ਕੰਪਨੀ ਹੈ ਜੋ ਏਆਈ ਚਿੱਪ ਤਿਆਰ ਕਰਦੀ ਹੈ, ਜੇ ਕਿਹਾ ਜਾਵੇ ਤਾਂ ਇਸ ਵੇਲ਼ੇ ਨਵੀਡੀਆ ਮੌਜੂਦਾ ਏਆਈ ਉਭਾਰ ’ਚ ਇਸ ਸਭ ਦੀ ਧੁਰੀ ਹੈ, ਜੋ ਇਸ ਵੇਲ਼ੇ ਰਿਕਾਰਡ ਮੁਨਾਫੇ ਕਮਾ ਰਹੀ ਹੈ। ਜੇ ਨਵੀਡੀਆ ਦੀ ਆਮਦਨ ਘਟਦੀ ਹੈ ਤਾਂ ਇਹ ਇਹਨਾਂ ਕੰਪਨੀਆਂ ਨੂੰ ਹੀ ਨਹੀਂ ਸਗੋਂ ਪੂਰੇ ਵਿੱਤੀ ਬਜਾਰ ਨੂੰ ਹਿਲਾ ਦੇਵੇਗੀ।
ਜਿਆਦਾਤਰ ਕੰਪਨੀਆਂ ਲਈ ਏਆਈ ਅਜੇ ਸਿਰਫ਼ ਇੱਕ ਭਾਰੀ ਲਾਗਤ ਹੈ, ਜਿਸ ਨੂੰ ਲੁਕਾਉਣ ਅਤੇ ਨਿਵੇਸ਼ਕਾਂ ਨੂੰ ਖੁਸ਼ ਕਰਨ ਲਈ ਕੰਪਨੀਆਂ ‘ਕੌਸਟ ਕਟਿੰਗ’ (ਲਾਗਤ ਘਟਾਉਣ) ਦਾ ਸਹਾਰਾ ਲੈ ਰਹੀਆਂ ਹਨ, ਜਿਸ ਦਾ ਸਿੱਧਾ ਨਿਸ਼ਾਨਾ ਕਾਮੇ ਬਣ ਰਹੇ ਹਨ। ਇਹਨਾਂ ਛਾਂਟੀਆਂ ਰਾਹੀਂ ਕੰਪਨੀਆਂ ਨਿਵੇਸ਼ਕਾਂ ਨੂੰ ਇਹ ਤਸੱਲੀ ਦਿਵਾ ਰਹੀਆਂ ਹਨ ਕਿ ਦੇਖੋ ਅਸੀਂ ਆਧੁਨਿਕ ਏਆਈ ਤਕਨੀਕ ਲਾਗੂ ਕਰ ਰਹੇ ਹਾਂ, ਤੁਹਾਡਾ ਸਰਮਾਇਆ ਭਵਿੱਖ ਦੀ ਤਕਨੀਕ ਉੱਪਰ ਲੱਗਿਆ ਹੈ ਜੋ ਆਉਣ ਵਾਲ਼ੇ ਸਮੇਂ ਵਿੱਚ ਵੱਡੇ ਮੁਨਾਫੇ ਦੇਵੇਗਾ। ਇਹ ਬਿਲਕੁਲ ਉਸੇ ਤਰ੍ਹਾਂ ਹੈ ਜਿਵੇਂ ਪਿਛਲੇ ਦਹਾਕੇ ਵਿੱਚ ‘ਯੂਨੀਕੌਰਨ’ ਕੰਪਨੀਆਂ ਦੇ ਨਾਮ ’ਤੇ ਨਿਵੇਸ਼ਕਾਂ ਨੂੰ ਭਰਮਾਇਆ ਗਿਆ ਸੀ, ਜਿੱਥੇ ਉਬਰ ਅਤੇ ਵੇਅਰਮੋ ਨੇ ਅਰਬਾਂ ਨਿਵੇਸ਼ ਇਕੱਠੇ ਕੀਤੇ ਪਰ ਅੰਤ ਵਿੱਚ ਘਾਟੇ ਥੱਲੇ ਹੀ ਰਹੇ। ਕਈ ਅਨੁਮਾਨ ਇਹ ਹਨ ਕਿ ਇਹ ਬੁਲਬੁਲਾ ਡੌਟ-ਕਾਮ ਤੋਂ 17 ਗੁਣਾ ਵੱਡਾ ਹੈ ਅਤੇ ਜੇ ਫਟਿਆ ਤਾਂ ਅਮਰੀਕੀ ਅਰਥਚਾਰੇ ਨੂੰ ਡੂੰਘੀ ਮੰਦੀ ਵਿੱਚ ਧੱਕੇਗਾ।
ਪਹਿਲੀ ਗੱਲ ਤਾਂ ਹਾਲੇ ਅਜਿਹੇ ਤੱਥ ਨਹੀਂ ਹਨ ਜੋ ਇਹ ਦਰਸਾਉਣ ਕਿ ਏਆਈ ਵੱਡੇ ਪੱਧਰ ’ਤੇ ਕਾਮਿਆਂ ਦੇ ਬਦਲ ਵਜੋਂ ਅਪਣਾਇਆ ਜਾ ਰਿਹਾ ਹੈ। ਬਹੁਤ ਥੋੜੇ ਕੁਝ ਕੁ ਦੁਹਰਾਅ ਵਾਲ਼ੇ ਕੰਮਾਂ ’ਚ ਜਿੱਥੇ ਇਸ ਨੂੰ ਲਾਗੂ ਵੀ ਕੀਤਾ ਜਾ ਰਿਹਾ ਹੈ ਓਥੇ ਵੀ ਇਹ ਪੂਰੀ ਤਰ੍ਹਾਂ ਕਿਰਤੀਆਂ ਦੇ ਬਦਲ ਵਜੋਂ ਨਹੀਂ ਸਗੋਂ ਇੱਕ ਸਹਾਇਕ ਵਜੋਂ ਹੀ ਅਪਣਾਈ ਜਾ ਰਹੀ ਹੈ। ਪਰ ਏਥੇ ਵੀ ਏਆਈ ਦੀ ਵਰਤੋਂ ਕਾਮਿਆਂ ਦੀ ਮਦਦ ਲਈ ਨਹੀਂ, ਸਗੋਂ ਉਨ੍ਹਾਂ ਦੀ ਲੁੱਟ ਨੂੰ ਤੇਜ ਕਰਨ ਲਈ ਕੀਤੀ ਜਾ ਰਹੀ ਹੈ। ਕੰਪਨੀਆਂ ਇਹ ਪ੍ਰਚਾਰ ਕਰ ਰਹੀਆਂ ਹਨ ਕਿ ਏਆਈ ਕੰਮ ਨੂੰ ਸਵੈ-ਚਾਲਿਤ ਕਰ ਦੇਵੇਗੀ ਅਤੇ ਉਤਪਾਦਕਤਾ ਵਧਾਏਗੀ, ਪਰ ਹਕੀਕਤ ਵਿੱਚ ਬਚੇ ਹੋਏ ਕਾਮਿਆਂ ’ਤੇ ਕੰਮ ਦਾ ਬੋਝ 40% (‘ਗੋਲਡਮੈਟ ਸਾਕਸ’ ਅਨੁਸਾਰ) ਤੱਕ ਵਧ ਗਿਆ ਹੈ। ਈ.ਵਾਈ. ਦੇ ਨਵੰਬਰ 2025 ਦੇ ਇੱਕ ਨਮੂਨਾ ਸਰਵੇਖਣ ਮੁਤਾਬਕ, 64% ਕਾਮੇ ਇੱਕ ਸਾਲ ਵਿੱਚ ਕੰਮ ਦੇ ਬੋਝ ਵਿੱਚ ਵਾਧਾ ਮਹਿਸੂਸ ਕਰ ਰਹੇ ਹਨ, ਜਦਕਿ ਸਿਰਫ਼ 5% ਹੀ ਏਆਈ ਨੂੰ ਪੂਰੀ ਤਰ੍ਹਾਂ ਵਰਤੋਂ ਨਾਲ਼ ਆਪਣੇ ਕੰਮ ਨੂੰ ਬਦਲ ਪਾ ਰਹੇ ਹਨ। ਅਮਰੀਕੀ ਕਾਮਿਆਂ ਦੇ ਇੱਕ ਨਮੂਨਾ ਸਰਵੇਖਣ ਅਨੁਸਾਰ, ਏਆਈ ਅਪਣਾਉਣ ਵਾਲ਼ੇ ਕਾਮਿਆਂ ਨੇ ਹਫ਼ਤੇ ਵਿੱਚ 5.4% ਸਮਾਂ ਬਚਾਇਆ ਹੈ, ਪਰ ਇਹ ਬਚਤ ਅਕਸਰ ਏਆਈ ਵੱਲੋਂ ਕੀਤੀਆਂ ਗਲਤੀਆਂ (ਜਿਵੇਂ ਗਲਤ ਡਾਟਾ ਜਨਰੇਸ਼ਨ ਜਾਂ ਅਣਪਛਾਤੀਆਂ ਗਲਤੀਆਂ) ਨੂੰ ਸੁਧਾਰਨ ਵਿੱਚ ਖਰਚ ਹੋ ਜਾਂਦੀ ਹੈ, ਜਿਸ ਨਾਲ਼ ਸ਼ੁੱਧ ਪ੍ਰਭਾਵ ਵਧੇ ਹੋਏ ਬੋਝ ਦਾ ਹੀ ਹੈ। ਹੁਣ ਕਾਮਿਆਂ ਨੂੰ ਨਾ ਸਿਰਫ਼ ਆਪਣਾ ਕੰਮ ਕਰਨਾ ਪੈਂਦਾ ਹੈ, ਸਗੋਂ ਏਆਈ ਦੁਆਰਾ ਪੈਦਾ ਕੀਤੀਆਂ ਗੁੰਝਲ਼ਦਾਰ ਗਲਤੀਆਂ ਨੂੰ ਸੁਧਾਰਨ ਲਈ ਵੀ ਦਿਨ-ਰਾਤ ਇੱਕ ਕਰਨਾ ਪੈ ਰਿਹਾ ਹੈ। ਤਕਨੀਕੀ ਤਰੱਕੀ ਸਰਮਾਏਦਾਰੀ ਅਧੀਨ ਸਿਰਫ਼ ‘ਸਰਮਾਏ ਦੀ ਤਾਕਤ’ ਨੂੰ ਵਧਾਉਂਦੀ ਹੈ, ਕਾਮਿਆਂ ਦੀ ਭਲਾਈ ਨੂੰ ਨਹੀਂ।
ਜਿਸ ਮਨੁੱਖੀ ਪੱਧਰ ਦੀ ਅਖੌਤੀ “ਆਰਟੀਫੀਸ਼ੀਅਲ ਜਨਰਲ ਇੰਟੈਲੀਜੈਂਸ” ਨੂੰ ਭਵਿੱਖ ਵਿੱਚ ਵਿਕਸਤ ਕਰਨ ਲਈ ਦਾਅਵੇ ਕੀਤੇ ਜਾ ਰਹੇ ਹਨ ਉਹ ਅਸਲ ਵਿੱਤੀ ਖੇਤਰ ਦੇ ਸਰਮਾਏਦਾਰਾਂ ਤੇ ਆਮ ਲੋਕਾਈ ਤੋਂ ਨਿਵੇਸ਼ ਇਕੱਠਾ ਕਰਨ ਲਈ ਮਾਰੀਆਂ ਜਾ ਰਹੀਆਂ ਗੱਪਾ ਹੀ ਹਨ ਜਿਸਦਾ ਹਕੀਕਤ ਨਾਲ਼ ਦੂਰ-ਦੂਰ ਤੱਕ ਕੋਈ ਸਬੰਧ ਨਹੀਂ। ਅਸਲ ’ਚ ਇਹ ਉਹ ਕਾਲਪਨਿਕ “ਪਵਿੱਤਰ ਪਿਆਲਾ” ਹੈ ਜਿਸਦੇ ਸੁਪਨੇ ਸੈਮਔਲਟਮੈਨ ਵਰਗੇ ਸਰਮਾਏਦਾਰ ਨਿਵੇਸ਼ਕਾਂ ਨੂੰ ਦਿਖਾ ਰਹੇ ਹਨ।

ਯੂਨੀਅਨਾਂ ਵਿੱਚ ਜਥੇਬੰਦ ਹੋਣ ਦਾ ਰੁਝਾਨ

ਜਿਉਂ-ਜਿਉਂ ਇਹਨਾਂ ਕਾਮਿਆਂ ਉੱਪਰ ਆਰਥਿਕ ਹਮਲੇ ਤੇਜ ਹੋ ਰਹੇ ਹਨ, ਕਾਮਿਆਂ ਵਿੱਚ ਵੀ ਜਥੇਬੰਦ ਹੋਣ ਦੀ ਚੇਤਨਾ ਵਧ ਰਹੀ ਹੈ। ਭਾਵੇਂ ਸੂਚਨਾ ਤਕਨੀਕ ਖੇਤਰ ਵਿੱਚ ਯੂਨੀਅਨਾਂ ਦਾ ਕੋਈ ਬਹੁਤਾ ਇਤਿਹਾਸ ਨਹੀਂ ਹੈ— ਇਹ ਮੁੱਖ ਤੌਰ ’ਤੇ 2010 ਦੇ ਦਹਾਕੇ ਤੋਂ ਸ਼ੁਰੂ ਹੋਇਆ— ਪਰ 2024-25 ਵਿੱਚ ਇੱਕ ਵੱਡੀ ਤਬਦੀਲੀ ਦੇਖਣ ਨੂੰ ਮਿਲ਼ੀ ਹੈ। ‘ਐਲਫਾਬੈੱਟ ਵਰਕਰਜ ਯੂਨੀਅਨ’ ਨੇ ਦਸੰਬਰ 2024 ਵਿੱਚ ਆਪਣੇ ਪਹਿਲੇ ਇਤਿਹਾਸਕ ਕੰਟਰੈਕਟ ਨੂੰ ਸਰਬਸੰਮਤੀ ਵੋਟ ਨਾਲ਼ ਪਾਸ ਕੀਤਾ, ਜਿਸ ਵਿੱਚ ‘ਗੂਗਲ ਹੈਲਪ ਟੀਮ’ ਦੇ ਕਾਮੇ ਸ਼ਾਮਲ ਸਨ ਅਤੇ ਇਹ ‘ਸੀ.ਡਬਲਿਊ.ਏ. (ਕਮਿਊਨੀਕੇਸ਼ਨਜ ਵਰਕਰਜ ਆਫ਼ ਅਮਰੀਕਾ)’ ਨਾਲ਼ ਜੁੜਿਆ ਹੋਇਆ ਸੀ। ਇਸੇ ਤਰ੍ਹਾਂ, ਮਾਈਕ੍ਰੋਸਾਫਟ ਦੇ ਵੀਡੀਓ ਗੇਮ ਵਿਭਾਗ ਵਿੱਚ ਸੈਂਕੜੇ ਕਾਮਿਆਂ ਨੇ 2024 ਵਿੱਚ ਪਹਿਲੀ ਵਾਰ ਯੂਨੀਅਨ ਬਣਾਉਣ ਦਾ ਫੈਸਲਾ ਕੀਤਾ। ‘ਐਮਾਜੌਨ ਲੇਬਰ ਯੂਨੀਅਨ (ਏਐਲਯੂ)’ ਦੇ ਸੰਘਰਸ਼ ਨੇ ਵੀ ਇਹ ਚੇਤਨਾ ਫੈਲਾਈ ਹੈ। ‘ਲੀਡਡੈਵ’ ਅਤੇ ‘ਟੈਕ ਵਰਕਰਜ ਕੋਲੀਸ਼ਨ’ ਦੀਆਂ ਰਿਪੋਰਟਾਂ ਮੁਤਾਬਕ, 2020 ਤੋਂ ਲੈ ਕੇ ਹੁਣ ਤੱਕ ਗੂਗਲ, ਗਲਿੱਚ, ਕਿੱਕਸਟਾਰਟਰ, ਮੀਡੀਅਮ ਅਤੇ ਨਿਊਯਾਰਕ ਟਾਈਮਜ ਵਰਗੀਆਂ ਕੰਪਨੀਆਂ ਵਿੱਚ ਯੂਨੀਅਨਾਂ ਬਣੀਆਂ ਹਨ ਅਤੇ 2025 ਵਿੱਚ ਗੂਗਲ ਨੇ ਹਜਾਰਾਂ ਵਲੰਟਰੀ ‘ਐਕਸਿਟ ਪੈਕੇਜ’ ਪੇਸ਼ ਕੀਤੇ ਜਦੋਂ ਯੂਨੀਅਨ ਨੇ ਹੜਤਾਲਾਂ ਦੀ ਧਮਕੀ ਦਿੱਤੀ। ਕਾਮੇ ਹੁਣ ਸਮਝ ਰਹੇ ਹਨ ਕਿ ਉਨ੍ਹਾਂ ਦਾ ਮੁਕਾਬਲਾ ਕਿਸੇ ਮਸ਼ੀਨ ਨਾਲ਼ ਨਹੀਂ, ਸਗੋਂ ਉਸ ਢਾਂਚੇ ਨਾਲ਼ ਹੈ ਜੋ ਮੁਨਾਫ਼ੇ ਲਈ ਮਨੁੱਖਾਂ ਨੂੰ ਫਾਲਤੂ ਪੁਰਜਿਆਂ ਵਾਂਗ ਸੁੱਟ ਦਿੰਦਾ ਹੈ। ਇਹ ਜਥੇਬੰਦ ਕਾਮੇ ਨਾ ਸਿਰਫ਼ ਤਨਖਾਹਾਂ ਆਦਿ ਲਈ ਹੀ ਲੜ ਰਹੇ ਹਨ, ਸਗੋਂ ਏਆਈ ਦੀ ਨੈਤਿਕ ਵਰਤੋਂ ਅਤੇ ਕੰਪਨੀਆਂ ਦੀ ਸਮਾਜਿਕ ਜਿੰਮੇਵਾਰੀ (ਜਿਵੇਂ ਫਲਸਤੀਨ ਵਿੱਚ ਇਜਰਾਇਲੀ ਕਤਲੇਆਮ ਵਿੱਚ ਗੂਗਲ ਦੁਆਰਾ ਮੁਹੱਈਆ ਕਰਵਾਈ ਜਾਂਦੀ ਤਕਨੀਕੀ ਦਾ ਵਿਰੋਧ) ਲਈ ਵੀ ਅਵਾਜ ਚੁੱਕ ਰਹੇ ਹਨ, ਜਿਵੇਂ ਸੀ.ਡਬਲਿਊ.ਏ. ਨੇ ਏਆਈ ਵਿੱਚ ‘ਗੋਸਟ ਵਰਕਰਜ’ (ਅਦਿੱਖ ਕਾਮੇ, ਜੋ ਏਆਈ ਨੂੰ ਸਿੱਖਿਅਤ ਕਰਨ ਲਈ ਬਹੁਤ ਹੀ ਨਿਗੂਣੀਆਂ ਤਨਖਾਹਾਂ ’ਤੇ ਡਾਟਾ ਨੂੰ ਇਕੱਠਾ ਕਰਨ ਤੇ ਸ਼ਾਂਟਣ ਦਾ ਨੀਰਸ ਕੰਮ ਕਰਦੇ ਹਨ) ਦੀ ਲੁੱਟ ਵਿਰੁੱਧ ਮੁਹਿੰਮ ਚਲਾਈ।

ਤਕਨੀਕ ਆਪਣੇ ਆਪ ਵਿੱਚ ਦੁਸ਼ਮਣ ਨਹੀਂ ਹੈ। ਸਮੱਸਿਆ ਤਕਨੀਕ ਵਿੱਚ ਨਹੀਂ, ਸਗੋਂ ਇਸ ਦੀ ਮਾਲਕੀ ਅਤੇ ਵਰਤੋਂ ਵਿੱਚ ਹੈ। ਸਰਮਾਏਦਾਰਾ ਢਾਂਚੇ ਵਿੱਚ ਏਆਈ ਇੱਕ ਹੋਰ ਨਵਾਂ ਹਥਿਆਰ ਹੈ ਜੋ ਮੁਨਾਫੇ ਲਈ ਮਜਦੂਰਾਂ ਨੂੰ ਹੋਰ ਵਧੇਰੇ ਨਿਚੋੜਨ ਲਈ ਵਰਤਿਆ ਜਾ ਰਿਹਾ ਹੈੈ, ਪਰ ਇੱਕ ਅਜਿਹੇ ਸਮਾਜ ਵਿੱਚ ਜਿੱਥੇ ਪੈਦਾਵਾਰ ਦੇ ਸਾਧਨਾਂ ’ਤੇ ਸਮੁੱਚੀ ਮਨੁੱਖਤਾ ਦੀ ਸਾਂਝੀ ਮਾਲਕੀ ਹੋਵੇਗੀ, ਇਹ ਤਕਨੀਕ ਇੱਕ ਵਰਦਾਨ ਸਾਬਤ ਹੋਵੇਗੀ। ਸਮੂਹਿਕ ਮਾਲਕੀ ਵਾਲ਼ੇ ਸਮਾਜ ਵਿੱਚ ਏਆਈ ਕਾਮਿਆਂ ਨੂੰ ਨੌਕਰੀਓਂ ਨਹੀਂ ਕੱਢੇਗੀ, ਸਗੋਂ ਉਨ੍ਹਾਂ ਨੂੰ ਥਕਾ ਦੇਣ ਵਾਲ਼ੇ ਅਤੇ ਦੁਹਰਾਉਣ ਵਾਲ਼ੇ ਕੰਮਾਂ ਤੋਂ ਮੁਕਤ ਕਰੇਗੀ। ਅਜਿਹੇ ਨਿਜਾਮ ਵਿੱਚ ਨਵੀਂ ਤਕਨੀਕ ਆਉਣ ਦਾ ਮਤਲਬ ਹੋਵੇਗਾ—ਕੰਮ ਦੇ ਘੰਟਿਆਂ ਵਿੱਚ ਕਮੀ, ਹਰ ਇਨਸਾਨ ਲਈ ਵਿਹਲ ਅਤੇ ਸਿਰਜਣਾਤਮਕ ਕੰਮਾਂ ਲਈ ਵਧੇਰੇ ਸਮਾਂ। ਸਿਰਫ਼ ਸਾਂਝੀ ਮਾਲਕੀ ਹੀ ਤਕਨੀਕੀ ਤਰੱਕੀ ਨੂੰ ਮੁਨਾਫ਼ੇ ਦੀ ਹਵਸ ਤੋਂ ਅਜਾਦ ਕਰਕੇ ਮਨੁੱਖੀ ਭਲਾਈ ਦੇ ਰਾਹ ’ਤੇ ਪਾ ਸਕਦੀ ਹੈ।
ਡਾ.ਦਵਿੰਦਰ ਕੌਰ ਖੁਸ਼ ਧਾਲੀਵਾਲ,ਖੋਜਕਾਰ ਮੁਹਾਲੀ 8847227740

Leave a Reply

Your email address will not be published. Required fields are marked *