ਅਸੀਸ ਦੇਣਾ ਵੀ ਚਰਿੱਤਰ ਨਿਰਮਾਣ ਹੈ-ਸੁਖਪਾਲ ਸਿੰਘ ਗਿੱਲ ਅਬਿਆਣਾ ਕਲਾਂ

“ਦੇਹੁ ਸਜਣ ਅਸੀਸੜੀਆ, ਜਿਉ ਹੋਵੈ ਸਾਹਿਬ ਸਿਉ ਮੇਲੁ”
ਹਰ ਸਮਾਜ ਹਰ ਕਬੀਲੇ ਦੀ ਆਪਣੀ ਆਪਣੀ ਅਸੀਸ ਅਤੇ ਦੁਰਾ-ਅਸੀਸ ਹੁੰਦੀ ਹੈ। ਨਵੀਂ ਵਿਆਹੀ ਬਹੂ ਨੂੰ ਆਮ ਤੌਰ ਤੇ ਇਹ ਅਸੀਸ ਦਿੱਤੀ ਜਾਂਦੀ ਸੀ,”ਬੁੱਢ ਸੁਹਾਗਣ ਹੋਵੇ ਦੁੱਧੀਂ ਪੁੱਤੀਂ ਫ਼ਲੇ”ਇਸ ਤੋਂ ਇਲਾਵਾ ਹੋਰ ਅਸੀਸ ਹੈ “ਜੀਉਂਦਾ ਵੱਸਦਾ ਰਹਿ””ਲੰਬੀ ਉਮਰ ਹੋਵੇ”ਮੈਨੂੰ ਆਪਣੀ ਪੜ੍ਹਦਾਦੀ ਦੀ ਅਸੀਸ ਯਾਦ ਹੈ ਜਦੋਂ ਵੀ ਅਸੀਂ ਉਸ ਦੇ ਪੈਰੀਂ ਹੱਥ ਲਾਉਣੇ ਤਾਂ ਉਸ ਦੇ ਮੂੰਹੋਂ ਆਮ ਕਿਹਾ ਜਾਂਦਾ ਸੀ, “ਰੱਜ ਕੇ ਖਾਹ ਝਾੜ ਕੇ ਪੈਹਨ” ਕਈ ਮਕਰਖੋਰੇ ਤੇ ਮਕਰਖੋਰੀਆਂ ਜਾਣ ਬੁੱਝ ਕੇ ਅਸੀਸ ਨਹੀਂ ਦਿੰਦੀਆਂ ਉਹਨਾਂ ਨੂੰ ਇਹ ਲੱਗਦਾ ਹੁੰਦਾ ਹੈ ਕਿ ਸ਼ਾਇਦ ਮੇਰੀ ਅਸੀਸ ਪੂਰੀ ਹੋ ਜਾਣੀ ਹੈ,ਜਦਕਿ ਹੁੰਦਾ ਓਹੀ ਹੈ ਜੋ ਕੁਦਰਤ ਨੂੰ ਮੰਨਜੂਰ ਹੁੰਦਾ ਹੈ। ਕਈ ਜਾਣ ਬੁੱਝ ਦੁਰਾ-ਅਸੀਸਾ ਦਿੰਦੇ ਹਨ “ਕਿ ਸ਼ਾਇਦ ਕਾਵਾਂ ਦੇ ਕਹੇ ਤੇ ਢੱਗੇ ਮਰ ਜਾਣ”। ਅਸੀਸ ਦਾ ਫ਼ਲਸਫ਼ਾ ਭਾਰਤੀ ਸੰਸਕ੍ਰਿਤੀ ਵਿੱਚ ਉੱਤਮ ਅਤੇ ਪੁੱਖਤਾ ਮੰਨਿਆ ਜਾਂਦਾ ਹੈ।ਕਈ ਵਾਰ ਬੱਚਿਆਂ ਨੂੰ ਸਿੱਖਿਆ ਦੇਣ ਸਮੇਂ ਅਜਿਹਾ ਸਮਝਾਇਆ ਜਾਂਦਾ ਹੈ ਕਿ ਕਿਸੇ ਦੀ ਸੀਸ ਲੈਣੀ ਸਿੱਖੋ।ਹਮੇਸ਼ਾ ਅਸੀਸਾਂ ਨਾਲ ਲੈਂਦੇ ਰਹੋ। ਸਾਡੇ ਸਮਾਜੀਕਰਨ ਅਤੇ ਸੱਭਿਅਤਾ ਵਿੱਚ ਇਹ ਸਿਖਾਇਆ ਜਾਂਦਾ ਹੈ ਕਿ ਅਸੀਸ ਲੈਣੀ ਇਲਾਹੀ ਹੁਕਮ ਹੋ ਨਿਬੜਦਾ ਹੈ।
ਸਿਰ ਤੇ ਹੱਥ ਰੱਖ ਕੇ ਕਈ ਵਾਰ ਅਸੀਸ ਦਿੱਤੀ ਜਾਂਦੀ ਹੈ। ਕਈ ਵਾਰ ਪਿੱਠ ਥਾਪੜ ਕੇ ਵੀ ਅਸੀਸ ਦਿੱਤੀ ਜਾਂਦੀ ਹੈ।ਇੱਕ ਗੱਲ ਜਰੂਰ ਹੈ ਜਦੋਂ ਅਸੀਂ ਕਿਸੇ ਦੇ ਪੈਰੀ ਹੱਥ ਲਗਾ ਕੇ ਨਿਵਦੇ ਹਾਂ,ਤਾਂ ਜਰੂਰ ਮਨ ਵਿੱਚੋਂ ਅਗਲਾ ਬੰਦਾ ਅਸੀਸ ਦੇਣ ਲਈ ਮਜਬੂਰ ਹੋ ਜਾਂਦਾ ਹੈ। ਪੈਰੀਂ ਹੱਥ ਲਾਉਣ ਦਾ ਸੁਭਾਅ ਹੀ ਇਹ ਹੁੰਦਾ ਹੈ ਕਿ ਅਭਿਮਾਨ ਨੂੰ ਨੀਵਾਂ ਕਰਕੇ ਅਗਲੇ ਅੱਗੇ ਨਿਭਣਾ। ਪਿੰਡਾਂ ਵਿੱਚ ਆਮ ਤੌਰ ਤੇ ਕਈ ਤਰ੍ਹਾਂ ਦੇ ਲੋਕ ਮਿਲਦੇ ਹਨ।ਇੱਕ ਕਿਸਮ ਦੇ ਲੋਕ ਅਜਿਹੇ ਵੀ ਹੁੰਦੇ ਹਨ ਜਿਨਾਂ ਨੇ ਹਰ ਇੱਕ ਬੰਦੇ ਨੂੰ ਅਸੀਸ ਹੀ ਦੇਣੀ ਹੁੰਦੀ ਹੈ।ਅਜਿਹੇ ਬੰਦੇ ਦਾਨੇ ਅਤੇ ਦਰਵੇਸ਼ ਸੁਭਾਅ ਦੇ ਮਾਲਕ ਗਿਣੇ ਜਾਂਦੇ ਹਨ। ਕਾਸ਼ ਕਿਤੇ ਇਹਨਾਂ ਦੀ ਗਿਣਤੀ ਪਿੰਡਾਂ ਵਿੱਚ ਦੁਗਣੀ ਹੋ ਜਾਵੇ, ਇਸ ਨਾਲ ਈਰਖਾ ਦਵੈਤ ਭਾਵ ਅਤੇ ਅਹੰਕਾਰ ਮਿਟਣ ਦੀ ਗੁੰਜਾਇਸ਼ ਜਰੂਰ ਹੈ। ਅਸੀਸ ਦੇਣ ਲਈ ਬੰਦੇ ਦਾ ਸੁਭਾਅ ਸੰਸਕ੍ਰਿਤੀ ਅਤੇ ਸੱਭਿਅਤਾ ਮੁਤਾਬਕ ਘੜਿਆ ਹੋਣਾ ਚਾਹੀਦਾ ਹੈ। ਜਿਨਾਂ ਬੰਦਿਆਂ ਦੇ ਮੂੰਹ ਤੋਂ ਕਦੇ ਕਿਸੇ ਨੂੰ ਅਸੀਸ ਨਹੀਂ ਸੁਣੀ, ਪਿੰਡ ਵਿੱਚ ਵੀ ਉਹ ਬੰਦੇ ਲੋਕਾਂ ਦੀ ਲਿਸਟ ਵਿੱਚ ਹੁੰਦੇ ਹਨ।ਅਜਿਹੇ ਬੰਦੇ ਦੇ ਮੱਥੇ ਲੱਗਣਾ ਗੁਨਾਹ ਸਮਝ ਲਿਆ ਜਾਂਦਾ ਹੈ।
ਅਸੀਸ ਕਦੇ ਵੀ ਮਜਬੂਰੀ ਵਸ ਨਹੀਂ ਦਿੱਤੀ ਜਾਂਦੀ। ਬਾਰਿਸ਼ ਦੀਆਂ ਕਣੀਆਂ ਵਾਂਗ ਆਪ ਮੁਹਾਰੇ ਹੀ ਦਾਨਸ਼ਵਰਾਂ ਦੇ ਮੁੱਖ ਤੋਂ ਨਿਕਲ ਜਾਂਦੀ ਹੈ। ਜਿਨਾਂ ਲੋਕਾਂ ਨੂੰ ਅਸੀਸ ਦੇਣੀ ਆ ਗਈ ਸਮਝ ਲਓ ਉਹਨਾਂ ਨੂੰ ਸਮਾਜ ਦਾ ਗਿਆਨ ਹੋ ਗਿਆ। ਸਮਝ ਲਵੋ ਉਹਨਾਂ ਲੋਕਾਂ ਵਿੱਚ ਸਮਾਜੀਕਰਨ ਦੀ ਅਤੇ ਸਦਾਚਾਰ ਦੀ ਕਮੀ ਨਹੀਂ ਹੈ ਜ਼ੋ ਮੁਖਾਰਬਿੰਦ ਤੋਂ ਅਸੀਸਾਂ ਦਿੰਦੇ ਹਨ।ਮਾਨਵ ਜਾਤੀ ਲਈ ਅਸੀਸ ਸਦਗੁਣਾਂ ਦਾ ਪੱਖ ਪ੍ਰਦਰਸ਼ਨ ਕਰਦਾ ਹੈ। ਡਾਕਟਰ ਦੀਵਾਨ ਸਿੰਘ ਕਾਲੇਪਾਣੀ ਦੇ ਹੇਠ ਲਿਖ ਬੋਲਾਂ ਵਿੱਚ ਅਸੀਸ ਦਾ ਅੰਤਰੀਵ ਭਾਵ ਸਮਝਿਆ ਜਾ ਸਕਦਾ ਹੈ
“ਦਿਓ- ਕਿ ਵਧੋਗੇ
ਵੰਡੋ -ਨਾਮੁੱਕੋਗੇ
ਖੁਆਓ- ਕਿ ਖਾਓਗੇ
ਜਿਉਣ ਦਿਓ- ਕਿ ਜੀਵੋਗੇ”
ਅਸੀਸ ਹਰ ਮਜ਼ਹਬ ਅਤੇ ਵਰਗ ਦੇ ਬੰਦੇ ਨੂੰ ਦਿੱਤੀ ਜਾ ਸਕਦੀ ਹੈ। ਇਸ ਤੋਂ ਵੱਡਾ ਹੋਰ ਕੋਈ ਧਰਮ ਹੀ ਨਹੀਂ ਹੋ ਸਕਦਾ। ਅਸੀਸ ਦਾਨ ਵਾਂਗ ਹੀ ਵੱਧਦੀ ਫੁੱਲਦੀ ਹੈ ਜੇ ਕਿਸੇ ਨੂੰ ਦੁਰਸੀਸ ਦੇ ਦਿੱਤੀ ਜਾਵੇ ਤਾਂ ਉਸਦੇ ਮਨ ਤੇ ਅਸਰ ਜ਼ਰੂਰ ਹੋ ਜਾਂਦਾ ਹੈ ਅਤੇ ਉਹ ਆਪਣੇ ਨਾਲ ਅਣਹੋਣੀ ਦੀ ਘਟਨਾ ਨੂੰ ਨਾਲ ਲੈ ਕੇ ਚੱਲਦਾ ਹੈ। ਪਰਮਾਤਮਾ ਕਰੇ ਕਿ ਅਸੀਸ ਸਭ ਨੂੰ ਲੱਗੇ ਦੁਰਾ-ਅਸੀਸ ਕਿਸੇ ਨੂੰ ਨਾ ਲੱਗੇ। ਉੰਝ ਵੀ ਧਰਮ ਗਿਆਨ ਵਿੱਚ ਸਿੱਖਿਆ ਮਿਲਦੀ ਹੈ ਕਿ ਮਨੁੱਖਤਾ ਜਾਤੀ ਕੋਲ ਦੇਣ ਲਈ ਬਹੁਤ ਕੁਝ ਹੈ। ਅਮੁੱਕ ਹੈ।ਮਨੁੱਖਤਾ ਵਿੱਚ ਪਰਮਾਤਮਾ ਲੁਕਿਆ ਹੋਇਆ ਹੈ ਇਸ ਲਈ ਅਸੀਸਾਂ ਦੇ ਦੇ ਕੇ ਵੀ ਤੁਸੀਂ ਆਪਣੇ ਕੋਲੋਂ ਕੁਝ ਵੀ ਗਵਾ ਨਹੀਂ ਸਕਦੇ। ਬਲਕਿ ਦੁਰਾ-ਅਸੀਸ ਨਾਲ ਆਪਣੀ ਸ਼ਖਸ਼ੀਅਤ ਦਾ ਸਰਬਨਾਸ਼ ਕਰ ਲੈਂਦੇ ਹਨ। ਦੁਰਾ-ਸੀਸ ਮਨ ਤੇ ਬੋਝ ਵਾਂਗ ਰਹਿੰਦੀ ਹੈ।
ਅਸੀਸ ਦੇਣ ਵਾਲੇ ਦੇ ਅੰਦਰ ਗਿਆਨ ਦਾ ਚਸ਼ਮਾ ਫੁੱਟਦਾ ਹੈ। ਦਾਨ ਅਤੇ ਦਇਆ ਦਾ ਭੰਡਾਰ ਹੁੰਦਾ ਹੈ ਅਜਿਹੇ ਬੰਦੇ ਧਰਤੀ ਤੇ ਬੋਝ ਨਹੀਂ ਹੁੰਦੇ ਇਸ ਸਬੰਧੀ ਲਾਲਾ ਧਨੀਰਾਮ ਚਾਤਰਿਕ ਦੀ ਕਵਿਤਾ ਢੁੱਕਵੀਂ ਹੈ:-
“ਰੱਬੀ ਸਿਫਤ ਰਹਿਮ ਤੇ ਚਸ਼ਮ, ਵਾਹ ਤੇਰੀ
ਵਡਿਆਈ
ਜੱਗ ਹੋਮ ਇਸ਼ਨਾਨ ਧਿਆਨ ਨੇ ਓੜਕ ਤੈਥੋਂ ਪਾਈ,
ਖੋਟੇ ਖਰੇ ਖਰੂਦੀ ਖੱਲ ਨੂੰ ਬਖਸ਼ਿਸ਼ ਦੇ ਦਰ ਖੋਲੇ,
ਕਰਮ ਧਰਮ ਸਭ ਧੋਥੇ ਧਾਈਂ,ਦਯਾ ਨਾ ਜਿਸ ਮਨ ਆਈ”
ਮਨੁੱਖਤਾ ਦੇ ਜੀਵਨ ਦਾ ਮਨੋਰਥ ਆਪਣੇ ਆਪ ਨੂੰ ਕੁਝ ਪਾਣਾ ਅਤੇ ਕਿਸੇ ਨੂੰ ਅਸੀਸ ਦੇ ਕੇ ਤਾਰਨ ਦੇ ਸਮਰੱਥ ਹੋਣਾ ਚਾਹੀਦਾ ਹੈ । ਸਾਡੀ ਸ਼ਖਸ਼ੀਅਤ ਵਿੱਚੋਂ ਹੀ ਅਸੀਸ ਝਲਕਨੀ ਚਾਹੀਦੀ ਹੈ।ਇਸ ਨਾਲ ਬੰਦਾ ਨੇਕ ਅਤੇ ਸਦਗੁਣਾਂ ਵਾਲਾ ਲੱਗੇਗਾ। ਅਸੀਸ ਮਨੁੱਖੀ ਪਿੰਜਰ ਦਾ ਅੰਦਰ ਦਾ ਚਰਿੱਤਰ ਬਾਹਰ ਕੱਢਦੀ ਹੈ। ਇਨਸਾਨ ਨੂੰ ਸਮਝਣਾ ਚਾਹੀਦਾ ਹੈ ਕਿ ਮਨੁੱਖੀ ਜਾਮਾ ਕੋਈ ਸੁਪਨਾ ਨਹੀਂ ਹੈ ਬਲਕਿ ਇਹ ਇੱਕ ਫਰਜ਼ ਅਦਾ ਕਰਨ ਲਈ ਮਿਲਿਆ ਹੈ।ਅਸੀਸ ਕਦੇ ਬਦਲਦੀ ਨਹੀਂ ਜਦ ਕਿ ਮਨੁੱਖ ਅਤੇ ਮਨੁੱਖੀ ਸੁਭਾਅ ਬਦਲ ਚੁੱਕਾ ਹੈ। ਇੱਕ ਤਰ੍ਹਾਂ ਦਾ ਅਸੀਸ ਦੇਣ ਦਾ ਕਲਚਰ ਸਾਡੇ ਸਮਾਜ ਵਿੱਚੋਂ ਮੁੱਕਦਾ ਜਾਂਦਾ ਹੈ ਇਸ ਵਿੱਚ ਸਭ ਤੋਂ ਵੱਡਾ ਅਹੰਕਾਰ ਬੰਦੇ ਵਿੱਚ ਪੜ੍ਹਾਈ ਲਿਖਾਈ ਦਾ ਬੜਿਆ ਹੋਣਾ ਹੈ।ਜਦੋਂ ਕਿ ਸਾਡੀ ਪਵਿੱਤਰ ਸੰਸਕ੍ਰਿਤੀ ਦਾ ਅਸੀਸ ਦੇਣਾ ਇੱਕ ਪਵਿੱਤਰ ਵਰਕਾ ਹੈ। ਇਸ ਲਈ ਹਮੇਸ਼ਾ ਅਸੀਸਾਂ ਦਿਓ ਅਤੇ ਅਸੀਸਾਂ ਲਓ ਇਸ ਨਾਲ ਇਸ ਨਾਲ ਚਰਿੱਤਰ ਨਿਰਮਾਣ ਅਤੇ ਸ਼ਖਸ਼ੀਅਤ ਵਿੱਚ ਨਿਖਾਰ ਆਉਂਦਾ ਹੈ।
ਸੁਖਪਾਲ ਸਿੰਘ ਗਿੱਲ ਅਬਿਆਣਾ ਕਲਾਂ
9878111445