ਟਾਪਪੰਜਾਬ

‘ਆਪ’ ਵਿਧਾਇਕ ਲਾਲਪੁਰਾ ਦਾ ਦੋਸ਼ੀ ਕਰਾਰ ਹੋਣਾ ‘ਆਪ’ ਦੇ ਗੁੰਡਾ-ਤੰਤਰ ‘ਤੇ ਅਦਾਲਤੀ ਮੋਹਰ, ਮੁੱਖ ਮੰਤਰੀ ਤੁਰੰਤ ਅਸਤੀਫ਼ਾ ਲੈਣ – ਬ੍ਰਹਮਪੁਰਾ

ਤਰਨ ਤਾਰਨ – ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਅਤੇ ਹਲਕਾ ਖਡੂਰ ਸਾਹਿਬ ਦੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਅੱਜ ‘ਆਪ’ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ ਅਦਾਲਤ ਵੱਲੋਂ 2013 ਦੇ ਇੱਕ ਕੇਸ ਵਿੱਚ ਦੋਸ਼ੀ ਕਰਾਰ ਦਿੱਤੇ ਜਾਣ ਨੂੰ ‘ਆਪ’ ਸਰਕਾਰ ਦੇ ਅਸਲ ਅਪਰਾਧਿਕ ਚਰਿੱਤਰ ਦਾ ਪਰਦਾਫਾਸ਼ ਕਰਾਰ ਦਿੱਤਾ ਹੈ। ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕੀਤੀ ਹੈ ਕਿ ਉਹ ਲਾਲਪੁਰਾ ਦਾ ਤੁਰੰਤ ਅਸਤੀਫ਼ਾ ਲੈ ਕੇ ਉਸਨੂੰ ਪਾਰਟੀ ਵਿੱਚੋਂ ਬਰਖਾਸਤ ਕਰਨ।
ਇੱਥੇ ਜਾਰੀ ਇੱਕ ਬਿਆਨ ਵਿੱਚ, ਸ. ਬ੍ਰਹਮਪੁਰਾ ਨੇ ਕਿਹਾ, “ਅਦਾਲਤ ਦੇ ਇਸ ਫੈਸਲੇ ਨੇ ਸਿਰਫ਼ ਲਾਲਪੁਰਾ ਨੂੰ ਹੀ ਨਹੀਂ, ਸਗੋਂ ‘ਆਪ’ ਦੇ ‘ਕੱਟੜ ਇਮਾਨਦਾਰ’ ਦੇ ਉਸ ਨਕਾਬ ਨੂੰ ਵੀ ਦੋਸ਼ੀ ਠਹਿਰਾਇਆ ਹੈ, ਜਿਸ ਪਿੱਛੇ ਅਪਰਾਧ ਅਤੇ ਗੁੰਡਾਗਰਦੀ ਦਾ ਇੱਕ ਪੂਰਾ ਸਿਸਟਮ ਪਲ ਰਿਹਾ ਹੈ। ਇੱਕ ਦਲਿਤ ਪਰਿਵਾਰ ‘ਤੇ ਜ਼ੁਲਮ ਕਰਨ ਦੇ ਮਾਮਲੇ ਵਿੱਚ ਦੋਸ਼ੀ ਪਾਏ ਜਾਣ ਤੋਂ ਬਾਅਦ, ਲਾਲਪੁਰਾ ਨੇ ਵਿਧਾਨ ਸਭਾ ਦੇ ਪਵਿੱਤਰ ਸਦਨ ਵਿੱਚ ਬੈਠਣ ਦਾ ਹਰ ਨੈਤਿਕ ਅਧਿਕਾਰ ਗੁਆ ਦਿੱਤਾ ਹੈ।
ਮੁੱਖ ਮੰਤਰੀ ਭਗਵੰਤ ਮਾਨ ਅਤੇ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ‘ਤੇ ਤਿੱਖਾ ਹਮਲਾ ਕਰਦਿਆਂ, ਸ੍ਰ. ਬ੍ਰਹਮਪੁਰਾ ਨੇ ਕਿਹਾ, “ਮੁੱਖ ਮੰਤਰੀ ਭਗਵੰਤ ਮਾਨ ਅਤੇ ਉਨ੍ਹਾਂ ਦੇ ਦਿੱਲੀ ਦੇ ਬੌਸ ਅਰਵਿੰਦ ਕੇਜਰੀਵਾਲ ਹੁਣ ਪੰਜਾਬ ਦੇ ਲੋਕਾਂ ਨੂੰ ਜਵਾਬ ਦੇਣ ਕਿ ਉਨ੍ਹਾਂ ਦੀ ਸਰਕਾਰ ਅਪਰਾਧੀਆਂ ਲਈ ਸੁਰੱਖਿਅਤ ਪਨਾਹਗਾਹ ਕਿਉਂ ਬਣ ਗਈ ਹੈ? ਕੀ ‘ਬਦਲਾਅ’ ਦਾ ਨਾਅਰਾ ਅਪਰਾਧੀਆਂ ਨੂੰ ਸਿਆਸੀ ਸ਼ਕਤੀ ਦੇਣ ਦੀ ਗਾਰੰਟੀ ਸੀ? ਇੱਕ ਦੋਸ਼ੀ ਕਰਾਰ ਵਿਅਕਤੀ ਦਾ ਵਿਧਾਨ ਸਭਾ ਵਿੱਚ ਬੈਠਣਾ ਪੰਜਾਬ ਦੇ ਲੋਕਾਂ ਦੇ ਫਤਵੇ ਦਾ ਸਿੱਧਾ ਅਪਮਾਨ ਹੈ।
ਸ੍ਰ. ਬ੍ਰਹਮਪੁਰਾ ਨੇ ਕਿਹਾ ਕਿ ਇਹ ਫੈਸਲਾ ਉਨ੍ਹਾਂ ਦੇ ਉਨ੍ਹਾਂ ਖਦਸ਼ਿਆਂ ਦੀ ਪੁਸ਼ਟੀ ਕਰਦਾ ਹੈ ਜੋ ਉਨ੍ਹਾਂ ਨੇ ਮਾਣਯੋਗ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਨੂੰ ਲਿਖਤੀ ਸ਼ਿਕਾਇਤ ਵਿੱਚ ਜ਼ਾਹਰ ਕੀਤੇ ਸਨ। ਉਨ੍ਹਾਂ ਕਿਹਾ, ਗੈਰ-ਕਾਨੂੰਨੀ ਮਾਈਨਿੰਗ ਮਾਫ਼ੀਆ, ਸਬ-ਇੰਸਪੈਕਟਰ ਦੇ ਕਤਲ ਦੇ ਮੁਲਜ਼ਮਾਂ ਦੀ ਪੁਸ਼ਤ-ਪਨਾਹੀ ਅਤੇ ਸਰਹੱਦ ਪਾਰ ਨਸ਼ਾ ਅਤੇ ਹਥਿਆਰ ਤਸਕਰੀ ਦੇ ਸਬੰਧ, ਇਹ ਸਭ ਇੱਕੋ ਮਾਲਾ ਦੇ ਮਣਕੇ ਹਨ। ਇਹ ਸਾਬਤ ਕਰਦਾ ਹੈ ਕਿ ਇਹ ‘ਆਪ’ ਸਰਕਾਰ ਦੀ ਸਰਪ੍ਰਸਤੀ ਹੇਠ ਚੱਲ ਰਿਹਾ ਇੱਕ ਸੰਗਠਿਤ ਅਪਰਾਧ-ਤੰਤਰ ਹੈ।
ਸ੍ਰ. ਬ੍ਰਹਮਪੁਰਾ ਨੇ ਜ਼ੋਰ ਦੇ ਕੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਇਸ ਮਾਮਲੇ ਵਿੱਚ ਕਿਸੇ ਵੀ ਤਰ੍ਹਾਂ ਦੀ ਲੀਪਾ-ਪੋਤੀ ਬਰਦਾਸ਼ਤ ਨਹੀਂ ਕਰੇਗਾ। ਉਨ੍ਹਾਂ ਨੇ ਇੱਕਸੁਰ ਵਿੱਚ ਮੰਗ ਕੀਤੀ ਕਿ ਮਨਜਿੰਦਰ ਸਿੰਘ ਲਾਲਪੁਰਾ ਨੂੰ ਤੁਰੰਤ ਵਿਧਾਨ ਸਭਾ ਤੋਂ ਬਰਖਾਸਤ ਕੀਤਾ ਜਾਵੇ, ‘ਆਪ’ ਹਾਈਕਮਾਨ ਉਸਨੂੰ ਪਾਰਟੀ ਵਿੱਚੋਂ ਕੱਢੇ ਅਤੇ ਮੁੱਖ ਮੰਤਰੀ ਭਗਵੰਤ ਮਾਨ ਇਸ ਗੰਭੀਰ ਗਲਤੀ ਲਈ ਨੈਤਿਕ ਜ਼ਿੰਮੇਵਾਰੀ ਲੈਂਦੇ ਹੋਏ ਪੰਜਾਬ ਦੇ ਲੋਕਾਂ ਤੋਂ ਜਨਤਕ ਤੌਰ ‘ਤੇ ਮੁਆਫੀ ਮੰਗਣ।
ਅੰਤ ਵਿੱਚ ਸ੍ਰ. ਬ੍ਰਹਮਪੁਰਾ ਨੇ ਚੇਤਾਵਨੀ ਦਿੱਤੀ ਕਿ ਜੇਕਰ ਮੁੱਖ ਮੰਤਰੀ ਨੇ ਇਸ ਮਾਮਲੇ ਵਿੱਚ ਕੋਈ ਢਿੱਲ ਵਰਤੀ ਤਾਂ ਇਹ ਸਪੱਸ਼ਟ ਹੋ ਜਾਵੇਗਾ ਕਿ ਇਹ ਗੁੰਡਾ-ਤੰਤਰ ਸਿੱਧਾ ਚੰਡੀਗੜ੍ਹ ਤੋਂ ਚੱਲ ਰਿਹਾ ਹੈ ਅਤੇ ਇਹ ਸਾਰੇ ਇੱਕੋ ਥਾਲੀ ਦੇ ਚੱਟੇ ਵੱਟੇ ਹਨ

Leave a Reply

Your email address will not be published. Required fields are marked *